ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦਾ ਸੜਕ ਹਾਦਸੇ ਵਿੱਚ ਦੇਹਾਤ


ਪਟਿਆਲਾ, 11 ਜਨਵਰੀ, (ਪੋਸਟ ਬਿਊਰੋ)- ਕੌਮੀ ਪੱਧਰ ਦੇ ਪਛਿਾਣ ਵਾਲੇ ਰੁਸਤਮ-ਏ-ਹਿੰਦ ਪਹਿਲਵਾਨ ਕੇਸਰ ਸਿੰਘ ਚੀਮਾ ਅਖਾੜੇ ਦੇ ਸੰਚਾਲਕ ਅਤੇ ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ ਕੱਲ੍ਹ ਸੜਕ ਹਾਦਸੇ ਵਿੱਚ ਵਿਛੋੜਾ ਦੇ ਗਏ। ਉਹ ਕਰੀਬ 67 ਸਾਲਾਂ ਦੇ ਸਨ। ਦੱਖਣੀ ਬਾਈਪਾਸ ਉੱਤੇ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਸਾਲ 1974 ਦੀਆਂ ਤਹਿਰਾਨ ਏਸ਼ੀਅਨ ਖੇਡਾਂ ਵਿਚ ਸੁਖਚੈਨ ਸਿੰਘ ਚੀਮਾ ਨੇ ਕਾਂਸੀ ਤਗਮਾ ਜਿੱਤ ਕੇ ਖੇਡ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਸੀ। ਉਹ ਰੁਸਤਮ-ਏ-ਯੂਰਪ (ਬਰਮਿੰਘਮ) ਅਤੇ ਪੰਜਾਬ ਕੇਸਰੀ (ਅਨੰਦਪੁਰ ਸਾਹਿਬ) ਖ਼ਿਤਾਬ ਦੇ ਜੇਤੂ ਵੀ ਰਹੇ। ਉਨ੍ਹਾਂ ਨੇ ਐਨ ਆਈ ਐੱਸ ਪਟਿਆਲਾ ਤੋਂ ਡਿਪਲੋਮਾ ਇਨ ਕੋਚਿੰਗ ਪਾਸ ਕੀਤਾ ਤੇ ਕੁਝ ਸਾਲ ਪਹਿਲਾਂ ਸੀਮਾ ਸੁਰੱਖਿਆ ਬਲ ਵਿੱਚੋਂ ਸਹਾਇਕ ਕਮਾਡੈਂਟ ਵਜੋਂ ਸੇਵਾਮੁਕਤ ਹੋਏ। ਫਿਰ ਉਨ੍ਹਾਂ ਨੇ ਆਪਣੇ ਪੁਸ਼ਤੈਨੀ ਕੁਸ਼ਤੀ ਅਖਾੜੇ ਨੂੰ ਸਰਗਰਮ ਕੀਤਾ ਤੇ ਤਿੰਨ ਹਜ਼ਾਰ ਦੇ ਕਰੀਬ ਪਹਿਲਵਾਨ ਪੈਦਾ ਕੀਤੇ। ਇਨ੍ਹਾਂ ਪ੍ਰਾਪਤੀਆਂ ਸਦਕਾ ਸੰਨ 2003 ਵਿਚ ਸੁਖਚੈਨ ਸਿੰਘ ਚੀਮਾ ਨੂੰ ਭਾਰਤ ਸਰਕਾਰ ਨੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਉਹ ਭਾਰਤ ਦੀ ਕੌਮੀ ਟੀਮ ਦੇ ਕੋਚ ਵੀ ਰਹੇ ਸਨ।
ਸੁਖਚੈਨ ਚੀਮਾ ਦੀ ਬੇਵਕਤੀ ਮੌਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਦੇ ਵਿਛੋੜੇ ਨਾਲ ਪੰਜਾਬ ਅਤੇ ਭਾਰਤੀ ਕੁਸ਼ਤੀ ਦੇ ਖੇਤਰ ਵਿਚ ਵੱਡਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਿਲ ਹੈ।