..ਤੇ ਮੈਂ ਚੁੱਪ ਹੋ ਗਈ

-ਪ੍ਰੀਤਮਾ ਦੋਮੇਲ
ਬਚਪਨ ਦੀ ਗੱਲ ਹੈ। ਉਦੋਂ ਕੁੜੀਆਂ ਨੂੰ ਅੱਜ ਜਿੰਨੀ ਖੁੱਲ੍ਹ ਨਹੀਂ ਸੀ। ਬਹੁਤ ਸਾਲ ਲੰਘ ਗਏ, ਹੁਣ ਅਜਿਹੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ ਹਨ ਤੇ ਬਾਪੂ ਜੀ ਵੀ ਚਲੇ ਗਏ ਹਨ। ਮੈਂ ਪਿੰਡ ਦੇ ਸਕੂਲ ‘ਚੋਂ ਮੁਸ਼ਕਿਲ ਨਾਲ ਅੱਠਵੀਂ ਪਾਸ ਕਰਕੇ ਪਿਤਾ ਜੀ ਕੋਲ ਸ਼ਹਿਰ ਵਿੱਚ ਆ ਕੇ ਨੌਵੀਂ ‘ਚ ਦਾਖਲ ਹੋਈ ਸਾਂ। ਪਿੰਡ ਤੋਂ ਆਈ ਸਾਂ। ਅਕਲ ਕਿਸੇ ਨੇ ਦਿੱਤੀ ਨਹੀਂ ਸੀ। ਉਥੇ ਬਸ ਢਿੱਡ ਭਰ ਕੇ ਰੋਟੀ ਖੁਆ ਕੇ ਨਿਆਣਿਆਂ ਨੂੰ ਪਿਛਲੀ ਕੋਠੀ ਵਿੱਚ ਸੌਣ ਲਈ ਭੇਜ ਦਿੱਤਾ ਜਾਂਦਾ ਸੀ, ਜਿਥੇ ਛੋਟੇ-ਛੋਟੇ ਕਟੜੂ-ਵਛੜੂ, ਬੱਕਰੀਆਂ ਤੇ ਉਨ੍ਹਾਂ ਦੇ ਮੇਮਣੇ ਨਾਲ ਸੌਂਦੇ ਸਨ। ਕੋਠੜੀ ਨਿੱਘੀ ਹੁੰਦੀ ਸੀ। ਨੀਂਦ ਖੂਬ ਆਉਂਦੀ ਸੀ। ਬੱਕਰੀਆਂ ਦੀ ਮੈਂ-ਮੈਂ ਨਾਲ ਜਾਗ ਖੁੱਲ੍ਹ ਜਾਂਦੀ ਤੇ ਹੱਥ ਮੂੰਹ ਧੋ ਕੇ ਰੋਟੀ ਖਾ ਕੇ ਸਕੂਲ ਨੂੰ ਦੌੜ ਜਾਈਦਾ ਸੀ।
ਕੱਪੜੇ ਬਦਲਣ ਦੀ ਲੋੜ ਨਹੀਂ ਸੀ ਹੁੰਦੀ। ਕੰਘੀ ਕਦੇ ਦਾਦੀ ਤੇ ਕਦੇ ਭੂਆ ਕਰ ਦਿੰਦੀ ਸੀ। ਜਦ ਸ਼ਹਿਰ ਦੇ ਸਕੂਲ ਵਿੱਚ ਦਾਖਲ ਹੋਈ ਤਾਂ ਸਭ ਕੁਝ ਓਪਰਾ ਜਿਹਾ ਲੱਗਦਾ ਸੀ। ਕੁੜੀਆਂ ਸਾਫ ਸੁਥਰੇ ਕੱਪੜੇ ਪਾ ਕੇ ਦੋ-ਦੋ ਗੁੱਤਾਂ ਕਰਕੇ ਆਉਂਦੀਆਂ ਸਨ ਤੇ ਪਟਰ-ਪਟਰ ਬੋਲਦੀਆਂ ਸਨ। ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੀ ਸਾਂ। ਪੜ੍ਹਾਈ ‘ਚ ਹੁਸ਼ਿਆਰ ਸੀ, ਇਸ ਲਈ ਜਮਾਤ ਦੀ ਮਨੀਟਰ ਬਣਾ ਦਿੱਤੀ ਗਈ। ਉਨ੍ਹਾਂ ਦਿਨਾਂ ਵਿੱਚ ਸਾਡੀ ਜਮਾਤ ‘ਚ ਇਕ ਨਵੀਂ ਕੁੜੀ ਮੀਨਾ ਦਾਖਲ ਹੋਈ। ਪੂਰੀ ਪਟਾਕਾ ਸਾਂਵਲਾ ਰੰਗ ਤੇ ਬੇਹੱਦ ਸੋਹਣੇ ਨੈਣ ਨਕਸ਼ਾਂ ਵਾਲੀ ਸੀ। ਮੀਨਾ ਵੱਡੀ ਸਾਰੀ ਗੱਡੀ ਵਿੱਚ ਸਕੂਲ ਆਉਂਦੀ ਤੇ ਉਸੇ ਵਿੱਚ ਵਾਪਸ ਜਾਂਦੀ। ਕੁਝ ਦਿਨ ਉਹ ਬਿਲਕੁਲ ਚੁੱਪ ਰਹਿ ਕੇ ਜਮਾਤ ਦਾ ਜਾਇਜ਼ਾ ਲੈਂਦੀ ਰਹੀ। ਫਿਰ ਉਸ ਨੇ ਆਪਣੇ ਖੰਭ ਖੋਲ੍ਹਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਉਸ ਨੇ ਕਲਾਸ ਟੀਚਰ ਦਾ ਮਨ ਜਿੱਤਿਆ। ਫਿਰ ਕੁਝ ਅਮੀਰ ਤੇ ਸੋਹਣੀਆਂ ਕੁੜੀਆਂ ਨਾਲ ਰਸਮੀ ਜੇਹੀ ਦੋਸਤੀ ਪਾਈ, ਪਰ ਪਤਾ ਨਹੀਂ ਕਿਉਂ ਉਸ ਨੇ ਪੱਕੀ ਸਹੇਲੀ ਮੈਨੂੰ ਬਣਾ ਲਿਆ।
ਸ਼ਾਇਦ ਮੇਰੀ ਮੂਰਖਤਾ ਪਸੰਦ ਆਈ ਹੋਵੇ। ਮੈਂ ਬਹੁਤ ਖੁਸ਼ ਸਾਂ। ਉਸ ਲਈ ਆਪਣੇ ਨਾਲ ਦੀ ਸੀਟ ਖਾਲੀ ਰੱਖਦੀ। ਉਸ ਦਾ ਹੋਮਵਰਕ ਕਰ ਦਿੰਦੀ। ਘਰ ਕੋਈ ਚੰਗੀ ਚੀਜ਼ ਬਣਦੀ ਤਾਂ ਉਸ ਲਈ ਲੈ ਜਾਂਦੀ। ਇਕ ਵਾਰੀ ਉਸ ਨੂੰ ਘਰ ਲੈ ਕੇ ਗਈ ਤੇ ਭੈਣਾਂ ਭਰਾਵਾਂ ਨਾਲ ਮਿਲਾਇਆ। ਮਾਂ ਨੂੰ ਵੀ ਉਹ ਚੰਗੀ ਲੱਗੀ। ਇਕ ਦਿਨ ਪ੍ਰਾਰਥਨਾ ਤੋਂ ਥੋੜ੍ਹੀ ਦੇਰ ਬਾਅਦ ਮੀਨਾ ਮੈਨੂੰ ਪਾਣੀ ਪੀਣ ਦੇ ਬਹਾਨੇ ਕਲਾਸ ਤੋਂ ਬਾਹਰ ਲੈ ਆਈ ਤੇ ਬਿਲਕੁਲ ਮੇਰੇ ਕੰਨ ਦੇ ਕੋਲ ਆਪਣਾ ਮੂੰਹ ਕਰਕੇ ਬੋਲੀ, ‘ਅੱਜ ਮੇਰਾ ਜਨਮ ਦਿਨ ਹੈ। ਮੇਰੀ ਮੰਮੀ ਨੇ ਸਿਰਫ ਤੈਨੂੰ ਬੁਲਾਇਆ ਹੈ। ਆਪਾਂ ਚੁੱਪ ਕਰਕੇ ਤੀਜੀ ਘੰਟੀ (ਖੇਡਣ ਦੀ) ਵਿੱਚ ਘਰ ਚਲੇ ਜਾਵਾਂਗੇ। ਉਥੇ ਵਧੀਆ ਖਾਣ ਦੀਆਂ ਚੀਜ਼ਾਂ ਤੇ ਮਠਿਆਈ ਵਗੈਰਾ ਖਾ ਕੇ ਅੱਧੀ ਛੁੱਟੀ ਖਤਮ ਹੁੰਦਿਆਂ ਹੀ ਵਾਪਸ ਆ ਜਾਵਾਂਗੀਆਂ। ਤੂੰ ਕਿਸੇ ਨਾਲ ਗੱਲ ਨਾ ਕਰੀਂ। ਮੇਰੀ ਗੱਡੀ ਵਿੱਚ ਜਾਵਾਂਗੇ ਤੇ ਉਸੇ ਵਿੱਚ ਵਾਪਸ ਆ ਜਾਵਾਂਗੇ।’ ਮੈਂ ਬਾਪੂ ਜੀ ਤੋਂ ਬੜੀ ਡਰਦੀ ਸਾਂ ਤੇ ਕੋਈ ਅਜਿਹਾ ਕੰਮ ਕਰਨ ਬਾਰੇ ਨਹੀਂ ਸੀ ਸੋਚਦੀ, ਜਿਸ ਵਿੱਚ ਝੂਠ, ਚੋਰੀ, ਮੱਕਾਰੀ ਤੇ ਚਲਾਕੀ ਹੋਵੇ। ਮੈਂ ਉਸ ਨੂੰ ਝੱਟ ਨਾਂਹ ਕਰ ਦਿੱਤੀ। ਮੀਨਾ ਨੇ ਝੱਟ ਪੈਂਤੜਾ ਬਦਲ ਲਿਆ। ਅੱਖਾਂ ਵਿੱਚ ਹੰਝੂ ਭਰ ਕੇ ਬੋਲੀ, ‘ਚੰਗਾ ਤੇਰੀ ਮਰਜ਼ੀ। ਮੈਂ ਸੋਚਦੀ ਸਾਂ ਕਿ ਤੂੰ ਮੇਰੀ ਸਭ ਤੋਂ ਚੰਗੀ ਸਹੇਲੀ ਏਂ। ਹੁਣ ਮੈਨੂੰ ਪਤਾ ਲੱਗਿਆ ਕਿ ਸਭ ਝੂਠ ਸੀ। ਸੱਚ ਪੁੱਛੇ ਤਾਂ ਮੈਂ ਤੇਰੀ ਦੋਸਤੀ ਕਰਕੇ ਹੀ ਇਸ ਘਟੀਆ ਜਿਹੇ ਸਕੂਲ ਵਿੱਚ ਟਿਕੀ ਹੋਈ ਸਾਂ। ਕੱਲ੍ਹ ਤੋਂ ਕਿਸੇ ਹੋਰ ਸਕੂਲ ਵਿੱਚ ਦਾਖਲ ਹੋ ਜਾਵਾਂਗੀ। ਸੁਣ ਕੇ ਡਰ ਗਈ ਕਿਉਂਕਿ ਮੈਂ ਸੱਚਮੁੱਚ ਉਸ ਨੂੰ ਬਹੁਤ ਪਿਆਰ ਕਰਦੀ ਸਾਂ। ਮੈਂ ਉਸ ਦੇ ਨਾਲ ਚਲੀ ਗਈ। ਕਾਫੀ ਦੇਰ ਬਾਅਦ ਗੱਡੀ ਸ਼ਹਿਰੋਂ ਬਾਹਰ ਨਿਕਲ ਆਈ ਤੇ ਇਕ ਅਜਿਹੀ ਇਮਾਰਤ ਦੇ ਸਾਹਮਣੇ ਆ ਕੇ ਰੁਕ ਗਈ ਜਿਸ ਦੀਆਂ ਕਿਲੇ ਵਰਗੀਆਂ ਉਚੀਆਂ ਕੰਧਾਂ ਸਨ। ਮੀਨਾ ਮੈਨੂੰ ਲੈ ਕੇ ਉਸ ਸੁੰਨਸਾਨ ਇਮਾਰਤ ਦੀ ਛੱਤ ‘ਤੇ ਬਣੇ ਇਕ ਕਮਰੇ ਵਿੱਚ ਚਲੀ ਗਈ। ਉਸ ਵਿੱਚ ਸਿਰਫ ਇਕ ਤਖਤਪੋਸ਼ ਪਿਆ ਸੀ। ਮੈਨੂੰ ਉਥੇ ਬਿਠਾ ਕੇ ਮੰਮੀ ਨੂੰ ਬੁਲਾਉਣ ਬਾਰੇ ਕਹਿ ਕੇ ਚਲੀ ਗਈ।
ਫਿਰ ਇਕ ਛੋਟਾ ਜਿਹਾ ਮੁੰਡਾ ਸ਼ਰਬਤ ਦਾ ਗਿਲਾਸ ਲਿਆਇਆ ਤੇ ਮੈਨੂੰ ਫੜਾ ਕੇ ਝਟਪਟ ਚਲਾ ਗਿਆ। ਪਿਆਸ ਲੱਗੀ ਹੋਣ ਕਰਕੇ ਮੈਂ ਸਾਰਾ ਗਿਲਾਸ ਗੱਟ-ਗੱਟ ਕਰਕੇ ਪੀ ਗਈ। ਫਿਰ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਗਹਿਰੀ ਨੀਂਦ ‘ਚ ਸੌਂ ਗਈ। ਅੱਖ ਖੁੱਲ੍ਹੀ ਤਾਂ ਹਨੇਰਾ ਹੋ ਗਿਆ ਸੀ ਅਤੇ ਆਸੇ ਪਾਸੇ ਕੋਈ ਨਹੀਂ ਸੀ। ਮੈਂ ਮੀਨਾ-ਮੀਨਾ ਕਹਿ ਕੇ ਬੜੀਆਂ ਆਵਾਜ਼ਾਂ ਮਾਰੀਆਂ, ਪਰ ਅੱਗੋਂ ਕੋਈ ਜਵਾਬ ਨਾ ਮਿਲਿਆ। ਹੌਲੀ-ਹੌਲੀ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ ਤੇ ਐਵੇਂ ਹੀ ਏਧਰ ਓਧਰ ਘੁੰਮਣ ਲੱਗ ਪਈ। ਜਦ ਬਿਲਕੁਲ ਪਰਲੇ ਸਿਰੇ ‘ਤੇ ਪੁੱਜੀ ਤਾਂ ਕਿਸੇ ਦੇ ਹੌਲੀ-ਹੌਲੀ ਗੱਲਾਂ ਕਰਨ ਦੀ ਆਵਾਜ਼ ਆਈ। ਬੰਦ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਅੰਦਰ ਝਾਕਿਆ ਤਾਂ ਇਕ ਤਖਤਪੋਸ਼ ‘ਤੇ ਮੇਰੇ ਤੋਂ ਥੋੜ੍ਹੀਆਂ ਵੱਡੀਆਂ ਚਾਰ ਪੰਜ ਕੁੜੀਆਂ ਬੈਠੀਆਂ ਸਨ ਤੇ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ, ‘ਸੁਣਿਆ ਹੈ ਅੱਜ ਨਵੀਂ ਕੁੜੀ ਹੈ।’ ‘ਹਾਂ-ਹਾਂ ਮੈਂ ਮੀਨਾ ਨਾਲ ਆਉਂਦੀ ਹੋਈ ਦੇਖੀ ਹੈ। ਬਿਲਕੁਲ ਛੋਟੀ ਜਿਹੀ ਹੈ। ਸ਼ਾਇਦ ਮੀਨਾ ਨਾਲ ਪੜ੍ਹਦੀ ਹੋਵੇ। ਪਤਾ ਨਹੀਂ ਕੀ ਕਹਿ ਕੇ ਉਸ ਨੂੰ ਲਿਆਈ ਹੋਵੇਗੀ? ਕੱਲ੍ਹ ਨੂੰ ਜਦੋਂ ਪਤਾ ਲੱਗੇਗਾ ਕਿ ਹੁਣ ਮੁੜ ਕੇ ਉਸ ਨੇ ਕਦੇ ਆਪਣੇ ਘਰ ਨਹੀਂ ਜਾ ਸਕਣਾ ਬਲਕਿ ਸਾਡੇ ਵਾਂਗ..।’ ਮੈਂ ਅੱਗੋਂ ਕੁਝ ਨਾ ਸੁਣ ਸਕੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਉਨ੍ਹਾਂ ਦਿਨਾਂ ਵਿੱਚ ਸ਼ਹਿਰਾਂ ‘ਚ ਬੱਚੇ ਚੋਰੀ ਕਰਨ ਵਾਲੇ ਗਰੋਹ ਦੀ ਚਰਚਾ ਸੀ। ਮੇਰੀ ਬੇਜੀ ਨੇ ਸਾਨੂੰ ਸਾਰਿਆਂ ਨੂੰ ਸਮਝਾਇਆ ਸੀ ਕਿ ਕਦੇ ਕਿਸੇ ਓਪਰੇ ਬੰਦੇ ਕੋਲੋਂ ਚੀਜ਼ ਲੈ ਕੇ ਨਹੀਂ ਖਾਣੀ ਤੇ ਨਾ ਗੱਲ ਕਰਨੀ ਹੈ। ਮੈਨੂੰ ਸਮਝ ਆ ਗਈ ਕਿ ਮੈਂ ਉਨ੍ਹਾਂ ਲੋਕਾਂ ਦੇ ਕਾਬੂ ਆ ਗਈ ਹਾਂ, ਜਿਹੜੇ ਬੱਚੇ ਚੋਰੀ ਕਰਦੇ ਹਨ। ਹੁਣ ਮੈਂ ਕੀ ਕਰਾਂ? ਅਖੀਰ ਬਿਲਕੁਲ ਹੇਠਾਂ ਇਮਾਰਤ ਦੀ ਪਰਲੀ ਗੁੱਠੇ ਮੈਨੂੰ ਇਕ ਖਿੜਕੀ ਦਿਸੀ, ਜਿਸ ਦੀਆਂ ਦੋ ਤਿੰਨ ਛੜਾਂ ਟੁੱਟੀਆਂ ਹੋਈਆਂ ਸਨ ਤੇ ਬਾਕੀ ਦਾ ਅੱਧਾ ਪੱਲਾ ਖੁੱਲ੍ਹਾ ਹੋਇਆ ਸੀ। ਮੈਂ ਫਟਾਫਟ ਉਸ ਵਿੱਚੋਂ ਦੀ ਬਾਹਰ ਕੁੱਦ ਗਈ। ਮੈਨੂੰ ਝਰੀਟਾਂ ਲੱਗੀਆਂ, ਖੂਨ ਵੀ ਵਗਿਆ, ਪਰ ਮੈਂ ਸੜਕ ‘ਤੇ ਆ ਗਈ। ਇਕ ਸਾਈਕਲ ਵਾਲਾ ਲੰਘਿਆ ਤਾਂ ਤਰਲੇ ਨਾਲ ਉਸ ਨੂੰ ਕਿਹਾ, ‘ਚਾਚਾ ਜੀ ਮੇਰਾ ਭਰਾ ਗੁੱਸੇ ਹੋ ਕੇ ਮੈਨੂੰ ਇਥੇ ਛੱਡ ਗਿਆ ਹੈ, ਤੁਸੀਂ ਮੈਨੂੰ ਸਬਜ਼ੀ ਮੰਡੀ ਤਕ ਲੈ ਚੱਲੋਗੇ।’ ਉਸ ਨੇ ਕਿਹਾ, ‘ਹਾਂ ਬੈਠ ਜਾ। ਤੈਨੂੰ ਸਬਜ਼ੀ ਮੰਡੀ ਕੋਲ ਛੱਡ ਦਿਆਂਗਾ।’ ਮੈਂ ਝੱਟ ਉਸ ਦੇ ਪਿੱਛੇ ਬੈਠ ਗਈ ਤੇ ਉਸ ਦਾ ਝੋਲਾ ਆਪਣੇ ਸਿਰ ‘ਤੇ ਇਸ ਤਰ੍ਹਾਂ ਰੱਖ ਲਿਆ ਕਿ ਕਿਸੇ ਨੂੰ ਮੇਰਾ ਸਿਰ ਮੰੂਹ ਚੰਗੀ ਤਰ੍ਹਾਂ ਦਿਖਾਈ ਨਾ ਦੇਵੇ।
ਪਤਾ ਨਹੀਂ ਕਿੰਨੀ ਦੇਰ ਬਾਅਦ ਅਸੀਂ ਸਬਜ਼ੀ ਮੰਡੀ ਕੋਲ ਪੁੱਜੇ। ਮੈਂ ਸਾਈਕਲ ਰੁਕਦਿਆਂ ਹੀ ਇਕਦਮ ਦੌੜ ਗਈ। ਘਰ ਪੁੱਜੀ ਤਾਂ ਘਰ ਵਾਲੇ ਘਬਰਾਏ ਹੋਏ ਸਨ। ਸਕੂਲ ਵੀ ਜਾ ਆਏ ਸਨ ਤੇ ਨੇੜੇ ਦੀਆਂ ਮੇਰੀਆਂ ਦੋ ਤਿੰਨ ਸਹੇਲੀਆਂ ਦੇ ਘਰੋਂ ਪੁੱਛ ਆਏ ਸਨ। ਜਦ ਰੋ-ਰੋ ਕੇ ਸਾਰੀ ਕਹਾਣੀ ਸੁਣਾਈ ਤਾਂ ਬਾਪੂ ਅਤੇ ਮੁਹੱਲੇ ਦੇ ਹੋਰ ਕਈ ਬੰਦੇ ‘ਕੱਠੇ ਹੋ ਕੇ ਪੁਲਸ ਸਟੇਸ਼ਨ ਗਏ। ਅਗਲੇ ਦਿਨ ਬੇਜੀ ਨੇ ਦੱਸਿਆ ਕਿ ਮੇਰੀ ਦੱਸੀ ਹੋਈ ਬਿਲਡਿੰਗ ਕੋਲ ਜਦ ਪੁਲਸ ਵਾਲੇ ਪਹੁੰਚੇ ਤਾਂ ਉਹ ਬਿਲਕੁਲ ਖਾਲੀ ਪਈ ਸੀ। ਇਸ ਤੋਂ ਬਾਅਦ ਬਾਪੂ ਜੀ ਨੇ ਸਮਝਾਇਆ ਕਿ ਮੈਂ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਨਾ ਕਰਾਂ, ਨਹੀਂ ਤਾਂ ਸਕੂਲ ਵਾਲੇ ਮੈਨੂੰ ਕੱਢ ਦੇਣਗੇ। ਮੈਂ ਚੁੱਪ ਹੋ ਗਈ ਤੇ ਅੱਜ ਤੱਕ ਚੁੱਪ ਰਹੀ ਹਾਂ।