ਦਮਦਮਾ ਸਾਹਿਬ ਦੇ ਜਥੇਦਾਰ ਨੇ ਚੁੱਪ ਤੋੜੀ: ਸੱਚਾ ਸੌਦਾ ਦੇ ਡੇਰਾ ਮੁਖੀ ਨੂੰ ਮੁਆਫੀ ਦੇ ਕੇਸ ਵਿੱਚ ਬਾਦਲਾਂ ਨੂੰ ਦੋਸ਼ੀ ਆਖਿਆ

gurmukh* ਕਈ ਲੁਕਵੇਂ ਪੱਖਾਂ ਦੀ ਗੰਢ ਖੋਲ੍ਹਣ ਦਾ ਦਾਅਵਾ ਕਰਦੇ ਖੁਲਾਸੇ ਕੀਤੇ
ਅੰਮ੍ਰਿਤਸਰ, 19 ਅਪ੍ਰੈਲ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਨਾਲ ਸੁਰਖ਼ੀਆਂ ਵਿੱਚ ਆਏ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗੁਰਮੁਖ ਸਿੰਘ ਨੇ ਕਰੀਬ ਡੇਢ ਸਾਲ ਬਾਅਦ ਅਪਣੀ ਭੇਤ ਭਰੀ ਚੁੱਪੀ ਤੋੜਦੇ ਹੋਏ ਓਦੋਂ ਦੇ ਹਾਲਾਤ ਬਾਰੇ ਦਸਿਆ ਕਿ ਰਾਜਨੀਤਕ ਆਗੂ ਅਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਣ ਨੂੰ ਧਰਮ ਦਾ ਸਹਾਰਾ ਕਿਵੇਂ ਲੈਂਦੇ ਹਨ।
ਅਪਣੇ ਘਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਈ ਗੁਰਮੁਖ ਸਿੰਘ ਨੇ ਅੱਜ ਭਰੇ ਹੋਏ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਣ ਵਿਚ ਬੋਲਦਾ ਨਾਮ ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਦੇ ਕਾਰਨ ਵਾਰ-ਵਾਰ ਉਛਾਲਿਆ ਗਿਆ ਹੈ, ਪਰ ਇਹ ਸੱਚ ਨਹੀਂ। ਉਨ੍ਹਾ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ ਦਾ ਸਾਰਾ ਡਰਾਮਾ ਪਹਿਲਾਂ ਰਚਿਆ ਜਾ ਚੁੱਕਾ ਸੀ। ਸਾਰੀ ਗੱਲ ਤੈਅ ਕਰ ਕੇ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾ ਕੇ ਫ਼ੌਰਨ ਮੁਆਫ਼ੀ ਪ੍ਰਕਿਰਿਆ ਪੂਰੀ ਕਰਨ ਦਾ ਸਰਕਾਰੀ ਹੁਕਮ ਚਾੜ੍ਹ ਦਿਤਾ ਗਿਆ। ਗੁਰਮੁਖ ਸਿੰਘ ਨੇ ਕਿਹਾ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਦਮਦਮਾ ਸਾਹਿਬ ਸਨ ਤਾਂ ਉਨ੍ਹਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਦਾ ਫ਼ੋਨ ਆਇਆ ਕਿ ਸਵੇਰੇ ਅਸੀ ਚੰਡੀਗੜ੍ਹ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲਤ ਵਿਚ ਅੰਮ੍ਰਿਤਸਰ ਆ ਜਾਉ। ਉਨ੍ਹਾ ਨੇ ਯਾਦ ਕਰਦਿਆਂ ਕਿਹਾ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿਥੋਂ ਉਹ ਸਾਰੇ ਗਿਆਨੀ ਗੁਰਬਚਨ ਸਿੰਘ ਦੀ ਕਾਰ ਰਾਹੀਂ ਚੰਡੀਗੜ੍ਹ ਗਏ ਅਤੇ 16 ਸਤੰਬਰ 2015 ਨੂੰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਉਹ (ਗੁਰਮੁਖ ਸਿੰਘ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਗਏ। ਓਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਸਨ। ਗੁਰਮੁਖ ਸਿੰਘ ਨੇ ਦਸਿਆ ਕਿ ਰਸਮੀ ਗੱਲਬਾਤ ਤੋਂ ਬਾਅਦ ਵੱਡੇ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਗੱਲ ਲਈ ਸਿੰਘ ਸਾਹਿਬਾਨ ਨੂੰ ਸੱਦਿਆ ਹੈ, ਉਹ ਕਰੋ।
ਫਿਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵਲ ਇਕ ਪੱਤਰ ਵਧਾ ਕੇ ਕਿਹਾ ਕਿ ਇਸ ਉੱਤੇ ਤੁਰੰਤ ਕਾਰਵਾਈ ਕਰ ਕੇ ਇਹ ਮਾਮਲਾ ਰਫ਼ਾ ਦਫ਼ਾ ਕਰੋ। ਗੁਰਮੁਖ ਸਿੰਘ ਨੇ ਦਸਿਆ ਕਿ ਹਿੰਦੀ ਵਿਚ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀ ਸਾਰੇ ਸਿੰਘ ਸਾਹਿਬਾਨ ਪੱਤਰ ਵੇਖ ਕੇ ਸੋਚੀਂ ਪੈ ਗਏ। ਅਸੀਂ ਮਹਿਸੂਸ ਕਰ ਰਹੇ ਸੀ ਕਿ ਸਾਡੇ ਤੋਂ ਇਹ ਕੇਸ ਤੇਜ਼ੀ ਨਾਲ ਹੱਲ ਕਰਾਉਣ ਹੋ ਰਹੀ ਹੈ। ਪੱਤਰ ਪੜ੍ਹ ਤੇ ਸੁਣ ਲੈਣ ਪਿੱਛੋਂ ਗਿਆਨੀ ਗੁਬਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਕਿਹਾ ਕਿ ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੁਚਾਉ, ਇਸ ਉੱਤੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਤਦੇ ਕੀਤੀ ਜਾਵੇਗੀ। ਉਥੇ ਹੀ ਇਹ ਵਿਚਾਰ ਹੋਈ ਕਿ ਇਸ ਪੱਤਰ ਦੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰਾਂ ਦੀ ਪਹਿਲੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਜਾਰੀ ਕਰ ਦਿਤਾ ਜਾਵੇਗਾ। ਅਸੀਂ ਕਿਹਾ ਕਿ ਇਸ ਨਾਲ ਕੌਮ ਦੀਆਂ ਭਾਵਨਾਵਾਂ ਜੁੜੀਆਂ ਹਨ, ਇਸ ਲਈ ਇਸ ਉੱਤੇ ਕਾਹਲ ਦੀ ਬਜਾਏ ਥੋੜਾ ਸਮਾਂ ਦਿਤਾ ਜਾਵੇ ਤਾਂ ਕਿ ਫ਼ੈਸਲੇ ਉੱਤੇ ਘਟੋ-ਘੱਟ ਕੌਮੀ ਰਾਏ ਬਣਾਈ ਜਾ ਸਕੇ।
ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਇਸ ਵਿੱਚ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਉੱਤੇ ਜਿੰਨਾ ਜਲਦੀ ਹੋ ਸਕੇ, ਤੁਸੀ ਫ਼ੈਸਲਾ ਸੁਣਾਉ। ਅਸੀਂ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿੱਠੀ ਨੂੰ ਪਹਿਲਾਂ ਅਕਾਲ ਤਖ਼ਤ ਸਾਹਿਬ ਪੁਚਾਉ, ਫਿਰ ਅਸੀਂ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸੰਤਬਰ ਨੂੰ ਅਸੀਂ ਜਦ ਚੰਡੀਗੜ੍ਹ ਤੋਂ ਵਾਪਸ ਆਉਣ ਲੱਗੇ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸਾਡੇ ਬਜ਼ੁਰਗਾਂ ਦੇ ਸਮਾਨ ਹੋ, ਪਰ ਸਾਨੂੰ ਇਸ ਤਰ੍ਹਾਂ ਸਰਕਾਰੀ ਰਿਹਾਇਸ਼ ਉੱਤੇ ਨਾ ਬੁਲਾਇਆ ਕਰੋ, ਸਾਨੂੰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ, ਤੁਸੀ ਵੀ ਸਾਨੂੰ ਤਖ਼ਤ ਸਾਹਿਬਾਨ ਉੱਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਗੁਰਮੁਖ ਸਿੰਘ ਨੇ ਕਿਹਾ, ‘ਮੈਂ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਇਉਂ ਲੱਗ ਰਿਹਾ ਹੈ, ਜਿਵੇਂ ਤੁਸੀਂ ਸਾਨੂੰ ਤਲਬ ਕੀਤਾ ਹੋਵੇ।’ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ, ਜਿਵੇਂ ਤੁਸੀਂ ਕਿਹਾ ਹੈ।
ਗਿਆਨੀ ਗੁਰਮੁਖ ਸਿੰਘ ਨੇ ਦਸਿਆ ਕਿ ਇਸ ਪਿੱਛੋਂ 23 ਸਤੰਬਰ 2015 ਦੀ ਸ਼ਾਮ ਫਿਰ ਇਹ ਕੇਸ ਸ਼ੁਰੂ ਹੋ ਗਿਆ, ਜਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨ੍ਹਾਂ ਦੇ ਅੰਮ੍ਰਿਤਸਰ ਵਿਚਲੇ ਘਰ ਆਏ ਅਤੇ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦੇ ਮਾਮਲੇ ਉੱਤੇ ਗੱਲਬਾਤ ਸ਼ੁਰੂ ਹੋਈ। ਗੁਰਮੁਖ ਸਿੰਘ ਨੇ ਕਿਹਾ, ‘ਮੈਂ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਅਤੇ ਮਰਯਾਦਾ ਬਚਾਉਣ ਦੀ ਦੁਹਾਈ ਦਿਤੀ। ਸਾਡੀ ਗੱਲਬਾਤ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਫ਼ੋਨ ਗਿਆਨੀ ਗੁਰਬਚਨ ਸਿੰਘ ਦੇ ਮੋਬਾਈਲ ਉੱਤੇ ਆ ਗਿਆ ਤਾਂ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਵਾਈ। ਉਹ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੀ ਪ੍ਰਕਿਰਿਆ ਵਿਚ ਮਦਦ ਦੇਣ ਦੀ ਗੱਲ ਮੰਨ ਲੈਣ ਦਾ ਜ਼ੋਰ ਦਿੰਦੇ ਰਹੇ।’ ਮੈਂ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਾਂਗ ਰਚਿਆ ਹੈ, ਇਸ ਲਈ ਸਾਨੂੰ ਘਟੋ ਘੱਟ ਫ਼ੈਸਲਾ ਲੈਣ ਸਮੇਂ ਪੰਥਕ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗੁਰਮੁਖ ਸਿੰਘ ਨੇ ਦਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਓਥੇ ਆ ਗਏ ਤੇ ਉਨ੍ਹਾਂ ਉੱਤੇ ਦਬਾਅ ਪਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਦਬਾਅ ਬਣਾਉਣ ਦੇ ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ਉੱਤੇ ਗੱਲ ਕਰਵਾਉਣ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ। ਮੈਂ ਮੰਨਦਾ ਨਹੀਂ ਸੀ, ਸਾਰਾ ਦਬਾਅ ਸਿਰਫ਼ ਮੇਰੇ ਉੱਤੇ ਪਾਇਆ ਜਾ ਰਿਹਾ ਸੀ। ਉਹ ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤਾਂ ਤੁਸੀ ਕਿਉਂ ਨਹੀ ਮੰਨਦੇ? ਗੁਰਮੁਖ ਸਿੰਘ ਨੇ ਦਸਿਆ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ, ਸਿੱਖ ਵੀ ਹੋ। ਸਰਕਾਰ ਰਹੇ ਜਾਂ ਨਾ, ਪ੍ਰੰਪਰਾਵਾਂ ਨੂੰ ਢਾਹ ਨਹੀਂ ਲੱਗਣ ਦੇਣੀ ਚਾਹੀਦੀ। ਮੈਂ ਤੁਹਾਨੂੰ 16 ਸਤੰਬਰ ਨੂੰ ਕਿਹਾ ਸੀ ਕਿ ਇਹ ਪੱਤਰ ਅਕਾਲ ਤਖ਼ਤ ਸਾਹਿਬ ਵਿਖੇ ਆ ਲੈਣ ਦਿਉ, ਇਸ ਨੂੰ ਖ਼ਾਲਸਾ ਪੰਥ ਅੱਗੇ ਪੇਸ਼ ਕਰਾਂਗੇ, ਫਿਰ ਇਸ ਪ੍ਰਕਿਰਿਆ ਨੂੰ ਮੁੰਕਮਲ ਹੋਣ ਨੂੰ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮਸਲਾ ਵੱਡਾ ਹੈ। ਪੰਥ ਨਾਲ ਮੀਟਿੰਗਾਂ ਕਰ ਕੇ ਫ਼ੈਸਲਾ ਹੋਵੇਗਾ। ਜਿਸ ਤੇਜ਼ੀ ਨਾਲ ਤੁਸੀ ਸਾਡੇ ਤੋਂ ਫ਼ੈਸਲਾ ਕਰਾਉਣਾ ਚਾਹੁੰਦੇ ਹੋ, ਇਸ ਤਰ੍ਹਾਂ ਪੰਥ ਤਖ਼ਤਾਂ ਤੋਂ ਬਾਗ਼ੀ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਦੇ ਵਾਰ ਵਾਰ ਫ਼ੋਨ ਆ ਰਹੇ ਸਨ, ਗਿਆਨੀ ਗੁਰਬਚਨ ਸਿੰਘ ਖ਼ੁਦ ਗੱਲ ਕਰਨ ਦੀ ਥਾਂ ਮੈਨੂੰ ਵਾਰ ਵਾਰ ਫ਼ੋਨ ਦੇ ਰਹੇ ਸਨ। ਮੈਂ ਮਾਨਸਕ ਦਬਾਅ ਵਿਚ ਸੀ ਤੇ ਹਰ ਵਾਰ ਸਮਾਂ ਮੰਗਦਾ ਸੀ ਕਿ ਸਾਨੂੰ 2 ਮਹੀਨੇ, 1 ਮਹੀਨਾ 15 ਦਿਨ ਦਾ ਹੀ ਸਮਾਂ ਦਿਉ ਤਾਂ ਕਿ ਪੰਥ ਸਾਹਮਣੇ ਸੱਚੇ ਰਹਿ ਸਕੀਏ, ਸੁਖਬੀਰ ਸਿੰਘ ਬਾਦਲ ਟਸ ਤੋਂ ਮੱਸ ਨਹੀਂ ਸਨ ਹੋ ਰਹੇ।
24 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਤਾਂ ਪੰਜਾਬੀ ਵਿਚ ਲਿਖਿਆ ਪੱਤਰ ਸਾਨੂੰ ਦਿਖਾਇਆ ਗਿਆ, ਜਿਸ ਬਾਰੇ ਅਸੀਂ ਵਿਚਾਰ ਕਰਨੀ ਸੀ। ਇਹ ਪੱਤਰ ਕੌਣ ਲਿਆਇਆ, ਇਸ ਦੀ ਜਾਣਕਾਰੀ ਨਹੀਂ ਦਿਤੀ ਜਾ ਰਹੀ ਸੀ। ਗੁਰਮੁਖ ਸਿੰਘ ਨੇ ਦਸਿਆ ਕਿ ਅਕਾਲ ਤਖ਼ਤ ਸਾਹਿਬ ਉੱਤੇ ਪੱਤਰ ਲਿਆਉਣ ਦਾ ਇਕ ਵਿਧੀ ਵਿਧਾਨ ਹੈ। ਪੱਤਰ ਕੌਣ ਲੈ ਕੇ ਆਇਆ? ਕਿਸ ਨੇ ਪੱਤਰ ਪ੍ਰਪਾਤ ਕੀਤਾ? ਇਕ ਰਜਿਸਟਰ ਉੱਤੇ ਨੋਟ ਕੀਤਾ ਜਾਂਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦੱਸ ਸਕਦੇ ਹਨ ਕਿ ਸਿਰਸਾ ਦੇ ਡੇਰਾ ਮੁਖੀ ਦਾ ਪੱਤਰ ਉਨ੍ਹਾਂ ਨੂੰ ਕੌਣ ਦੇ ਕੇ ਗਿਆ?
ਇਸ ਦੇ ਬਾਅਦ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਮੇਰੇ ਬਾਰੇ ਪ੍ਰਚਾਰ ਕੀਤਾ ਗਿਆ ਕਿ 22 ਸਤੰਬਰ 2015 ਨੂੰ ਮੈਂ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਗਿਆ, ਜਿਥੇ ਸੁਖਬੀਰ ਸਿੰਘ ਬਾਦਲ, ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ, ਅਕਸ਼ੈ ਕੁਮਾਰ ਅਤੇ ਮੈਂ ਮੀਟਿੰਗ ਕੀਤੀ ਤੇ ਪੱਤਰ ਹਾਸਲ ਕੀਤਾ। ਮੇਰੇ ਬਾਰੇ ਇਹ ਵੀ ਕਿਹਾ ਕਿ ਗਿਆ ਕਿ ਇਹ ਫ਼ੈਸਲਾ ਕਰਵਾਉਣ ਬਦਲੇ ਮੈਂ 60 ਏਕੜ ਜ਼ਮੀਨ, 2 ਹਜ਼ਾਰ ਗਜ਼ ਦੀ ਕੋਠੀ, 7 ਪਲਾਟ, 7 ਕਰੋੜ ਰੁਪਏ ਤੇ ਦੁਬਈ ਵਿਚ ਫ਼ਲੈਟ ਵੀ ਬਾਦਲਾਂ ਤੋਂ ਹਾਸਲ ਕੀਤਾ ਤੇ ਇਹ ਫ਼ੈਸਲਾ ਕਰਵਾਇਆ। 22 ਸਤੰਬਰ ਨੂੰ ਮੈਂ ਤਾਂ ਬਾਬਾ ਬਿਧੀ ਚੰਦ ਜੀ ਦੇ ਦਿਹਾੜੇ ਵਿਚ ਸ਼ਾਮਲ ਹੋਣ ਸੁਰ ਸਿੰਘ ਗਿਆ ਹੋਇਆ ਸੀ। ਵਾਪਸੀ ਸਮੇਂ ਮੇਰੇ ਨਾਲ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ ਸਨ। 4 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾਂ ਤੋਂ ਕੌਮ ਬਾਗ਼ੀ ਹੋ ਜਾਵੇਗੀ, ਦਬਾਅ ਏਨਾ ਸੀ ਕਿ ਮੈਂ ਦੱਸ ਨਹੀ ਸਕਦਾ। ਸਮਝ ਨਹੀ ਆ ਰਹੀ ਸੀ ਕਿ ਏਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈਣੀ ਹੈ। ਮੀਟਿੰਗ ਵਿੱਚ ਲੰਮਾ ਸਮਾਂ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ? ਸਾਲ 2007 ਤੋਂ ਲੈ ਕੇ ਹੁਣ ਤਕ ਦਾ ਮਾਮਲਾ ਪੜ੍ਹਿਆ ਗਿਆ। ਕੇਸ ਕਿਵੇਂ ਚਲਿਆ, ਡੇਰਾ ਸਿਰਸਾ ਨਾਲ ਸੰਬਧਤ ਫ਼ਾਈਲ ਵਿਚ ਤਿੰਨ ਪੱਤਰ ਪਹਿਲਾਂ ਹੀ ਸਨ। ਫਿਰ ਫ਼ੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ, ਮੁਆਫ਼ੀ ਨਹੀਂ ਦਿਤੀ, ਪੱਤਰ ਪ੍ਰਵਾਨ ਕੀਤਾ ਸੀ। ਅਖ਼ਬਾਰਾਂ ਨੂੰ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ, ਪਰ ਅਖ਼ਬਾਰਾਂ ਨੇ ਇਸ ਨੂੰ ਮੁਆਫ਼ੀ ਦਾ ਨਾਮ ਦੇ ਦਿਤਾ ਤੇ ਇਸ ਨੂੰ ਬਿਨਾਂ ਮੰਗੀ ਮੁਆਫ਼ੀ ਛਾਪ ਦਿਤਾ ਤਾਂ ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪੱਸਟੀਕਰਨ ਸੁਣਨ ਨੂੰ ਕੋਈ ਤਿਆਰ ਨਹੀ ਸੀ।
ਜਥੇਦਾਰ ਗੁਰਮੁਖ ਸਿੰਘ ਦੇ ਦੱਸਣ ਮੁਤਾਬਕ ਇਸ ਨਾਲ ਕੌਮ ਵਿਚ ਤਣਾਅ ਅਤੇ ਜਥੇਦਾਰਾਂ ਨਾਲ ਦੂਰੀ ਵਧ ਗਈ। ਸਾਨੂੰ ਜਨਤਕ ਤੌਰ ਅਤੇ ਸੰਗਤ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਕ ਸਮਾਗਮਾਂ ਵਿਚ ਜਾਣਾ ਬੰਦ ਹੋ ਗਿਆ। ਜਥੇਦਾਰ ਪ੍ਰਭਾਵਹੀਣ ਹੋ ਗਏ। ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਈ। ਮੈਂ ਗਿਲਾ ਕੀਤਾ ਕਿ ਪੰਥ ਨੂੰ ਦੱਸੋ ਕਿ ਚਿੱਠੀ ਲੈ ਕੇ ਕੌਣ ਆਇਆ? ਉਸ ਨੇ ਕਿਹਾ ਕਿ 2 ਦਿਨਾਂ ਵਿਚ ਸਪੱਸ਼ਟ ਕਰ ਦਿਆਂਗੇ ਕਿ ਤੁਸੀਂ ਚਿੱਠੀ ਨਹੀ ਲਿਆਏ। ਗੁਰਮੁਖ ਸਿੰਘ ਨੇ ਦਸਿਆ, ‘ਮੈਂ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਕਿ ਮੀਟਿੰਗ ਵਿਚ ਤੁਸੀ ਵੀ ਸੀ, ਪੱਤਰ ਤੁਸੀ ਪੜ੍ਹਾਇਆ, ਪਰ ਅੱਜ ਮੇਰਾ ਨਾਮ ਬੋਲ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਕੋਠੀ ਤੋਂ ਪੱਤਰ ਮੈਂ ਲਿਆਇਆ ਸੀ।’ ਡਾਕਟਰ ਚੀਮਾ ਨੇ ਕਿਹਾ ਕਿ ਤੁਸੀ ਸੱਚੇ ਹੋ, ਇਹ ਖਿਲਾਰਾ ਕਿਸੇ ਦੇ ਨਰਾਜ਼ ਹੋਣ ਨਾਲ ਪਿਆ ਹੈ। ਇਸ ਦੇ ਬਾਅਦ ਗਿਆਨੀ ਗੁਰਮੁਖ ਸਿੰਘ ਨੇ ਇਸ ਮਾਮਲੇ ਵਿੱਚ ਇੱਕ ਅਖਬਾਰ ਦੇ ਸੰਪਾਦਕੇ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਹਨ, ਜਿਨ੍ਹਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਹੈ।
ਗਿਆਨੀ ਗੁਰਮੁਖ ਸਿੰਘ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਇੱਕ ਫ਼ਰਵਰੀ ਨੂੰ ਡੇਰਾ ਸਿਰਸਾ ਨੇ ਚੋਣਾਂ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਤਾਂ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਤੋਂ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫ਼ੋਨ ਆਇਆ ਕਿ ਚੋਣਾਂ ਦਾ ਸਮਾਂ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋਂ ਸਮਰਥਨ ਲੈਣਾ ਪੈ ਰਿਹਾ ਹੈ। ਡੇਰੇ ਵਲੋਂ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕਰਨ ਪਿੱਛੋਂ ਸਿੱਖਾਂ ਦੇ ਮਨ ਵਿਚ ਰੋਸ ਦੀ ਭਾਵਨਾ ਪੈਦਾ ਹੋ ਗਈ। 2 ਫ਼ਰਵਰੀ ਨੂੰ ਫਿਰ ਸਿਰਸਾ ਨੇ ਫ਼ੋਨ ਕੀਤਾ ਤੇ ਕਿਹਾ ਕਿ ਤੁਸੀ ਕਾਇਮ ਰਹੋ, ਅਸੀ ਮਜਬੂਰੀ ਵੱਸ ਡੇਰੇ ਦਾ ਸਮਰਥਨ ਲਿਆ ਹੈ। ਗੁਰਮੁਖ ਸਿੰਘ ਨੇ ਦਸਿਆ ਕਿ ਮੈਂ ਸਿਰਸਾ ਨੂੰ ਕਿਹਾ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀਂ ਰਹੀ। ਸਿਰਸਾ ਨੇ ਕਿਹਾ ਕਿ ਮੈਂ ਸਮਝਦਾ ਹਾਂ, ਪਰ ਬੌਸ ਨਹੀਂ ਮੰਨਦਾ, ਬੌਸ ਤੋਂ ਭਾਵ ਸੁਖਬੀਰ ਸਿੰਘ ਬਾਦਲ। ਉਨ੍ਹਾਂ ਕਿਹਾ ਕਿ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਕਿ ਤੁਸੀ ਅਕਾਲੀ ਦਲ ਵਲੋਂ ਐਲਾਨ ਕਰ ਦਿਉ ਕਿ ਅਸੀ ਪੰਥ ਦਾ ਸਮਰਥਨ ਲੈ ਕੇ ਚੋਣ ਲੜ ਰਹੇ ਹਾਂ, ਪੰਥ ਤੁਹਾਨੂੰ ਵੋਟਾਂ ਦੇ ਕੇ ਨਿਹਾਲ ਕਰ ਦੇਵੇਗਾ ਪਰ ਸਿਰਸਾ ਨਾ ਮੰਨੇ। ਗੁਰਮੁਖ ਸਿੰਘ ਨੇ ਦਸਿਆ ਕਿ 3 ਫ਼ਰਵਰੀ ਨੂੰ ਮੈਂ ਨਿਜੀ ਚੈਨਲਾਂ ਉੱਤੇ ਅਪਣੇ ਵਿਚਾਰ ਦਿਤੇ ਤਾਂ ਸਿਰਸਾ ਦਾ ਫ਼ੋਨ ਆਇਆ ਕਿ ਤੁਸੀ ਸਾਡੇ ਨਾਲ ਨਹੀ ਖੜੇ, ਹੁਣ ਜਥੇਦਾਰੀ ਦੀ ਆਸ ਨਾ ਰਖੋ। ਮੈਂ ਸਿਰਸਾ ਨੂੰ ਕਿਹਾ ਕਿ ਇਹ ਜਥੇਦਾਰੀਆਂ ਗੁਰੂ ਦੀ ਬਖ਼ਸ਼ਿਸ਼ ਹਨ। ਮੈਂ ਤੁਹਾਡੇ ਨਿਜੀ ਕਾਰਖ਼ਾਨੇ ਵਿਚ ਕੰਮ ਨਹੀਂ ਕਰਦਾ। ਗੁਰਮੁਖ ਸਿੰਘ ਨੇ ਕਿਹਾ ਕਿ ਮੈਂ ਸਾਰਾ ਕੁੱਝ ਸਪੱਸ਼ਟ ਕਰ ਦਿਤਾ ਹੈ ਤੇ ਹੁਣ ਫ਼ੈਸਲਾ ਪੰਥ ਨੇ ਲੈਣਾ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿਤੀ ਕਿ ਉਹ ਪਿਛਲੀਆਂ ਭੁੱਲਾਂ ਮੰਨ ਕੇ ਹੁਣ ਵੀ ਪੰਥ ਦੀ ਸ਼ਰਨ ਵਿਚ ਆ ਜਾਣ।