ਥਾਈਲੈਂਡ ਦੀ ਗੁਫਾ ਵਿੱਚੋਂ ਸਾਰੇ ਬੱਚੇ ਤੇ ਕੋਚ ਸੁਰੱਖਿਅਤ ਕੱਢੇ ਗਏ


ਮਏ ਸਾਈ, 10 ਜੁਲਾਈ, (ਪੋਸਟ ਬਿਊਰੋ)- ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਅੱਜ 18 ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ।
ਸਾਰੀ ਦੁਨੀਆ ਦਾ ਧਿਆਨ ਖਿੱਚਣ ਵਾਲੇ ਇਸ ਬਹੁਤ ਮੁਸ਼ਕਲ ਬਚਾਓ ਅਪਰੇਸ਼ਨ ਵਿੱਚ ਅੱਠ ਬੱਚਿਆਂ ਨੂੰ ਬੀਤੇ ਤਿੰਨ ਦਿਨਾਂ ਵਿੱਚ ਕੱਢਿਆ ਗਿਆ ਸੀ। ਬਚਾਓ ਅਪਰੇਸ਼ਨ ਨੂੰ ਅੱਜ ਅੱਠ ਨਾਮੀ ਵਿਦੇਸ਼ੀ ਗ਼ੋਤਾਖ਼ੋਰਾਂ ਤੇ ਥਾਈ ਨੇਵੀ ਸੀਲ ਦੇ ਜਵਾਨਾਂ ਨੇ ਪਾਣੀ ਭਰੇ ਔਖੇ ਰਸਤੇ ਤੋਂ ਸਿਰੇ ਚਾੜ੍ਹਿਆ। ਨੇਵੀ ਸੀਲ ਨੇ ਅਪਰੇਸ਼ਨ ਸਫਲ ਹੋਣ ਪਿੱਛੋਂ ਫੇਸਬੁੱਕ ਉੱਤੇ ਇਸ ਦੀ ਜਾਣਕਾਰੀ ਦਿੱਤੀ ਕਿ ‘ਸਾਰੇ 12 ਵਾਈਲਡ ਬੋਰਜ਼ ਤੇ ਉਨ੍ਹਾਂ ਦਾ ਕੋਚ ਕੱਢ ਲਿਆ ਗਿਆ ਹੈ।’ ਵਰਨਣ ਯੋਗ ਹੈ ਕਿ ਇਨ੍ਹਾਂ ਬੱਚਿਆਂ ਦੀ ਫੁਟਬਾਲ ਟੀਮ ਦਾ ਨਾਂ ਵਾਈਲਡ ਬੋਰ ਹੈ। ਪੋਸਟ ਵਿੱਚ ਲਿਖਿਆ ਹੈ, ‘ਸਾਰੇ ਠੀਕ-ਠਾਕ ਹਨ।’
ਇਨ੍ਹਾਂ ਖਿਡਾਰੀਆਂ ਦੀ ਉਮਰ 11 ਤੋਂ 16 ਸਾਲਾਂ ਦਰਮਿਆਨ ਹੈ, ਜਿਹੜੇ ਬੀਤੀ 23 ਜੂਨ ਨੂੰ ਫੁਟਬਾਲ ਪ੍ਰੈਕਟਿਸ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਤੇ ਭਾਰੀ ਬਾਰਸ਼ ਕਾਰਨ ਗੁਫਾ ਵਿੱਚ ਫਸ ਗਏ ਸਨ। ਨੌਂ ਦਿਨਾਂ ਬਾਅਦ ਦੋ ਬ੍ਰਿਟਿਸ਼ ਗ਼ੋਤਾਖ਼ੋਰਾਂ ਨੇ ਇਨ੍ਹਾਂ ਦਾ ਪਤਾ ਲਾਇਆ ਤੇ ਇਨ੍ਹਾਂ ਤੱਕ ਪੁੱਜੇ ਸਨ। ਇਸ ਪਿੱਛੋਂ ਇਨ੍ਹਾਂ ਨੂੰ ਕੱਢਣ ਦੀਆਂ ਕਈ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਕ ਗ਼ੋਤਾਖ਼ੋਰ ਦੀ ਮੌਤ ਵੀ ਹੋ ਗਈ। ਇਨ੍ਹਾਂ ਤੱਕ ਪੁੱਜਣ ਲਈ ਪਹਾੜ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ, ਪਰ ਆਖ਼ਰ ਇਨ੍ਹਾਂ ਨੂੰ ਗੁਫਾ ਦੇ ਆਮ ਰਸਤੇ ਰਾਹੀਂ ਹੀ ਬਾਹਰ ਕੱਢਿਆ ਜਾ ਸਕਿਆ।