ਤੂੰ ਕਿਤੇ ਟਰੈਕਟਰ ਤੋਂ ਘੱਟ ਐਂ!

-ਰਵਿੰਦਰ ਰੁਪਾਲ ਕੌਲਗੜ੍ਹ
ਸੁਹਾਗਾ ਦੇਣ ਤੋਂ ਕੱਦੂ ਵਿੱਚ ਪੌਣਾ ਕੁ ਵਿੱਘਾ ਥਾਂ ਬਾਕੀ ਰਹਿੰਦਾ ਸੀ, ਜਦੋਂ ਦੇਵ ਵੀਰ ਨੇ ਖੇਤ ਵਿੱਚ ਚੱਲਦਾ ਟਰੈਕਟਰ ਰੋਕ ਲਿਆ ਅਤੇ ਤੇਲ ਵਾਲੀ ਟੈਂਕੀ ਦਾ ਢੱਕਣ ਖੋਲ੍ਹ ਕੇ ਮੇਰੇ ਬਾਪੂ ਜੀ ਨੂੰ ਹਾਕ ਮਾਰ ਕੇ ਕਹਿਣ ਲੱਗਿਆ, ‘ਚਾਚਾ, ਉਂਗਲ ਕੁ ਤੇਲ ਬਾਕੀ ਰਹਿੰਦੈ। ਜੇ ਹਵਾ ਲੈ ਗਿਆ ਤਾਂ ਇਹਨੇ ਘਰੇ ਵੀ ਨ੍ਹੀਂ ਪਹੁੰਚਣਾ। ਫਿਰ ਕੱਦੂ ਵਿੱਚੋਂ ਵੀ ਬਾਹਰ ਕੱਢਣਾ ਔਖਾ ਹੋ ਜਾਊ।’ ਬਾਪੂ ਜੀ ਨੇ ਕੋਈ ਜੁਆਬ ਨਹੀਂ ਸੀ ਦਿੱਤਾ। ਦੇਵ ਫਿਰ ਬੋਲਿਆ, ‘ਚਾਚਾ, ਜਾਂ ਤਾਂ ਵੀਹ-ਪੰਜਾਹ ਦਾ ਤੇਲ ਮੰਗਵਾ ਲਉ ਜਾਂ ਫਿਰ ਏਨੇ ਕੁ ਥਾਂ ਵਿੱਚ ਝੋਨਾ ਲਾਉਣ ਦੀ ਥਾਂ ਕੁਝ ਹੋਰ ਬੀਜ ਲੈਣਾ।’ ਇਉਂ ਕਹਿ ਕੇ ਉਸ ਨੇ ਟਰੈਕਟਰ ਦੁਬਾਰਾ ਸਟਾਰਟ ਕਰਿਆ ਤੇ ਕੱਦੂ ਵਿੱਚੋਂ ਬਾਹਰ ਕੱਢ ਕੇ ਪਹੀ ਉੱਤੇ ਚੜ੍ਹਾ ਲਿਆ। ਉੱਥੇ ਜਾ ਕੇ ਟਰੈਕਟਰ ਰੋਕ ਕੇ ਫਿਰ ਬੋਲਿਆ, ‘ਚਾਚਾ, ਜੇ ਤੇਲ ਮੰਗਵਾ ਲਓ ਤਾਂ ਸੁਨੇਹਾ ਭੇਜ ਦਿਉ, ਮੈਂ ਫਿਰ ਆ ਜਾਊਂ।’ ਇਉਂ ਕਹਿ ਕੇ ਉਹ ਟਰੈਕਟਰ ਲੈ ਕੇ ਚਲਾ ਗਿਆ। ਇਹ ਗੱਲ ਕਰੀਬ ਅਠੱਤੀ ਸਾਲ ਪਹਿਲਾਂ ਦੀ ਹੈ।
ਉਸ ਦਿਨ ਮੇਰੇ ਬਾਪੂ ਜੀ ਦੀ ਜੇਬ੍ਹ ਵਿੱਚ ਵੀਹ ਪੰਜਾਹ ਰੁਪਏ ਵੀ ਨਹੀਂ ਸਨ ਕਿ ਸ਼ਹਿਰੋਂ ਡੀਜ਼ਲ ਮੰਗਵਾ ਕੇ ਬਾਕੀ ਰਹਿੰਦਾ ਕੰਮ ਸਿਰੇ ਚੜ੍ਹਾ ਸਕਦੇ। ਉਸ ਸਾਲ ਅਸੀਂ ਆਪਣੇ ਸਾਰੇ ਖੇਤ ਵਿੱਚ ਜੀਰੀ (ਝੋਨਾ) ਲਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ। ਮੈਂ ਉਸ ਵਕਤ ਉਨ੍ਹਾਂ ਦੇ ਨਾਲ-ਨਾਲ ਫਿਰਦਿਆਂ ਜ਼ਮੀਨ ਵਿੱਚ ਕੱਦੂ ਹੁੰਦਾ ਵੇਖ ਰਿਹਾ ਸਾਂ। ਜਦੋਂ ਦੇਵ ਵੀਰ ਟਰੈਕਟਰ ਲੈ ਕੇ ਚਲਾ ਗਿਆ ਤਾਂ ਮੈਂ ਬਾਪੂ ਜੀ ਨੂੰ ਕਿਹਾ, ‘ਜੀਰੀ ਲਾਉਣ ਲਈ ਕੱਦੂ ਵਿੱਚ ਸੁਹਾਗਾ ਦੇਣਾ ਜ਼ਰੂਰੀ ਐ? ਇਉਂ ਨ੍ਹੀਂ ਲੱਗਣੀ ਜੀਰੀ?’
ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ, ‘ਕੱਦੂ ਕਰਨ ਤੋਂ ਬਾਅਦ ਸੁਹਾਗਾ ਦੇਣਾ ਜ਼ਰੂਰੀ ਹੁੰਦੈ। ਨਹੀਂ ਤਾਂ ਜੀਰੀ ਲਾਉਣ ਵਾਲਿਆਂ ਨੂੰ ਦਿੱਕਤ ਆਉਣ ਦੇ ਨਾਲ ਫਿਰ ਖੇਤ ਵਿੱਚ ਪਾਣੀ ਵੀ ਨਹੀਂ ਖੜ੍ਹਦਾ। ਸੁਹਾਗਾ ਤਾਂ ਕੱਦੂ ਨੂੰ ਫਰਸ਼ ਬਣਾ ਦਿੰਦੈ। ਫਿਰ ਪਾਣੀ ਵੀ ਨ੍ਹੀਂ ਛੇਤੀ ਸੁੱਕਦਾ ਹੁੰਦਾ।’ ਫਿਰ ਉਹ ਬੋਲੇ, ‘ਤੂੰ ਇਉਂ ਕਰ, ਜੈਲੇ ਕੇ ਬਲਦ ਘਰੇ ਹੋਣੇ ਨੇ। ਉਨ੍ਹਾਂ ਨੂੰ ਪੁੱਛ ਕੇ ਆ। ਮੈਂ ਬਲਦਾਂ ਨਾਲ ਹੀ ਚਾਰ ਗੇੜੇ ਦੇ ਲੈਣੇ ਨੇ। ਨਾਲੇ ਆਉਂਦਾ ਹੋਇਆ ਘਰੋਂ ਚਾਹ ਬਣਵਾ ਲਿਆਈਂ। ਮੈਂ ਉਦੋਂ ਤਕ ਕੋਈ ਹੋਰ ਹੀਲਾ ਕਰਕੇ ਦੇਖਦਾਂ!!’
ਮੈਂ ਚਾਹ ਲੈਣ ਜਾਣ ਵੇਲੇ ਬਾਪੂ ਜੀ ਦੇ ਸਾਹਮਣੇ ਖੜ੍ਹ ਕੇ ਘਰ ਨੂੰ ਇਉਂ ਤੁਰਿਆ, ਜਿਵੇਂ ਟਰੈਕਟਰ ਸਟਾਰਟ ਕਰਕੇ ਤੁਰੀਦਾ ਹੈ। ਮੈਂ ਤੁਰਨ ਤੋਂ ਪਹਿਲਾਂ ਬੁੱਲ੍ਹਾਂ ਨਾਲ ਬਰੁਰ-ਬਰੁਰ ਜਿਹੀ ਕੀਤੀ ਅਤੇ ਖੱਬੇ ਹੱਥ ਨਾਲ ਜਿਵੇਂ ਗੇਅਰ ਪਾਈਦਾ ਹੈ, ਗੇਅਰ ਜਿਹਾ ਪਾ ਕੇ ਮੈਂ ਘਰ ਨੂੰ ਚਾਹ ਲਿਆਉਣ ਲਈ ਦੌੜ ਗਿਆ ਅਤੇ ਥੋੜ੍ਹੀ ਦੇਰ ਬਾਅਦ ਡੋਲੂ ਵਿੱਚ ਚਾਹ ਪੁਆ ਕੇ ਖੇਤ ਮੁੜ ਆਇਆ। ਮੇਰੇ ਆਉਂਦੇ ਨੂੰ ਬਾਪੂ ਜੀ ਇੱਕ ਛੋਟੀ ਸੁਹਾਗੀ ਨੂੰ ਰੱਸੀਆਂ ਬੰਨ੍ਹਣ ਲੱਗੇ ਹੋਏ ਸਨ। ਮੈਂ ਚਾਹ ਵਾਲਾ ਡੋਲੂ, ਔਲੂ ਉੱਤੇ ਰੱਖਦਿਆਂ ਕਿਹਾ, ‘ਬਾਪੂ ਜੀ, ਜੈਲੇ ਚਾਚੇ ਕੇ ਬਲਦ ਤਾਂ ਘਰੇ ਹੈ ਨਹੀਂ, ਉਹ ਤਾਂ ਰੇਹੜੀ ਜੋੜ ਕੇ ਖੇਤਾਂ ਨੂੰ ਲੈ ਕੇ ਗਏ ਨੇ।’
‘ਅੱਛਾ।’ ਉਨ੍ਹਾਂ ਉਦਾਸ ਜਿਹੀ ਸੁਰ ਵਿਚ ਕਿਹਾ। ਫਿਰ ਕਹਿੰਦੇ, ‘ਪਾ ਫਿਰ ਚਾਹ ਗਲਾਸਾਂ ਵਿੱਚ। ਪਹਿਲਾਂ ਚਾਹ ਪੀ ਲਈਏ।’
ਮੈਂ ਦੋ ਗਲਾਸਾਂ ਵਿੱਚ ਚਾਹ ਪਾ ਦਿੱਤੀ। ਅਸੀਂ ਦੋਵੇਂ ਜਣੇ ਔਲੂ ਦੀ ਮੌਣ ਉੱਤੇ ਬੈਠ ਕੇ ਚਾਹ ਪੀਣ ਲੱਗੇ ਅਤੇ ਬਗੈਰ ਸੁਹਾਗਾ ਦਿੱਤੇ ਹੋਏ ਥਾਂ ਵੱਲ ਟਿਕਟਿਕੀ ਲਾ ਕੇ ਵੇਖਣ ਲੱਗੇ। ਅਜੇ ਆਖ਼ਰੀ ਘੁੱਟ ਬਾਕੀ ਰਹਿੰਦੀ ਸੀ ਕਿ ਬਾਪੂ ਜੀ ਮੈਨੂੰ ਕਹਿਣ ਲੱਗੇ, ‘ਜੇ ਬਲਦ ਨਹੀਂ ਮਿਲੇ, ਫੇਰ ਕਿਹੜਾ ਆਪਾਂ ਤੋਂ ਸੁਹਾਗੀ ਨ੍ਹੀਂ ਦੇ ਹੋਣੀ। ਤੇਲ ਟਰੈਕਟਰ ਵਿੱਚੋਂ ਮੁੱਕਿਆ ਹੋਊ, ਸਾਡੇ ਵਿੱਚੋਂ ਨਹੀਂ।’
ਇਹ ਗੱਲ ਸੁਣ ਕੇ ਮੈਂ ਉਨ੍ਹਾਂ ਦੇ ਮੂੰਹ ਵੱਲ ਝਾਕਣ ਲੱਗਿਆ, ‘ਤੁਹਾਡੀ ਇਹ ਗੱਲ ਤਾਂ ਠੀਕ ਐ ਬਾਪੂ ਜੀ, ਸਾਡੇ ਵਿੱਚ ਤਾਂ ਤੇਲ ਹੈ।’
‘ਇਸੇ ਲਈ ਮੈਂ ਛੋਟੀ ਸੁਹਾਗੀ ਨੂੰ ਰੱਸੀਆਂ ਬੰਨ੍ਹੀਆਂ ਨੇ। ਚੱਲ ਫਿਰ ਹੋ ਕੈੜਾ’, ਬਾਪੂ ਜੀ ਨੇ ਚਾਹ ਵਾਲਾ ਖਾਲੀ ਗਲਾਸ ਔਲੂ ਦੀ ਮੌਣ ਉੱਤੇ ਧਰਦਿਆਂ ਮੇਰੇ ਵੱਲ ਮੂੰਹ ਕਰਕੇ ਕਿਹਾ।
‘ਮੈਂ?’ ਮੈਂ ਕੰਬਦੀ ਜਿਹੀ ਆਵਾਜ਼ ਵਿੱਚ ਬੋਲਿਆ।
‘‘ਹਾਂ ਤੂੰ, ਤੂੰ ਕਿਤੇ ਟਰੈਕਟਰ ਤੋਂ ਘੱਟ ਐਂ? ਇਹ ਪੌਣੇ ਕੁ ਵਿੱਘੇ ਥਾਂ ਨੂੰ ਕਿੰਨਾ ਕੁ ਟਾਈਮ ਲੱਗੂ ਭਲਾ, ਕੁਝ ਵੀ ਨ੍ਹੀਂ। ਚੱਲ ਉੱਠ ਹਿੰਮਤ ਕਰ। ਮੈਂ ਤੇਰੇ ਨਾਲ ਆਂ। ਸਵੇਰੇ ਸਾਝਰੇ ਅਗਲਿਆਂ ਝੋਨਾ ਲਾਉਣ ਆ ਜਾਣੈ।’
‘ਤੂੰ ਕਿਤੇ ਟਰੈਕਟਰ ਤੋਂ ਘੱਟ ਐਂ’, ਉਨ੍ਹਾਂ ਦੀ ਆਖੀ ਹੋਈ ਇਹ ਗੱਲ ਮੈਨੂੰ ਜੋਸ਼ ਜਿਹਾ ਲਿਆਉਣ ਲੱਗੀ। ਫਿਰ ਪਤਾ ਨਹੀਂ ਮੇਰੇ ਵਿੱਚ ਕਿੱਥੋਂ ਹੌਸਲਾ ਆ ਗਿਆ। ਅਸੀਂ ਉਧਰੋ-ਉਧਰੀ ਸੁਹਾਗੀ ਫੜ ਕੇ ਉੱਥੇ ਖੇਤ ਵਿੱਚ ਸੁੱਟ ਲਈ, ਜਿੱਥੇ ਸੁਹਾਗੀ ਦੇਣ ਤੋਂ ਥਾਂ ਬਾਕੀ ਰਹਿੰਦੀ ਸੀ। ਮੈਂ ਦੋਵੇਂ ਰੱਸੀਆਂ ਨੂੰ ਮੋਢਿਆਂ ਦੇ ਉਪਰ ਦੀ ਫੜ ਕੇ ਸੁਹਾਗੀ ਨੂੰ ਪਾਣੀ ਤੇ ਗਾਰੇ ਵਿੱਚ ਖਿੱਚਣ ਲੱਗਿਆ। ਕੱਦੂ ਕਰੀ ਹੋਈ ਥਾਂ ਵਿੱਚ ਮੈਨੂੰ ਡਿੰਗ ਪੁੱਟਣੀ ਬਹੁਤ ਮੁਸ਼ਕਿਲ ਲੱਗ ਰਹੀ ਸੀ। ਪੈਰ ਪੁੱਟਿਆ ਨਹੀਂ ਸੀ ਜਾ ਰਿਹਾ। ਜਿਵੇਂ ਜ਼ਮੀਨ ਵਿੱਚ ਕੋਈ ਪੈਰਾਂ ਨੂੰ ਫੜਦਾ ਹੋਵੇ। ਜਦੋਂ ਜ਼ੋਰ ਨਾਲ ਪੈਰ ਪੁੱਟ ਕੇ ਅੱਗੇ ਧਰਦਾ ਤਾਂ ਮਿੱਟੀ ਵਾਲਾ ਪਾਣੀ ਮੇਰੇ ਕੱਪੜਿਆਂ ਤੇ ਮੂੰਹ ਉੱਤੇ ਸਿੱਧਾ ਪੈਂਦਾ। ਉਂਜ ਸੁਹਾਗੀ ਖਿੱਚਣ ਵਿੱਚ ਕੋਈ ਦਿੱਕਤ ਨਹੀਂ ਸੀ ਆ ਰਹੀ, ਪਰ ਪਹਿਲੇ ਚੱਕਰ ਵਿੱਚ ਹੀ ਰੱਸੀਆਂ ਵਾਲੇ ਥਾਂ ਤੋਂ ਮੇਰੇ ਦੋਵੇਂ ਮੋਢੇ ਲਾਲ ਹੋ ਗਏ। ਮੈਂ ਪਹੀ ਵਾਲੇ ਪਾਸੇ ਤੋਂ ਮੋਟਰ ਵਾਲੇ ਪਾਸੇ ਨੂੰ ਮੁੜਿਆ ਤਾਂ ਮੈਂ ਬਾਪੂ ਜੀ ਨੂੰ ਕਿਹਾ, ‘ਰੱਸੀਆਂ ਤਾਂ ਮੇਰੇ ਮੋਢਿਆਂ ਵਿੱਚ ਚੁਭਦੀਆਂ ਨੇ। ਮੈਥੋਂ ਨ੍ਹੀਂ ਇਹ ਕੰਮ ਹੋਣਾ।’
ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ, ‘ਤੂੰ ਬਾਹਰ ਆ ਨਿਕਲ ਕੇ।’ ਜਦੋਂ ਮੈਂ ਉਨ੍ਹਾਂ ਦੇ ਕੋਲ ਗਿਆ ਤਾਂ ਉਨ੍ਹਾਂ ਨੇ ਆਪਣੇ ਸਿਰ ਉੱਤੇ ਬੰਨ੍ਹਿਆ ਪਰਨਾ ਉਤਾਰਿਆ ਤੇ ਮੇਰੀਆਂ ਬਾਹਵਾਂ ਦੇ ਥੱਲੇ ਦੀ ਮੇਰੇ ਮੋਢਿਆਂ ਦੇ ਉਪਰ ਬੰਨ੍ਹ ਦਿੱਤਾ ਅਤੇ ਰੱਸੀਆਂ ਦੇ ਸਿਰੇ ਉੱਤੇ ਗੰਢਾਂ ਮਾਰ ਦਿੱਤੀਆਂ। ਫਿਰ ਮੈਨੂੰ ਥਾਪੀ ਜਿਹੀ ਦੇ ਕੇ ਕਹਿਣ ਲੱਗੇ, ‘ਚੱਲ ਬਈ, ਹੁਣ ਕਰ ਆਪਣਾ ਟਰੈਕਟਰ ਸਟਾਰਟ ਤੇ ਹੋ ਜਾ ਸ਼ੁਰੂ। ਮੈਂ ਦੇਖਦਾਂ, ਭਲਾ ਕਿਵੇਂ ਨ੍ਹੀਂ ਸੁਹਾਗੀ ਫਿਰੂ ਕੱਦੂ ਵਿੱਚ।’
ਮੈਂ ਰੱਸੀਆਂ ਫੜ ਕੇ ਸੁਹਾਗੀ ਖਿੱਚਣ ਲੱਗਿਆ। ਹਰ ਗੇੜੇ ਮੈਨੂੰ ਬਾਪੂ ਜੀ ਤੋਂ ਸ਼ਾਬਾਸ਼ ਮਿਲਦੀ। ਜਦੋਂ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਤਾਂ ਉਨ੍ਹਾਂ ਦੇ ਆਖੇ ਬੋਲ ਕੰਨਾਂ ਵਿੱਚ ਘੁੰਮਦੇ ਕਿ ‘ਤੇਲ ਟਰੈਕਟਰ ਵਿੱਚੋਂ ਮੁੱਕਿਆ ਹੋਊ, ਸਾਡੇ ਵਿੱਚੋਂ ਨਹੀਂ।’ ਬੱਸ ਫਿਰ ਤਾਂ ਪਤਾ ਹੀ ਨਹੀਂ ਲੱਗਿਆ ਕਿ ਪੌਣੇ ਕੁ ਵਿੱਘੇ ਥਾਂ ਉੱਤੇ ਕਦੋਂ ਸੁਹਾਗੀ ਫਿਰ ਗਈ। ਭਾਵੇਂ ਅਖੀਰਲੇ ਗੇੜੇ ਨੂੰ ਮੈਂ ਥੱਕ ਕੇ ਚੂਰ ਹੋ ਗਿਆ, ਲੱਤਾਂ ਚੱਲਣੋਂ ਜਵਾਬ ਦੇ ਰਹੀਆਂ ਸਨ, ਪਰ ਉਨ੍ਹਾਂ ਮੈਨੂੰ ਹਾਰਨ ਨਹੀਂ ਦਿੱਤਾ। ਮੈਨੂੰ ਉਤਸ਼ਾਹ ਜਿਹਾ ਦੇ ਕੇ ਮੈਦਾਨ ਫ਼ਤਹਿ ਕਰਵਾ ਲਿਆ। ਅਸੀਂ ਨਾ ਬਲਦਾਂ ਅਤੇ ਨਾ ਕਿਸੇ ਟਰੈਕਟਰ ਦੀ ਉਡੀਕ ਕੀਤੀ। ਜੇ ਟਰੈਕਟਰ ਦੀ ਉਡੀਕ ਕਰਨ ਲੱਗ ਜਾਂਦੇ ਤਾਂ ਸ਼ਾਇਦ ਉਸ ਥਾਂ ਝੋਨਾ ਲੱਗਣੋਂ ਰਹਿ ਜਾਂਦਾ। ਅਗਲੇ ਦਿਨ ਝੋਨਾ ਲਾਉਣ ਵਾਲੇ ਪਹੁੰਚ ਚੁੱਕੇ ਸਨ।
ਦੂਜੇ ਦਿਨ ਦੁਪਹਿਰੋਂ ਬਾਅਦ ਮੈਂ ਸਕੂਲੋਂ ਮੁੜਿਆ ਤਾਂ ਬਾਪੂ ਜੀ ਮੈਨੂੰ ਦੱਸਣ ਲੱਗੇ: ਸਵੇਰੇ ਖੇਤ ਵਿੱਚ ਜੀਰੀ ਲਾਉਂਦਿਆਂ ਨੂੰ ਦੇਖ ਕੇ ਦੇਵ ਮੇਰੇ ਕੋਲ ਆ ਕੇ ਪੁੱਛਣ ਲੱਗਿਆ, ‘ਚਾਚਾ, ਸੁਹਾਗਾ ਮਾਰੇ ਬਿਨਾਂ ਜੀਰੀ ਲਗਵਾਉਣ ਲੱਗ ਪਏ? ਇੱਥੇ ਪਾਣੀ ਨ੍ਹੀਂ ਖੜ੍ਹਨਾ।’ ਮੈਂ ਕਿਹਾ, ‘ਸੁਹਾਗਾ ਮਾਰ ਕੇ ਹੀ ਲਵਾਉਣ ਲੱਗੇ ਹਾਂ।’ ਕਹਿਣ ਲੱਗਿਆ, ‘ਫਿਰ ਬਲਦ ਲਿਆਂਦੇ ਕਿਸੇ ਦੇ?’ ਮੈਂ ਕਿਹਾ, ‘ਬਲਦ ਤਾਂ ਨ੍ਹੀਂ ਮਿਲੇ ਕਿਸੇ ਦੇ, ਨਾ ਹੀ ਕੁਝ ਹੋਰ ਮਿਲਿਆ। ਫੇਰ ਸਾਡੇ ਹੀ ਟਰੈਕਟਰ ਨੇ ਕੰਮ ਸਾਰ ਦਿੱਤਾ।’ ‘ਤੁਹਾਡੇ ਟਰੈਕਟਰ ਨੇ? ਤੁਹਾਡੇ ਟਰੈਕਟਰ ਹੈਗਾ?’ ‘ਹਾਂ, ਸਾਡੇ ਵੀ ਹੈਗਾ’। ਜਦੋਂ ਮੈਂ ਉਸ ਨੂੰ ਇਉਂ ਕਿਹਾ, ਤਾਂ ਸੁਣ ਕੇ ਉਸ ਦਾ ਮੂੰਹ ਅੱਡਿਆ ਦਾ ਅੱਡਿਆ ਹੀ ਰਹਿ ਗਿਆ।