ਦਰਸ਼ਨ ਕੰਗ ਨੇ ਲਿਬਰਲ ਕਾਕਸ ਤੋਂ ਦਿੱਤਾ ਅਸਤੀਫਾ

1200px-Darshan_Kang_(crop)ਕੈਲਗਰੀ, 1 ਸਤੰਬਰ (ਪੋਸਟ ਬਿਊਰੋ) : ਆਪਣੇ ਆਫਿਸ ਵਿੱਚ ਇੱਕ ਜਵਾਨ ਮਹਿਲਾ ਸਟਾਫਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਲਗਰੀ ਦੇ ਐਮਪੀ ਦਰਸ਼ਨ ਕੰਗ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਜਿ਼ਕਰਯੋਗ ਹੈ ਕਿ ਦਰਸ਼ਨ ਕੰਗ ਨੂੰ ਉਸ ਸਮੇਂ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਹੋਰ ਮਹਿਲਾ ਸਟਾਫਰ ਨੇ ਉਸ ਉੱਤੇ ਜਿਨਸੀ ਤੌਰ ਉੱਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ।
ਕੰਗ ਨੇ ਅਸਤੀਫਾ ਦੇਣ ਸਬੰਧੀ ਸਫਾਈ ਦਿੰਦਿਆਂ ਆਖਿਆ ਕਿ ਉਹ ਅਜਿਹਾ ਇਸ ਲਈ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਨਾਂ ਉੱਤੇ ਲੱਗੇ ਇਸ ਦਾਗ ਨੂੰ ਸਾਫ ਕਰਨ ਉੱਤੇ ਧਿਆਨ ਕੇਂਦਰਿਤ ਕਰ ਸਕਣ। ਕੰਗ ਨੇ ਇਹ ਵੀ ਆਖਿਆ ਕਿ ਉਹ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਤੋਂ ਲੋਕਾਂ ਦਾ ਧਿਆਨ ਨਹੀਂ ਹਟਾਉਣਾ ਚਾਹੁੰਦੇ।
ਕੰਗ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਹਰ ਕੀਮਤ ਉੱਤੇ ਆਪਣੀ ਸਾਖ਼ ਨੂੰ ਬਚਾਉਣ ਦਾ ਤਹੱਈਆ ਪ੍ਰਗਟਾਇਆ। ਜਿਹੜੀ ਔਰਤ ਸਾਹਮਣੇ ਆਈ ਹੈ ਉਹ ਕੰਗ ਦੇ ਕੈਲਗਰੀ ਕਾਂਸਟੀਚਿਊਸ਼ਨਲ ਆਫਿਸ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਐਨਡੀਪੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਕੰਗ ਨੂੰ ਕਾਕਸ ਤੋਂ ਸਸਪੈਂਡ ਕਰਨ ਦੀ ਮੰਗ ਕੀਤੀ ਸੀ। ਪਰ ਟਰੂਡੋ ਨੇ ਆਖਿਆ ਕਿ ਇਹ ਮਸਲਾ ਅਜਿਹੇ ਮਾਮਲੇ ਸੁਲਝਾਉਣ ਲਈ ਪਿੱਛੇ ਜਿਹੇ ਤਿਆਰ ਕੀਤੀ ਗਈ ਅਜ਼ਾਦਾਨਾ ਪ੍ਰਕਿਰਿਆ ਤਹਿਤ ਹੀ ਹੱਲ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ 2014 ਵਿੱਚ ਹਾਊਸ ਆਫ ਕਾਮਨਜ਼ ਵੱਲੋਂ ਅਪਣਾਈ ਗਈ ਪ੍ਰਕਿਰਿਆ ਤਹਿਤ ਜਦੋਂ ਇਸ ਤਰ੍ਹਾਂ ਦੀ ਸਿ਼ਕਾਇਤ ਦਾ ਕੋਈ ਹੱਲ ਨਾ ਨਿਕਲਦਾ ਹੋਵੇ, ਉਦੋਂ ਤੱਥਾਂ ਦੀ ਜਾਂਚ ਕਰਨ ਲਈ ਇੱਕ ਬਾਹਰੀ ਜਾਂਚਕਾਰ ਦੀਆਂ ਸੇਵਾਵਾਂ ਲਈਆਂ ਜਾਣ। ਜੇ ਫਿਰ ਵੀ ਜਾਂਚਕਾਰ ਦੀ ਫਾਈਨਲ ਰਿਪੋਰਟ ਤੋਂ ਸਿ਼ਕਾਇਤਕਰਤਾ ਸੰਤੁਸ਼ਟ ਨਾ ਹੋਵੇ ਤਾਂ ਉਹ ਅਪੀਲ ਵੀ ਕਰ ਸਕਦਾ ਹੈ। ਅਪੀਲ ਤਹਿਤ ਇੱਕ ਪੈਨਲ ਕਾਇਮ ਕੀਤਾ ਜਾਵੇਗਾ ਜਿਸ ਦਾ ਇੱਕ ਮੈਂਬਰ ਸਿ਼ਕਾਇਤਕਰਤਾ ਦੀ ਪਸੰਦ ਦਾ, ਇੱਕ ਪ੍ਰਤੀਵਾਦੀ ਵੱਲੋਂ ਤੇ ਇੱਕ ਬਾਹਰੀ ਮਾਹਿਰ ਨੂੰ ਨਿਯੁਕਤ ਕੀਤਾ ਜਾਵੇਗਾ।
ਵੀਰਵਾਰ ਰਾਤ ਨੂੰ ਕੰਗ ਨੇ ਆਖਿਆ ਕਿ ਉਹ ਇਸ ਗੱਲ ਲਈ ਸੁ਼ਕਰਗੁਜ਼ਾਰ ਹਨ ਕਿ ਪਾਰਲੀਆਮੈਂਟ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਇਹੋ ਜਿਹਾ ਪ੍ਰਬੰਧ ਕੀਤਾ ਹੈ।