ਤੇਲ ਤੇ ਕੁਦਰਤੀ ਗੈਸ ਕਮਿਸ਼ਨ ਦੇ ਜਹਾਜ਼ ਵਿੱਚ ਗੈਸ ਲੀਕੇਜ, ਧਮਾਕੇ ਨਾਲ 5 ਮੌਤਾਂ


ਕੋਚੀ, 13 ਫਰਵਰੀ, (ਪੋਸਟ ਬਿਊਰੋ)- ਕੋਚੀਨ ਸ਼ਿਪਯਾਰਡ ਲਿਮਟਿਡ (ਸੀ ਐਸ ਐਲ) ਦੇ ਕੰਪਲੈਕਸ ਵਿੱਚ ਮੁਰੰਮਤ ਦੇ ਕੰਮਾਂ ਦੇ ਦੌਰਾਨ ਓ ਐਨ ਜੀ ਸੀ (ਆਇਲ ਐਂਡ ਨੈਚੁਰਲ ਗੈਸ ਕਮਿਸ਼ਨ) ਦੇ ਬੇੜੇ ਵਿੱਚ ਹੋਏ ਇੱਕ ਧਮਾਕੇ ਕਾਰਨ ਲੱਗੀ ਅੱਗ ਦੀ ਮਾਰ ਹੇਠ ਆਣ ਕੇ ਅੱਜ ਪੰਜ ਜਣੇ ਮਾਰੇ ਗਏ ਅਤੇ ਸੱਤ ਜਣੇ ਜ਼ਖ਼ਮੀ ਹੋਏ ਹਨ।
ਇਸ ਸੰਬੰਧ ਵਿੱਚ ਸੀ ਐਸ ਐਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮਧੂ ਐਸ ਨਾਇਰ ਨੇ ਦੱਸਿਆ ਕਿ ਇਹ ਧਮਾਕਾ ਓ ਐਨ ਜੀ ਸੀ ਦੇ ਸਮੁੰਦਰੀ ਬੇੜੇ ‘ਸਾਗਰ ਭੂਸ਼ਨ’ ਦੇ ਮੂਹਰਲੇ ਟੈਂਕ ਵਿੱਚ ਸਵੇਰੇ ਸਵਾ 9 ਵਜੇ ਹੋਇਆ ਸੀ। ਉਨ੍ਹਾਂ ਕਿਹਾ, ‘ਟੈਂਕ ਵਿੱਚ ਗੈਸ ਜਮ੍ਹਾਂ ਹੋਣ ਕਰਕੇ ਇਹ ਧਮਾਕਾ ਹੋਇਆ ਹੋ ਸਕਦਾ ਹੈ।’ ਨਾਇਰ ਨੇ ਕਿਹਾ ਕਿ ਇਸ ਧਮਾਕੇ ਮਗਰੋਂ ਅੱਗ ਬੁਝਾਊ ਕਰਮੀਆਂ ਨੂੰ ਸੱਦ ਕੇ 12 ਵਿਅਕਤੀਆਂ ਨੂੰ ਮੌਕੇ ਤੋਂ ਹਟਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਬਾਅਦ ਵਿੱਚ ਮੌਤ ਹੋ ਗਈ ਅਤੇ 7 ਹੋਰਨਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਕਾਮੇ ਦੀ ਹਾਲਤ 40 ਫ਼ੀਸਦੀ ਝੁਲਸਣ ਕਰਕੇ ਗੰਭੀਰ ਹੈ। ਸੀ ਐਸ ਐਲ ਵੱਲੋ ਦਿੱਤੇ ਗਏ ਸਰਕਾਰੀ ਬਿਆਨ ਮੁਤਾਬਕ ਸਵੇਰੇ ਇਸ ਬੇੜੇ ਦੇ ਏਅਰ ਕੰਡੀਸ਼ਨਿੰਗ ਵਾਲੇ ਖੇਤਰ ਨੇੜੇ ਗੈਸ ਲੀਕ ਹੋਣ ਦੀ ਜਾਣਕਾਰੀ ਮਿਲੀ ਸੀ, ਜਿਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਪਿੱਛੋਂ ਸਾਰੇ ਕਾਮਿਆਂ ਨੂੰ ਤੁਰੰਤ ਕੰਮ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਇਸੇ ਦੌਰਾਨ ਧਮਾਕਾ ਹੋ ਜਾਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।