ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਨੇ ਆਪਣੇ ਜਵਾਈ ਨੂੰ ਵਿੱਤ ਮੰਤਰੀ ਬਣਾ ਲਿਆ

ਇਸਤੰਬੁਲ, 11 ਜੁਲਾਈ (ਪੋਸਟ ਬਿਊਰੋ)- ਤੁਰਕੀ ਵਿੱਚ ਲਗਾਤਾਰ ਦੂਸਰੀ ਵਾਰ ਰਾਸ਼ਟਰਪਤੀ ਚੁਣੇ ਗਏ ਰੈਸੇਪ ਤੈਯਪ ਅਰਦੋਗਨ ਨੇ ਆਪਣੇ ਜਵਾਈ ਬੇਰਾਤ ਅਲਬਾਇਰਕ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾ ਦਿੱਤਾ ਹੈ।
ਆਪਣੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਕੁਝ ਘੰਟਿਆਂ ਪਿੱਛੋਂ ਹੀ ਅਰਦੋਗਨ ਨੇ ਦੇਸ਼ ਦੀ ਨਵੀਂ ਕਾਰਜਕਾਰੀ ਰਾਸ਼ਟਰਪਤੀ ਪ੍ਰਣਾਲੀ ਦੇ ਆਪਣੇ ਨਵੇਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਜਵਾਈ ਦੀ ਇਹ ਨਿਯੁਕਤੀ ਕੀਤੀ ਹੈ। ਬੇਰਾਤ ਅਲਬਾਇਰਕ ਇਸ ਤੋਂ ਪਹਿਲਾਂ ਇਸ ਦੇਸ਼ ਦੇ ਊਰਜਾ ਮੰਤਰੀ ਹੁੰਦੇ ਸਨ। ਰਾਸ਼ਟਰਪਤੀ ਅਰਦੋਗਨ ਦਾ ਕਹਿਣਾ ਹੈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਦੇਸ਼ ਨੂੰ ਅੱਗੇ ਲਿਜਾਣ ਵਿੱਚ ਕਰਨਗੇ। ਵਿਰੋਧੀ ਪਾਰਟੀਆਂ ਨੂੰ ਸ਼ੰਕਾ ਹੈ ਕਿ ਨਵੀਂ ਪ੍ਰਣਾਲੀ ਨਾਲ ਦੇਸ਼ ਵਿੱਚ ਲੋਕਤੰਤਰ ਖਤਮ ਹੋ ਜਾਵੇਗਾ। ਨਵੀਂ ਵਿਵਸਥਾ ਹੇਠ ਪ੍ਰਧਾਨ ਮੰਤਰੀ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਰਾਸ਼ਟਰਪਤੀ ਬਿਨਾਂ ਪਾਰਲੀਮੈਂਟ ਦੀ ਇਜਾਜ਼ਤ ਦੇ ਕੈਬਨਿਟ ਮੰਤਰੀਆਂ ਨੂੰ ਚੁਣ ਸਕਦਾ ਅਤੇ ਸਰਕਾਰੀ ਕਰਮਚਾਰੀਆਂ ਨੂੰ ਹਟਾ ਸਕਦਾ ਹੈ। ਕੇਂਦਰੀ ਬੈਂਕ ਦੇ ਗਵਰਨਰ ਦੀ ਨਿਯੁਕਤੀ ਦਾ ਅਧਿਕਾਰ ਵੀ ਰਾਸ਼ਟਰਪਤੀ ਦੇ ਹੱਥ ਹੋਵੇਗਾ। ਇਨ੍ਹਾਂ ਨਵੀਆਂ ਸ਼ਕਤੀਆਂ ਨਾਲ ਅਰਦੋਗਨ ਇਸ ਦੇਸ਼ ਦੇ ਹਾਲੇ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਬਣ ਗਏ ਹਨ। ਪੱਛਮੀ ਦੇਸ਼ਾਂ ਅਤੇ ਕਈ ਸੰਗਠਨਾਂ ਨੇ ਇਸ ਨਵੀਂ ਵਿਵਸਥਾ ਨੂੰ ਤਾਨਾਸ਼ਾਹੀ ਕਿਹਾ ਹੈ। ਅਰਦੋਗਨ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਮਹੱਤਵ ਪੂਰਨ ਹੈ।