ਤੰਗ ਸੜਕਾਂ ਉੱਤੇ 67 ਫੁੱਟ ਤੋਂ ਉਚੀਆਂ ਇਮਾਰਤਾਂ ਸੀਲ ਕਰਨ ਦਾ ਕੰਮ ਸ਼ੁਰੂ: ਸਿੱਧੂ


ਚੰਡੀਗੜ੍ਹ, 1 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਦੱਸਿਆ ਕਿ ਸੂਬੇ ਵਿਚਲੀਆਂ ਰਿਹਾਇਸ਼ ਜਾਂ ਵਪਾਰਕ ਇਮਾਰਤਾਂ, ਜੋ 67 ਫੁੱਟ ਤੋਂ ਉਚੀਆਂ ਹਨ ਅਤੇ ਉਨ੍ਹਾਂ ਦੁਆਲੇ ਅੱਗ ਬੁਝਾਊ ਗੱਡੀਆਂ ਦੇ ਆਉਣ ਜਾਣ ਲਈ 20 ਫੁੱਟ ਰਾਹ ਨਹੀਂ, ਉਨ੍ਹਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅਜਿਹੀਆਂ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਕੱਲ੍ਹ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਪਿਛਲੇ ਮਹੀਨਿਆਂ ਦੌਰਾਨ ਵਾਪਰੀਆਂ ਅੱਗ ਦੀਆਂ ਘਟਨਾਵਾਂ ਤੇ ਹਾਲ ਹੀ ‘ਚ ਮੁੰਬਈ ਵਿਖੇ ਵਾਪਰੇ ਅਗਨੀ ਕਾਂਡ ਤੋਂ ਬਾਅਦ ਸੂਬੇ ‘ਚ ਪ੍ਰਭਾਵੀ ਅੱਗ ਸੁਰੱਖਿਆ ਨੀਤੀ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਹੁਣ ਜੇ 67 ਫੁੱਟ ਤੋਂ ਉਚੀ ਕਿਸੇ ਇਮਾਰਤ ਦੁਆਲੇ 20 ਫੁੱਟ ਰਾਹ ਨਹੀਂ ਹੋਵੇਗਾ, ਉਹ ਇਮਾਰਤ ਪਾਸ ਨਹੀਂ ਕੀਤੀ ਜਾਵੇਗੀ ਅਤੇ ਬੀਤੇ ਸਮੇਂ ‘ਚ ਜਿਗੜੇ ਅਧਿਕਾਰੀਆਂ ਨੇ ਏਦਾਂ ਦੀਆਂ ਇਮਾਰਤਾਂ ਪਾਸ ਕੀਤੀਆਂ ਹਨ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ ਸਰਕਾਰ ਇਹ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਅਚਾਨਕ ਪ੍ਰੇਸ਼ਾਨੀ ਖੜੀ ਕਰ ਦਿੱਤੀ ਜਾਵੇ। ਇਸ ਲਈ ਲੋਕਾਂ ਨੂੰ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ ਅਤੇ ਜੇ ਅੱਗ ਬੁਝਾਊ ਗੱਡੀ ਦੇ ਆਉਣ ਜਾਣ ਲਈ ਰਾਹ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੀ ਇਮਾਰਤ 67 ਫੁੱਟ ਦੀ ਕਰਨੀ ਪਵੇਗੀ, ਭਾਵ ਢਾਹ ਕੇ ਉਸ ਦੀ ਉਚਾਈ 67 ਫੁੱਟ ਤੱਕ ਸੀਮਤ ਕਰਨੀ ਪਵੇਗੀ।
ਇਸ ਮੌਕੇ ਜ਼ੀਰਕਪੁਰ ਦਾ ਜ਼ਿਕਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਅਜਿਹੀਆਂ ਇਮਾਰਤਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਉਨ੍ਹਾ ਕਿਹਾ ਕਿ ਪ੍ਰਕਾਸ਼ ਮਿਸ਼ਰਾ, ਕੇਂਦਰੀ ਡਾਇਰੈਕਟਰ ਜਨਰਲ ਫਾਇਰ ਸੁਰੱਖਿਆ ਨਾਲ ਹੋਈ ਤਾਜ਼ਾ ਮੁਲਾਕਾਤ ਦੌਰਾਨ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਦੱਸਿਆ ਕਿ 10 ਸੂਬਿਆਂ ‘ਚ ਅੱਗ ਬੁਝਾਊ ਵਿਭਾਗ ਦਾ ਕੰਮ ਉਥੋਂ ਦੇ ਪੁਲਸ ਥਾਣਿਆਂ ਤੋਂ ਚੱਲ ਰਿਹਾ ਹੈ, ਕਿਉਂਕਿ ਅੱਗ ਬੁਝਾਊ ਵਿਭਾਗ ਨੂੰ ਅਕਸਰ ਜਗ੍ਹਾ ਦੀ ਘਾਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਗ ਬੁਝਾਊ ਵਿਭਾਗ ਕੋਲ ਜਗ੍ਹਾ ਦੀ ਵੱਡੀ ਘਾਟ ਹੈ, ਇਸ ਲਈ 500 ਪੁਲਸ ਥਾਣਿਆਂ ਤੋਂ ਅੱਗ ਬੁਝਾਊ ਵਿਭਾਗ ਦਾ ਕੰਮ ਚਲਾਇਆ ਜਾਵੇਗਾ, ਜਿਸ ਤਹਿਤ ਅੱਗ ਬੁਝਾਊ ਗੱਡੀਆਂ ਪੁਲਸ ਥਾਣਿਆਂ ‘ਚ ਖੜਿਆ ਕਰਨਗੀਆਂ ਅਤੇ ਪੁਲਸ ਥਾਣਿਆਂ ਨੂੰ ਅੱਗ ਬੁਝਾਊ ਸੇਵਾਵਾਂ ਲਈ ਪੰਜ ਵਲੰਟੀਅਰ ਦਿੱਤੇ ਜਾਣਗੇ ਤੇ ਉਨ੍ਹਾਂ ਪੁਲਸ ਥਾਣਿਆਂ ‘ਚ ਪੁਲਸ ਹੈਲਪਲਾਈਨ ਅਤੇ ਅੱਗ ਬੁਝਾਊ ਵਿਭਾਗ ਦਾ ਹੈਲਪਲਾਈਨ ਨੰਬਰ ਸਾਂਝਾ ਹੀ ਹੋਵੇਗਾ।
ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਅੱਗ ਬੁਝਾਊ ਸੇਵਾਵਾਂ ਨੂੰ ਮਜ਼ਬੂਤੀ ਦੇਣ ਲਈ ਉਚ ਦਰਜੇ ਦਾ ‘ਫਾਇਰ ਸੇਫਟੀ’ ਸਿਖਲਾਈ ਕੇਂਦਰ ਬਣੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਅੱਗ ਬੁਝਾਊ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਲਿਆਉਣ ਅਤੇ ਅਤਿ ਆਧੁਨਿਕ ਸਹੂਲਤਾਂ ਲਈ ਪੰਜਾਬ ਸਰਕਾਰ ਨੇ ਭਾਰਤ ਦੇ ਡਾਇਰੈਕਟਰ ਜਨਰਲ ਫਾਇਰ, ਸਿਵਲ ਡਿਫੈਂਸ ਨੂੰ 500 ਕਰੋੜ ਰੁਪਏ ਦਾ ਪ੍ਰਾਜੈਕਟ ਖਾਕਾ ਸੌਂਪਿਆ, ਜਿਸ ‘ਤੇ ਪੰਜਾਬ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਅੱਗ ਬੁਝਾਊ ਸੇਵਾਵਾਂ ਲਈ 262 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਕੇਸ ਵੱਖਰੇ ਤੌਰ ‘ਤੇ ਦਿੱਤਾ ਹੈ।