ਥਾਈਲੈਂਡ ਵਿੱਚਬਚਾਅ ਦਲ ਦੀ ਟੀਮ ਨੇ ਗੁਫ਼ਾ ਵਿੱਚੋਂ ਪੰਜ ਮੁੰਡੇ ਕੱਢੇ, ਅੱਠ ਹਾਲੇ ਬਾਕੀ


ਮਏ ਸਾਈ (ਥਾਈਲੈਂਡ), 8ਜੁਲਾਈ, (ਪੋਸਟ ਬਿਊਰੋ)- ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿੱਚੋਂ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਫਸੇ ਹੋਏ 13 ਮੁੰਡਿਆਂ ਅਤੇ ਉਨ੍ਹਾਂ ਦੇ ਸਹਾਇਕ ਫੁਟਬਾਲ ਕੋਚ ਨੂੰ ਬਾਹਰ ਕੱਢਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ ਅਤੇ ਐਤਵਾਰ ਸ਼ਾਮ ਤੱਕ ਪੰਜ ਬੱਚਿਆਂ ਨੂੰ ਗੁਫ਼ਾ ਵਿੱਚੋਂ ਕੱਢ ਲਿਆ ਗਿਆ। ਬਾਕੀ ਬੱਚੇ ਅਤੇ ਉਨ੍ਹਾਂ ਦਾ ਕੋਚ ਅਜੇ ਵੀ ਗੁਫਾ ਵਿੱਚ ਫਸੇ ਹੋਏ ਹਨ। ਕੱਢੇ ਗਏ ਬੱਚਿਆਂ ਨੂੰ ਚਿਆਂਗ ਰਾਏ ਹਸਪਤਾਲ ਲਿਜਾਇਆ ਗਿਆ, ਜਿਥੇ ਪਹਿਲਾਂ ਇਨ੍ਹਾਂ ਦੇ ਇਲਾਜ ਲਈ ਮੁਕੰਮਲ ਪ੍ਰਬੰਧ ਕਰ ਦਿੱਤੇ ਗਏ ਸਨ।
ਵਰਨਣ ਯੋਗ ਹੈ ਕਿ ‘ਵਾਈਲਡ ਬੋਰਸ’ ਨਾਂ ਦੀ ਇਹ ਫੁਟਬਾਲ ਟੀਮ ਇਸ ਗੁਫ਼ਾ ਵਿੱਚ ਪਿਛਲੇ 23 ਜੂਨ ਤੋਂ ਫਸੀ ਹੋਈ ਹੈ। ਇਹ ਲੋਕ ਪ੍ਰੈਕਟਿਸ ਤੋਂ ਬਾਅਦ ਇਥੇ ਗਏ ਅਤੇ ਮੌਨਸੂਨ ਦੀ ਭਾਰੀ ਬਾਰਸ਼ ਨਾਲ ਗੁਫ਼ਾ ਵਿੱਚ ਪਾਣੀ ਭਰ ਜਾਣ ਕਾਰਨ ਉਥੇ ਫ਼ਸੇ ਰਹਿ ਗਏ ਸਨ। ਇਸ ਘਟਨਾ ਨੇ ਸਮੁੱਚੀ ਦੁਨੀਆ ਦਾ ਧਿਆਨ ਵੱਲ ਖ਼ਿੱਚਿਆ ਹੈ। ਅਧਿਕਾਰੀ ਲਗਾਤਾਰ ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣ ਦੇ ਲਈ ਯਤਨ ਕਰ ਰਹੇ ਸਨ। ਬਚਾਅ ਟੀਮ ਦੇ ਮੁਖੀ ਨਾਰੋਂਗਸਾਕ ਅਸੋਤਾਨਾਕੋਰਨ ਨੇ ਪੱਤਰਕਾਰਾਂ ਨੂੰ ਕਿਹਾ, ‘ਅੱਜ ਬੱਚਿਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਗਿਆ ਹੈ। ਲੜਕੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਹਨ ਅਤੇ ਪੰਜਾਂ ਨੂੰ ਕੱਢ ਲਿਆ ਗਿਆ ਹੈ, ਪਰ ਅੱਠ ਬੱਚੇ ਤੇ ਉਨ੍ਹਾਂ ਦਾ ਕੋਚ ਅਜੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਕੰਮ ਲਈ ਕਰੀਬ 11 ਘੰਟੇ ਸਮਾਂ ਲੱਗੇਗਾ।’
ਇਸ ਤੋਂ ਪਹਿਲਾਂ ਐਤਵਾਰ ਸਵੇਰੇ ਅਧਿਕਾਰੀਆਂ ਨੇ ਕਿਹਾ ਸੀ ਕਿ ਗੁਫ਼ਾ ਨੇੜਲੇ ਕੈਂਪ ਦੀ ਥਾਂ ਨੂੰ ਖ਼ਾਲੀ ਕਰ ਦਿੱਤਾ ਜਾਵੇ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਉਥੋਂ ਜਾਣ ਲਈ ਕਿਹਾ ਸੀ ਤਾਂ ਜੋ ਪੀੜਤਾਂ ਦੀ ਮਦਦ ਕੀਤੀ ਜਾ ਸਕੇ। ਪੁਲੀਸ ਨੇ ਇਸ ਥਾਂ ਲਾਊਡ ਸਪੀਕਰ ਨਾਲ ਐਲਾਨ ਕੀਤਾ ਸੀ, ‘ਸਾਰੇ ਲੋਕ, ਜੋ ਇਸ ਮੁਹਿੰਮ ਨਾਲ ਜੁੜੇ ਹੋਏ ਨਹੀਂ ਹਨ, ਛੇਤੀ ਇਸ ਇਲਾਕੇ ਤੋਂ ਬਾਹਰ ਚਲੇ ਜਾਣ।’ ਇਸ ਦੇ ਬਾਅਦ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ।