ਥਾਣੇਦਾਰ ਬਾਜਵਾ ਤੇ ਹਰਦੇਵ ਲਾਡੀ ਉੱਤੇ ਦਰਜ ਕੇਸ ਚੋਣ ਕਮਿਸ਼ਨ ਦੇ ਘੇਰੇ ਤੋਂ ਬਾਹਰ: ਰਾਜੂ


ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਮਹਿਤਪੁਰ ਥਾਣੇ ਦੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਦਰਜ ਕੇਸ ਚੋਣ ਕਮਿਸ਼ਨ ਦੇ ਘੇਰੇ ਤੋਂ ਬਾਹਰ ਹਨ, ਇਸ ਕਰ ਕੇ ਕਮਿਸ਼ਨ ਇਨ੍ਹਾਂ ਦੋਵਾਂ ਕੇਸਾਂ ਵਿੱਚ ਦਖਲ ਨਹੀਂ ਦੇ ਸਕਦਾ।
ਵਰਨਣ ਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੰਸਪੈਕਟਰ ਪ੍ਰਮਿੰਦਰ ਸਿੰਗ ਬਾਜਵਾ ਦੀ ਗ੍ਰਿਫਤਾਰੀ ਪਿੱਛੋਂ ਮੁੱਖ ਚੋਣ ਅਧਿਕਾਰੀ ਦੇ ਰਾਹੀਂ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਇੰਸਪੈਕਟਰ ਬਾਜਵਾ ਤੇ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਖਿਲਾਫ ਦਰਜ ਕੇਸਾਂ ਦੀ ਜਾਂਚ ਪੰਜਾਬ ਤੋਂ ਬਾਹਰ ਤਬਦੀਲ ਕੀਤੀ ਜਾਵੇ। ਮੁੱਖ ਚੋਣ ਅਧਿਕਾਰੀ ਐੱਸ ਕਰੁਣਾ ਰਾਜੂ ਦੇ ਬਿਆਨ ਨਾਲ ਚੋਣ ਕਮਿਸ਼ਨ ਵੱਲੋਂ ਖਹਿਰਾ ਦੀ ਇਹ ਮੰਗ ਰੱਦ ਹੋ ਗਈ ਹੈ। ਇੰਸਪੈਕਟਰ ਬਾਜਵਾ ਦੇ ਖਿਲਾਫ ਪੁਲਸ ਵੱਲੋਂ ਅਦਾਲਤ ਵਿੱਚ ਹਥਿਆਰ ਸਣੇ ਜ਼ਬਰਦਸਤੀ ਦਾਖਲ ਹੋਣ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਸੀ। ਖਹਿਰਾ ਨੇ ਇਨ੍ਹਾਂ ਕੇਸਾਂ ਵਿੱਚ ਨਿਰਪੱਖ ਜਾਂਚ ਨਾ ਹੋਣ ਦੀ ਗੱਲ ਕਹਿ ਕੇ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਰਾਜੂ ਨੇ ਸਪੱਸ਼ਟ ਕੀਤਾ ਕਿ ਐੱਸ ਐੱਚ ਓ ਬਾਜਵਾ ਖਿਲਾਫ ਕੇਸ ਸ਼ਾਹਕੋਟ ਹਲਕੇ ਤੋਂ ਬਾਹਰ ਦਰਜ ਹੋਇਆ ਤੇ ਲਾਡੀ ਖਿਲਾਫ ਕੇਸ ਵੀ ਕਾਗਜ਼ ਦਾਖਲ ਹੋਣ ਤੋਂ ਪਹਿਲਾਂ ਦਾ ਹੈ ਅਤੇ ਚੋਣ ਕਮਿਸ਼ਨ ਨਿਯਮਾਂ ਅਨੁਸਾਰ ਹੀ ਕਾਰਵਾਈ ਕਰਦਾ ਹੈ।