..ਤੇ ਫਿਰ ਚੰਡੀਗੜ੍ਹ ਵੀ ਮਲਵੈਣ ਦਾ ਹੋ ਗਿਆ

-ਰਾਜਬੀਰ ਕੌਰ ਗਰੇਵਾਲ
ਮਾਲਵੇ ਦੇ ਇਕ ਛੋਟੇ ਜਿਹੇ ਪਿੰਡ ਦੀ ਧੀ ਨੂੰ ਸਮੇਂ ਨੇ ਚੰਡੀਗੜ੍ਹ ਲਿਆ ਵਸਾਇਆ। ਭਾਵੇਂ ਇਸ ਖੂਬਸੂਰਤ ਸ਼ਹਿਰ ਨੇ ਮੈਨੂੰ ਖੁੱਲ੍ਹੀਆਂ ਬਾਹਾਂ ਨਾਲ ਆਪਣੇ ਕਲਾਵੇ ਵਿੱਚ ਲੈ ਲਿਆ, ਪਰ ਇਸ ਗੋਦ ਵਿੱਚੋਂ ਮਾਲਵੇ ਵਾਲੀ ਨਿੱਘ ਦਾ ਅਹਿਸਾਸ ਕਦੇ ਨਾ ਹੋਇਆ। ਮੈਨੂੰ ਲੱਗਦਾ ਸੀ ਕਿ ਚੰਡੀਗੜ੍ਹ ਵਿੱਚ ਮੈਂ ਕਦੇ ਰਚ ਮਿਚ ਨਹੀਂ ਸਕਾਂਗੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਮੇਰੇ ਪਿਤਾ ਜੀ ਬੇਵਕਤੀ ਸਾਨੂੰ ਅਧਵਾਟੇ ਛੱਡ ਕੇ ਚਲੇ ਗਏ ਸਨ ਤੇ ਉਸ ਵੇਲੇ ਮੈਂ ਕਈ ਘਰੇਲੂ ਅਤੇ ਜਜ਼ਬਾਤੀ ਖਲਾਵਾਂ ਨਾਲ ਜੂਝ ਰਹੀ ਸੀ।
ਮਾਲਵੇ ਦੀ ਬੋਲੀ ਭਾਵੇਂ ਮੋਟੀ ਠੁੱਲ੍ਹੀ ਤੇ ਕੁਰੱਖਤ ਹੈ, ਪਰ ਇਸ ਰੁੱਖੇਪਣ ਵਿੱਚ ਵਿਸ਼ੇਸ਼ ਕਿਸਮ ਦਾ ਮੋਹ ਵੀ ਹੈ। ਇਸੇ ਕਰਕੇ ਮੈਨੂੰ ਆਪਣੇ ਪਿੰਡ ਜਾਣ ਵੇਲੇ ਸਰੂਰ ਚੜ੍ਹ ਜਾਂਦਾ ਸੀ। ਪਿਛਲੇ ਦਿਨੀਂ ਤੀਆਂ ਦੇ ਇਕ ਪ੍ਰੋਗਰਾਮ ਵਿੱਚ ਇਸ ਮਲਵੈਣ ਨੂੰ ਚੰਡੀਗੜ੍ਹ ਵਿੱਚ ਮਾਲਵੇ ਦਾ ਨਿੱਘ ਮਾਣਨ ਦਾ ਮੌਕਾ ਮਿਲਿਆ। ਉਸ ਵੇਲੇ ਇਹ ਅਹਿਸਾਸ ਹੋਇਆ ਕਿ ਜਿਨ੍ਹਾਂ ਪਲਾਂ ਵਿੱਚ ਤੁਸੀਂ ਧੁਰ ਅੰਦਰੋਂ ਰੂਹ ਤੋਂ ਖੁਸ਼ੀ ਮਨਾ ਰਹੇ ਹੋਵੇ ਤਾਂ ਉਦੋਂ ਭਾਵੇਂ ਕਿਤੇ ਵੀ ਹੋਵੇ, ਆਪਣੀ ਮਿੱਟੀ ਦੀ ਖੁਸ਼ਬੋ ਆਵੇਗੀ ਹੀ। ਮੋਹ ਭਿੱਜੇ ਖੁਸ਼ੀ ਦੇ ਪਲ ਬੇਗਾਨੇਪਣ ਦੇ ਅਹਿਸਾਸ ਨੂੰ ਦੂਰ ਕਰਦੇ ਹਨ।
ਪਰਵਾਰਕ ਰੁਝੇਵਿਆਂ ਅਤੇ ਦਫਤਰੀ ਕੰਮਾਂ ਕਾਜਾਂ ਕਾਰਨ ਮੈਨੂੰ ਸਮਾਜਿਕ ਵਰਤ ਵਰਤਾਰੇ ਲਈ ਕਦੇ ਸਮਾਂ ਹੀ ਨਹੀਂ ਮਿਲਿਆ। ਕੁਝ ਦਿਨ ਪਹਿਲਾਂ ਜਦੋਂ ਇਕ ਸਹੇਲੀ ਨੇ ਫੋਨ ਕਰਕੇ ਤੀਜ ਮਨਾਉਣ ਦੀ ਗੱਲ ਕੀਤੀ ਤਾਂ ਮੈਂ ਖਿੜੇ ਮੱਥੇ ਸੱਦਾ ਕਬੂਲ ਕਰ ਲਿਆ। ਜਿਵੇਂ ਕਿਵੇਂ ਕਰਕੇ ਮੈਂ ਸਮਾਗਮ ਲਈ ਆਪਣਾ ਲੀੜਾ ਲੱਤਾ ਤੇ ਗਹਿਣੇ ਗੱਟੇ ਵੀ ਤਿਆਰ ਕਰ ਲਏ। ਤੀਜ ਆ ਗਈ ਤੇ ਮੈਂ ਸਮੇਂ ਸਿਰ ਤਿਆਰ-ਬਰ-ਤਿਆਰ ਸੀ। ਚਾਅ ਏਨਾ ਸੀ ਕਿ ਰਾਤ ਦੀ ਲੇਟ ਡਿਊਟੀ ਦੇ ਬਾਵਜੂਦ ਸਵੇਰੇ ਜਲਦੀ ਉਠ ਕੇ ਜੁਆਕ ਨੂੰ ਸਕੂਲ ਭੇਜ ਕੇ ਝੱਟਪੱਟ ਤਿਆਰੀ ਕਰ ਲਈ। ਹੁਣ ਕੁਦਰਤ ਨੂੰ ਕੌਣ ਰੋਕੇ! ਐਨ ਗਿਆਰਾਂ ਵਜੇ ਪੂਰੇ ਵੇਗ ਵਿੱਚ ਵਰ੍ਹਦਾ ਮੀਂਹ ਵੀ ਮੇਰੇ ਕਦਮ ਨਾ ਰੋਕ ਸਕਿਆ। ਆਪਣੇ ਢਾਈ ਵਰ੍ਹਿਆਂ ਦੇ ਛੋਟੇ ਪੁੱਤ ਨੂੰ ਢਾਕੇ ਚੁੱਕੀ ਮੈਂ ਤੀਆਂ ਦੇ ਪੰਡਾਲ ਵਿੱਚ ਅਪੜ ਗਈ।
ਇਹ ਤੀਆਂ ਮੇਰੇ ਮਾਲਵੇ ਵਾਂਗ ਪਿੱਪਲ ਜਾਂ ਬੋਹੜ ਦੀ ਛਾਵੇਂ ਨਹੀਂ, ਬਲਕਿ ਇਕ ਆਲੀਸ਼ਾਨ ਏ ਸੀ ਹਾਲ ਵਿੱਚ ਲੱਗੀਆਂ ਸਨ। ਡੀ ਜੇ ਦੇ ਸ਼ੋਰੀਲੇ ਸੰਗੀਤ ਵਿੱਚ ਮੇਰੀਆਂ ਸਹੇਲੀਆਂ ਨੱਚ-ਨੱਚ ਕੇ ਦੂਹਰੀਆਂ ਤੀਹਰੀਆਂ ਹੋ ਰਹੀਆਂ ਸਨ। ਪੱਛਮੀ ਪਹਿਰਾਵਿਆਂ ‘ਚ ਨਜ਼ਰੀਂ ਆਉਂਦੀਆਂ ਮੇਰੀਆਂ ਸਖੀਆਂ ਅੱਜ ਕੁਝ ਵੱਖਰੀਆਂ ਲੱਗ ਰਹੀਆਂ ਸਨ। ਰੰਗ ਬਿਰੰਗੇ ਸੂਟਾਂ ਤੇ ਗਹਿਣਿਆਂ ਨੇ ਇਨ੍ਹਾਂ ਸੁਆਣੀਆਂ ਦਾ ਰੂਪ ਦੂਣ ਸਵਾਇਆ ਕਰ ਦਿੱਤਾ ਸੀ ਅਤੇ ਇਨ੍ਹਾਂ ਨੂੰ ਦੇਖ ਕੇ ਮੈਨੂੰ ਆਪਣੇ ਪਿੰਡ ਦੀਆਂ ਤੀਆਂ ‘ਤੇ ਪੇਕੇ ਆਈਆਂ ਸੱਜ ਵਿਆਹੀਆਂ ਦਾ ਝੌਲਾ ਪੈ ਰਿਹਾ ਸੀ। ਹਾਲ ਵਿੱਚ ਸੱਭਿਆਚਾਰ ਦੀ ਝਲਕ ਦੇਣ ਲਈ ਚਰਖਾ, ਪੂਣੀਆਂ, ਘੜੇ, ਪੱਖੀਆਂ ਆਦਿ ਸ਼ਿੰਗਾਰ ਕੇ ਰੱਖੇ ਹੋਏ ਸਨ ਅਤੇ ਇਨ੍ਹਾਂ ਵਸਤਾਂ ਨਾਲ ਪੋਜ਼ ਬਣਾ ਕੇ ਫੋਟੋਆਂ ਖਿਚਾਉਣ ਲਈ ਵਾਰੀ ਉਡੀਕਣੀ ਪੈ ਰਹੀ ਸੀ। ਆਧੁਨਿਕਤਾ ਦੇ ਇਸ ਯੁੱਗ ਵਿੱਚ ਸੈਲਫੀਆਂ ਦਾ ਤਾਂ ਜਿਵੇਂ ਹੜ੍ਹ ਆ ਗਿਆ ਸੀ।
ਅਚਾਨਕ ਡੀ ਜੇ ਬੰਦ ਹੋ ਗਿਆ ਤੇ ਹੁਣ ਵੇਲਾ ਆਇਆ ਮਾਈਕ ਫੜ ਕੇ ਬੋਲੀਆਂ ਪਾ ਕੇ ਨੱਚਣ ਦਾ। ਇਸ ਤੋਂ ਪਹਿਲਾਂ ਕਿ ਕੋਈ ਬੋਲੀ ਪਾਉਂਦੀ, ਇਕ ਸਿਆਣੀ ਬੀਬੀ ਨੇ ਮਾਈਕ ਫੜ ਕੇ ‘ਜ਼ਰੂਰੀ’ ਅਨਾਊਂਸਮੈਂਟ ਕੀਤੀ, ‘ਬਈ ਕੋਈ ਵੀ ਜਣਾ ਸੱਸ ਜਾਂ ਨਣਦ ਬਾਰੇ ਬੋਲੀ ਨਹੀਂ ਪਾਵੇਗਾ।’
ਮੈਂ ਅਨੋਬੜ ਨੇ ਸੋਚਿਆ ਕਿ ਸ਼ਾਇਦ ਆਧੁਨਿਕ ਯੁੱਗ ਦੀਆਂ ਕੁੜੀਆਂ ਸੱਸ-ਨੂੰਹ ਜਾਂ ਨਣਦ-ਭਰਜਾਈ ਦੇ ਰਿਸ਼ਤੇ ਦੀ ਕੁੜੱਤਣ ਤੋਂ ਉਪਰ ਉਠ ਗਈਆਂ ਹਨ ਜਾਂ ਇਹ ਪਾੜਾ ਘੱਟ ਰਿਹਾ ਹੈ, ਪਰ ਹੋਕੇ ਦੀ ਅਗਲੀ ਹੀ ਹੱਲ ਨੇ ਮੇਰੇ ਭੁਲੇਖੇ ਦੂਰ ਕਰ ਦਿੱਤੇ। ਸਿਆਣੀ ਬੀਬੀ ਨੇ ਜ਼ੋਰਦਾਰ ਠਹਾਕਾ ਲਾ ਕੇ ਕਿਹਾ, ‘ਪਲੀਜ਼ ਸੱਸਾਂ-ਨਣਦਾਂ ਤੋਂ ਛੁੱਟ ਕੇ ਆਏ ਹਾਂ, ਏਥੇ ਨਾ ਯਾਦ ਕਰੀ ਜਾਇਓ। ਦੋ ਘੜੀ ਹੱਸ ਖੇਡ ਲਿਓ।’
ਬੱਸ ਫਿਰ ਕੀ ਸੀ, ਇਕ ਤੋਂ ਇਕ ਚੜ੍ਹ ਕੇ ਪੂਰੇ ਢਾਈ ਤਿੰਨ ਘੰਟੇ ਲਗਾਤਾਰ ਇਨ੍ਹਾਂ ਔਰਤਾਂ ਦੀ ਧਰਤੀ ਨੂੰ ਅੱਡੀ ਨਾ ਲੱਗੀ। ਬਿਸਲੇਰੀ ਦੀਆਂ ਪਾਣੀ ਵਾਲੀਆਂ ਬੋਤਲਾਂ ਅਤੇ ਕੋਲਡ ਡਰਿੰਕਸ ਨੂੰ ਛੱਡ ਕੇ ਹੋਟਲ ਵਾਲਿਆਂ ਦੇ ਸਨੈਕਸ ਤੇ ਕੌਫੀ ਨੂੰ ਕਿਸੇ ਨੇ ਮੂੰਹ ਵੀ ਨਾ ਲਾਇਆ, ਸਮਾਂ ਹੀ ਕਿਸ ਕੋਲ ਸੀ ਇਸ ਸਭ ਦੇ ਲਈ?
ਏ ਸੀ ਚੱਲਣ ਦੇ ਬਾਵਜੂਦ ਮੁੜ੍ਹਕੋ ਮੁੜ੍ਹਕੀ ਹੋ ਕੇ ‘ਟਮਾਟਰ ਰੰਗੀਆਂ’ ਹੋਈਆਂ ਇਨ੍ਹਾਂ ਬੀਬੀਆਂ ਦੇ ਜੋਸ਼ ਨੇ ਮੈਨੂੰ ਮੇਰਾ ਪੇਕਾ ਪਿੰਡ ਯਾਦ ਕਰਵਾ ਦਿੱਤਾ। ਕਿਵੇਂ ਹਰ ਸਾਉਣ ਦੇ ਮਹੀਨੇ ਹੁੰਮਸ ਭਰੀਆਂ ਸ਼ਾਮਾਂ ਨੂੰ ਛੇਤੀ ਕੰਮ ਨਿਬੇੜ ਕੇ ਪਿੱਪਲ ਹੇਠ ‘ਕੱਠੀਆਂ ਹੋਈਆਂ ਪਿੰਡ ਦੀਆਂ ਕੁੜੀਆਂ ਗਿੱਧੇ ਦੇ ਪੰਡਾਲ ਵਿੱਚ ਉਤਰਦੀਆਂ ਅਤੇ ਆਪਣੇ ਦਿਲ ਦੇ ਤੌਖਲੇ ਅੱਡੀਆਂ ਦੇ ਜ਼ੋਰ ਨਾਲ ਪ੍ਰਗਟ ਕਰਦੀਆਂ ਸਨ। ਮੈਨੂੰ ਜਾਪ ਰਿਹਾ ਸੀ ਕਿ ਜਿਵੇਂ ਮੈਂ ਆਪਣੇ ਪਿੰਡ ਦੇ ਪਿੱਪਲ ਹੇਠ ਤੀਆਂ ਦੀ ਰੌਣਕ ‘ਚ ਹਾਂ। ਆਪਣੇ ਦੁਆਲੇ ਨੱਚ ਰਹੀਆਂ ਸਾਰੀਆਂ ਜਣੀਆਂ ਮੈਨੂੰ ਆਪਣੇ ਪਿੰਡ ਦੀਆਂ ਸਹੇਲੀਆਂ ਦਿਸ ਰਹੀਆਂ ਸਨ। ਇਸ ਸਮਾਨਤਾ ਨੇ ਵਰ੍ਹਿਆਂ ਦੇ ਬੇਗਾਨੇਪਣ ਦੇ ਅਹਿਸਾਸ ਨੂੰ ਅਪਣੱਤ ਵਿੱਚ ਬਦਲ ਦਿੱਤਾ। ਅਚਾਨਕ ਇਸ ਮਲਵੈਣ ਨੂੰ ਚੰਡੀਗੜ੍ਹ ਵੀ ਆਪਣਾ ਜਾਪਣ ਲੱਗਾ।