ਥਾਣੇਦਾਰ ਤੇ ਹਵਾਲਦਾਰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ

arrested
ਖੰਨਾ, 16 ਅਪ੍ਰੈਲ (ਪੋਸਟ ਬਿਊਰੋ)- ਪੁਲਸ ਜਿ਼ਲਾ ਖੰਨਾ ਦੇ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਉੱਤੇ ਐੱਸ ਪੀ ਡੀ ਸਤਨਾਮ ਸਿੰਘ ਬੈਂਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਸ ਜ਼ਿਲ੍ਹੇ ਦੀ ਚੌਕੀ ਰੌਣੀ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੇ ਹੌਲਦਾਰ ਹਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੰਨਾ ਪੁਲਸ ਨੇ ਇੱਕ ਕੰਬਾਈਨ ਤੇ ਸਫਾਰੀ ਗੱਡੀ ਨੂੰ ਕਾਬੂ ਕਰ ਕੇ ਦੋ ਵਿਅਕਤੀਆਂ ਨਿਰਮਲ ਸਿੰਘ ਨਿੰਮਾ ਪਿੰਡ ਘੁਰਾਲਾ, ਜੋ ਕੰਬਾਈਨ ਦਾ ਮਾਲਕ ਸੀ ਅਤੇ ਡਰਾਈਵਰ ਬੁੱਧ ਸਿੰਘ ਕੋਲੋਂ ਦੋ ਕਿਲੋ 300 ਗਰਾਮ ਅਫੀਮ ਫੜੀ ਸੀ। ਇਹ ਦੋਵੇਂ ਰਾਜਸਥਾਨ ਕੰਬਾਈਨ ਲੈ ਕੇ ਗਏ ਤੇ ਉਥੋਂ ਅਫੀਮ ਲਿਆਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਹੌਲਦਾਰ ਹਰਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ 50 ਹਜ਼ਾਰ ਰੁਪਏ ਲੈ ਕੇ ਇਸ ਮਾਮਲੇ ਵਿੱਚ ਫੜੀ ਕੰਬਾਈਨ ਛੱਡ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਇਸ ਗੱਲ ਦਾ ਰੌਲਾ ਪੈ ਗਿਆ ਤਾਂ ਦੋਵਾਂ ਪੁਲਸ ਵਾਲਿਆਂ ਨੇ 50 ਹਜ਼ਾਰ ਰੁਪਏ ਵੀ ਮੋੜ ਦਿੱਤੇ ਸਨ, ਪਰ ਮਾਮਲਾ ਐੱਸ ਐੱਸ ਪੀ ਖੰਨਾ ਕੋਲ ਗਿਆ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਖੰਨਾ ਦੇ ਐੱਸ ਪੀ ਡੀ ਸਤਨਾਮ ਸਿੰਘ ਬੈਂਸ ਨੂੰ ਕਰਨ ਲਈ ਕਿਹਾ। ਜਾਂਚ ਪਿੱਛੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।