ਥਾਣੇਦਾਰ ਵੱਲੋਂ ਪਿਓ-ਪੁੱਤ ਨੂੰ ਥਾਣੇ ਜ਼ਲੀਲ ਕਰਨ ਪਿੱਛੋਂ ਵਿਦਿਆਰਥੀ ਨੇ ਫਾਹਾ ਲਿਆ

student suicide
ਲੁਧਿਆਣਾ, 12 ਅਕਤੂਬਰ (ਪੋਸਟ ਬਿਊਰੋ)- ਜੀ ਐਮ ਟੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਏ ਐੱਸ ਆਈ ਕੁਲਵਿੰਦਰ ਸਿੰਘ ਦੇ ਪੁੱਤਰ ਸਾਹਿਲਪ੍ਰੀਤ ਨਾਲ ਬੀਤੇ ਸੋਮਵਾਰ ਕਿਸੇ ਗੱਲ ਨੂੰ ਲੈ ਕੇ ਕਾਲੀ ਸੜਕ ਉੱਤੇ ਲੜਾਈ ਹੋ ਗਈ ਸੀ। ਏ ਐੱਸ ਆਈ ਦੇ ਪੁੱਤਰ ਨੇ ਇਸ ਬਾਰੇ ਥਾਣਾ ਬਸਤੀ ਜੋਧੇਵਾਲ ਨੂੰ ਸ਼ਿਕਾਇਤ ਕੀਤੀ, ਜਿੱਥੇ ਯੁਵਰਾਜ (16) ਵਾਸੀ ਛਾਉਣੀ ਮੁਹੱਲਾ ਆਪਣੇ ਪਿਤਾ ਵਿਜੇ ਕੁਮਾਰ ਨਾਲ ਪੁੱਜਾ। ਇਸ ਮੌਕੇ ਏ ਐੱਸ ਆਈ ਕੁਲਵਿੰਦਰ ਸਿੰਘ ਨੇ ਵਰਦੀ ਦਾ ਰੋਅਬ ਝਾੜਦੇ ਹੋਏ ਦੋਵਾਂ ਪਿਓ-ਪੁੱਤਾਂ ਨੂੰ ਕਾਫੀ ਜ਼ਲੀਲ ਕੀਤਾ। ਥਾਣੇ ਵਿੱਚ ਹੋਈ ਬੇਇੱਜ਼ਤੀ ਬਰਦਾਸ਼ਤ ਨਾ ਕਰਨ ‘ਤੇ ਯੁਵਰਾਜ ਨੇ ਘਰ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਬਾਰੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮ੍ਰਿਤਕ ਯੁਵਰਾਜ ਦੇ ਮਾਮੇ ਦੇ ਬਿਆਨ ਉੱਤੇ ਏ ਐੱਸ ਆਈ ਅਤੇ ਉਸ ਦੇ ਪੁੱਤਰ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੇ ਅਨੁਸਾਰ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦਾ ਭਾਣਜਾ ਜੀ ਐੱਮ ਟੀ ਸਕੂਲ ਜਲੰਧਰ ਬਾਈਪਾਸ ਵਿੱਚ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਸਕੂਲ ਵਿੱਚ ਪੜ੍ਹਦੇ ਦੋਸ਼ੀ ਸਾਹਿਲਪ੍ਰੀਤ ਨਾਲ ਉਸ ਦੇ ਭਾਣਜੇ ਅਤੇ ਦੋਸਤ ਮੋਬਿਸ਼ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਤੋਂ ਬਾਅਦ ਸਾਹਿਲਪ੍ਰੀਤ ਨੇ ਥਾਣਾ ਬਸਤੀ ਜੋਧੇਵਾਲ ਵਿੱਚ ਦੋਵਾਂ ਦੀ ਸ਼ਿਕਾਇਤ ਕਰ ਦਿੱਤੀ। ਜਾਂਚ ਅਧਿਕਾਰੀ ਏ ਐੱਸ ਆਈ ਰਣਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਮੰਗਲਵਾਰ ਸ਼ਾਮ ਫੋਨ ਕਰ ਕੇ ਥਾਣੇ ਬੁਲਾਇਆ, ਪਰ ਕਿਸੇ ਅਫਸਰ ਦੀ ਮੀਟਿੰਗ ਵਿੱਚ ਜਾਣ ਕਾਰਨ ਉਸ ਨੇ ਦੋਵਾਂ ਧਿਰਾਂ ਨੂੰ ਵਾਪਸ ਜਾਣ ਨੂੰ ਕਿਹਾ ਅਤੇ ਬਾਅਦ ਵਿੱਚ ਫੋਨ ਕਰ ਕੇ ਥਾਣੇ ਬੁਲਾਉਣ ਦੀ ਗੱਲ ਕਹੀ। ਜਾਂਚ ਅਧਿਕਾਰੀ ਦੇ ਜਾਣ ਪਿੱਛੋਂ ਏ ਐੱਸ ਆਈ ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਥਾਣੇ ਵਿੱਚ ਕਾਫੀ ਬੇਇੱਜ਼ਤੀ ਕੀਤੀ। ਬਾਅਦ ਵਿੱਚ ਸਾਰੇ ਘਰ ਵਾਪਸ ਆ ਗਏ। ਇਸ ਤਰ੍ਹਾਂ ਥਾਣੇ ਵਿੱਚ ਹੋਈ ਬੇਇੱਜ਼ਤੀ ਬਰਦਾਸ਼ਤ ਨਾ ਕਰਦੇ ਹੋਏ ਉਸ ਦੇ ਭਾਣਜੇ ਨੇ ਕਮਰੇ ਵਿੱਚ ਲੱਗੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ।