ਤੀਜੀ ਅੱਖ ਦਾ ਚਾਨਣ

-ਜਸਵੀਰ ਸਿੰਘ ਰਾਣਾ
‘ਪੀਪੇ ‘ਵਿੱ ਆਟਾ ਤਾਂ ਹੈ ਨੀ। .. ਰੋਟੀ ਦੱਸ ਕਿਵੇਂ ਬਣਾਵਾਂ।’ ਮਾਂ ਦੀ ਆਵਾਜ਼ ਆਈ।
‘ਚੁੱਪ ਕਰਦੀ ਐਂ ਕਿ ਨਹੀਂ! ਕਿਵੇਂ ਸਵੇਰੇ ਹੀ ਰੌਲਾ ਪਾਉਣ ਲੱਗੀ ਐ।’ ਬਾਪੂ ਉਚੀ-ਉਚੀ ਬੋਲਣ ਲੱਗ ਪਿਆ।
ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ। ਆਖਰ ਇਹ ਲੜਾਈ ਕਦੋਂ ਮੁੱਕਣੀ ਸੀ? ਪਿਆ-ਪਿਆ ਮੈਂ ਸੋਚਣ ਲੱਗ ਪਿਆ। ਬਾਪੂ ਕਿਰਪਾਲ ਹੋਰਾਂ ਨਾਲ ਸੀਰੀ ਸੀ। ਉਥੋਂ ਉਸ ਨੂੰ ਤਿੰਨ ਡੰਗ ਰੋਟੀ ਮਿਲਦੀ ਸੀ, ਪਰ ਕਈ ਵਾਰੀ ਉਸ ਨੂੰ ਰਾਤ ਨੂੰ ਬਹੁਤ ਭੁੱਖ ਲੱਗਦੀ। ਉਹ ਸਵੇਰੇ ਹੀ ਰੋਟੀ ਮੰਗਣ ਲੱਗ ਪੈਂਦਾ ਤੇ ਲੜਾਈ ਛਿੜ ਪੈਂਦੀ। ਜਦੋਂ ਤੋਂ ਮੇਰੀ ਸੁਰਤ ਸੰਭਲੀ, ਦੋਵਾਂ ਨੂੰ ਲੜਦੇ ਸੁਣਦਾ ਆ ਰਿਹਾ ਸੀ। ਉਨ੍ਹਾਂ ਨੂੰ ਲੜਦਾ ਛੱਡ ਕੇ ਮੈਂ ਦੋਵਾਂ ਹੱਥਾਂ ਨਾਲ ਮੰਜਾ ਟੋਹਿਆ। ਖੱਬਾ ਹੱਥ ਬਾਹੀ ਨਾਲ ਜਾ ਟਕਰਾਇਆ। ਮੈਂ ਬਾਹੀ ਫੜੀ। ਉਠ ਕੇ ਬੈਠਾ ਤੇ ਫਿਰ ਲੱਤਾਂ ਲਮਕਾ ਲਈਆਂ।
ਮੇਰਾ ਇਕ ਪੈਰ ਕੰਧ ਨਾਲ ਜਾ ਲੱਗਿਆ। ਮੈਂ ਕੰਧ ਛੋਹੀ। ਹੌਲੀ-ਹੌਲੀ ਹੇਠਾਂ ਉਤਰਿਆ ਤੇ ਫਿਰ ਤੱਕ ਨਾਲ ਹੀ ਨਲਕੇ ਵੱਲ ਨੂੰ ਤੁਰ ਪਿਆ। ਨਲਕੇ ਤੋਂ ਹੱਥ ਮੂੰਹ ਧੋ ਕੇ ਮੈਂ ਚੁੱਲ੍ਹੇ ਵੱਲ ਨੂੰ ਤੁਰ ਪਿਆ। ਲੈ ਫੜ ਪਹਿਲਾਂ ਮੂੰਹ ਪੂੰਝ ਲੈ। ਫਿਰ ਆਹ ਚਾਹ ਪੀ ਲਈਂ ਭੋਰਾ।’ ਮੈਨੂੰ ਬਾਪੂ ਦਾ ਪਰਨਾ ਫੜਾਉਂਦੀ ਹੋਈ ਮਾਂ ਬੋਲੀ। ਹੱਥ ਮੂੰਹ ਪੂੰਝ ਕੇ ਮੈਂ ਪਰਨਾ ਉਸ ਨੂੰ ਫੜਾ ਦਿੱਤਾ। ਉਹ ਨੇ ਮੇਰੇ ਹੱਥ ਵਿੱਚ ਚਾਹ ਦਾ ਗਿਲਾਸ ਫੜਾ ਦਿੱਤਾ। ਚਾਹ ਪੀ ਕੇ ਮੈਂ ਗਿਲਾਸ ਹੇਠਾਂ ਰੱਖ ਦਿੱਤਾ। ਬਾਪੂ ਦੀ ਆਵਾਜ਼ ਨਹੀਂ ਆ ਰਹੀ ਸੀ। ਮੈਂ ਪੁੱਛਣ ਲੱਗ ਪਿਆ, ‘ਬਾਪੂ ਕਿੱਥੇ ਗਿਆ, ਮਾਂ?’
‘ਜਿਥੋਂ ਰੋਟੀ ਮਿਲਦੀ ਐ…।’ ਆਖਦੀ ਹੋਈ ਮਾਂ ਲੋਕਾਂ ਦਾ ਗੋਹਾ ਕੂੜਾ ਕਰਨ ਤੁਰ ਪਈ। ਉਸ ਦੀ ਬੀਹੀ ਵਿੱਚ ਜਾਂਦੀ ਦੀ ਆਵਾਜ਼ ਆਈ, ‘ਨਹਾ ਕੇ ਸਕੂਲ ਚਲਿਆ ਜਾਈਂ।’ ਪਹਿਲਾਂ ਮੈਂ ਬੈਠਾ ਕਾਫੀ ਚਿਰ ਸੋਚਦਾ ਰਿਹਾ। ਕਿੰਨੀਆਂ ਹੀ ਗੱਲਾਂ ਮੇਰੇ ਦਿਮਾਗ ਵਿੱਚ ਆਈਆਂ, ਪਰ ਸਕੂਲ ਤਾਂ ਜਾਣਾ ਹੀ ਪੈਣਾ ਸੀ। ਇਕ ਇਹੀ ਥਾਂ ਸੀ ਜਿਥੇ ਗਿਆਨ ਦਾ ਸੂਰਜ ਚੜ੍ਹਦਾ ਸੀ। ਜਿਥੇ ਜਾ ਕੇ ਮੇਰੇ ਅੰਦਰ ਰੌਸ਼ਨੀ ਫੈਲਦੀ। ਮੇਰਾ ਦਿਮਾਗ ਚੱਲਣ ਲੱਗਦਾ। ਨਹੀਂ ਤਾਂ ਚਾਰੇ ਪਾਸੇ ਘੁੱਪ ਹਨੇਰਾ ਸੀ। ਦਰਅਸਲ ਦੂਜੀ ਕਲਾਸ ਵਿੱਚ ਮੇਰੀ ਨਜ਼ਰ ਘਟਣ ਲੱਗ ਪਈ ਸੀ। ਜਦੋਂ ਆਥਣ ਹੁੰਦਾ। ਮੈਨੂੰ ਧੁੰਦਲਾ ਦਿਸਣ ਲੱਗ ਪੈਂਦਾ। ਮੈਂ ਸੰਭਲ-ਸੰਭਲ ਕੇ ਤੁਰਦਾ। ਜਦੋਂ ਰਾਤ ਹੋ ਜਾਂਦੀ, ਫਿਰ ਕੁਝ ਨਹੀਂ ਦਿਸਦਾ ਸੀ। ਮੈਂ ਘਰੋਂ ਨਾ ਨਿਕਲਦਾ। ਸਾਝਰੇ ਹੀ ਰੋਟੀ ਖਾ ਕੇ ਪੈ ਜਾਂਦਾ। ਨੀਂਦ ਆ ਜਾਂਦੀ। ਸਵੇਰ ਦਾ ਸੂਰਜ ਮੇਰੇ ਲਈ ਰੌਸ਼ਨੀ ਲੈ ਕੇ ਆਉਂਦਾ ਸੀ। ਸ਼ਾਇਦ ਹੁਣ ਵੀ ਸੂਰਜ ਚੜ੍ਹ ਆਇਆ ਸੀ। ਮੈਂ ਆਲੇ ਦੁਆਲੇ ਵੇਖਿਆ, ਪਰ ਕੁਝ ਵੀ ਨਜ਼ਰ ਨਾ ਆਇਆ। ਮੈਂ ਪੀੜ੍ਹੀ ਤੋਂ ਉਠ ਕੇ ਹੌਲੀ-ਹੌਲੀ ਨਲਕੇ ਵੱਲ ਨੂੰ ਤੁਰ ਪਿਆ।
ਜਿਉਂ ਹੀ ਨਲਕਾ ਗੇੜਿਆ। ਪਾਣੀ ਹੇਠਾਂ ਡਿੱਗਣ ਲੱਗ ਪਿਆ। ਬਾਲਟੀ ਕਿੱਧਰ ਗਈ। ਰੋਜ਼ ਤਾਂ ਮਾਂ ਨਲਕੇ ਹੇਠਾਂ ਰੱਖ ਕੇ ਜਾਂਦੀ ਸੀ। ਪਤਾ ਨਹੀਂ ਅੱਜ ਕਿਉਂ ਭੁੱਲ ਗਈ। ਮੈਂ ਸੋਚੀਂ ਪੈ ਗਿਆ। ਬਾਲਟੀ ਕਿੱਥੇ ਸੀ। ਲੱਭਣ ਲਈ ਮੈਂ ਹੇਠਾਂ ਬੈਠ ਗਿਆ। ਧਰਤੀ Ḕਤੇ ਹੱਥ ਮਾਰ-ਨਾਰ ਲੱਭਣ ਲੱਗ ਪਿਆ। ਬੈਠਾ-ਬੈਠਾ ਤੁਰਨ ਲੱਗਾ। ਜਦੋਂ ਕੰਧ ਕੋਲ ਪਹੁੰਚਿਆ, ਮੇਰਾ ਹੱਥ ਕਿਸੇ ਚੀਜ਼ ਵਿੱਚ ਵੱਜਿਆ। ਉਹ ਬਾਲਟੀ ਸੀ। ਮੈਂ ਚੁੱਕ ਕੇ ਨਲਕੇ ਹੇਠ ਲਿਆ ਰੱਖੀ। ਫਿਰ ਨਲਕਾ ਗੇੜਨ ਲੱਗਾ। ਬਾਲਟੀ ਵਿੱਚ ਪਾਣੀ ਭਰਨ ਲੱਗਿਆ।
ਇਹ ਮੇਰਾ ਰੋਜ਼ ਦਾ ਕੰਮ ਸੀ। ਨਹਾ ਕੇ ਮੈਂ ਕੱਪੜੇ ਪਾ ਲਏ। ਕੰਧ ਫੜ-ਫੜ ਪੇਟੀ ਕੋਲ ਗਿਆ। ਪੇਟੀ ਤੋਂ ਬਸਤਾ ਚੁੱਕਿਆ। ਮੋਢੇ ਟੰਗਿਆ। ਖੂੰਜੇ ਵਿੱਚ ਪਈ ਸੋਟੀ ਚੁੱਕੀ ਤੇ ਫਿਰ ਉਸ ਨਾਲ ਧਰਤੀ ਨੂੰ ਟੋਂਹਦਾ ਸਕੂਲ ਨੂੰ ਤੁਰ ਪਿਆ।
‘ਸਿੱਧਾ ਹੀ ਤੁਰਿਆ ਜਾਹ।Ḕ ਛੱਜੂ ਕੇ ਘਰ ਕੋਲ ਜਾ ਕੇ ਆਵਾਜ਼ ਆਈ।
ਛੱਜੂ ਹੀ ਸੀ। ਅੱਜ ਤਾਂ ਉਹ ਵੀ ਠੀਕ ਰਸਤਾ ਦੱਸ ਰਿਹਾ ਸੀ। ਸ਼ਾਇਦ ਉਸ Ḕਤੇ ਰਾਤ ਵਾਲੀ ਘਟਨਾ ਦਾ ਅਸਰ ਸੀ। ਅਭਿਆਸ ਨਾਲ ਮੈਂ ਦਿਨੇ ਤਾਂ ਇਕੱਲਾ ਹੀ ਤੁਰਨ ਫਿਰਨ ਲੱਗ ਪਿਆ ਸੀ, ਪਰ ਮੈਂ ਚਾਹੁੰਦਾ ਸੀ ਕਿ ਰਾਤ ਨੂੰ ਵੀ ਤੁਰ ਕੇ ਵੇਖਾਂ। ਮੈਂ ਇਕੱਲਾ ਹੀ ਤੁਰਾਂ। ਨਾ ਡਿੱਗਾਂ। ਨਾ ਕਿਸੇ ਦੇ ਵਿੱਚ ਵੱਜਾ। ਇਸ ਲਈ ਮੈਂ ਕਿਸੇ ਜੁਗਤ ਦੀ ਭਾਲ ਵਿੱਚ ਸੀ। ਕੱਲ੍ਹ ਰਾਤ ਉਹ ਜੁਗਤ ਲੱਭ ਗਈ। ਘਰ ਵਿੱਚ ਮਾਂ ਦੀ ਪੇਟੀ ਓਹਲੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਸਨ। ਉਨ੍ਹਾਂ ਵਿੱਚ ਇਕ ਲਾਲਟੈਣ ਵੀ ਸੀ। ਮੈਂ ਮਾਂ ਨੂੰ ਕਹਿ ਕੇ ਉਹ ਕਢਵਾ ਲਈ। ਉਸ ਨੇ ਧੋ ਸੁਆਰ ਕੇ ਨਵੀਂ ਕਰ ਦਿੱਤੀ। ਫਿਰ ਉਸ ਵਿੱਚ ਤੇਲ ਪਵਾ ਲਿਆ। ਮੈਂ ਕੀ ਕਰਨਾ ਚਾਹੁੰਦਾ ਸੀ। ਮਾਂ ਨੂੰ ਸਾਰਾ ਕੁਝ ਦੱਸ ਦਿੱਤਾ। ਮੇਰੀ ਸਕੀਮ ਸੁਣ ਕੇ ਉਹ ਕਹਿੰਦੀ, ‘ਦੇਖ ਕਿੰਨਾ ਦਿਮਾਗ ਵਾਲਾ ਐ ਮੇਰਾ ਪੁੱਤ। ਰੱਬ ਦਾ ਦੱਸ ਤੂੰ ਕੀ ਵਿਗਾੜਿਆ ਸੀ ਜੋ ਤੇਰੀ ਅੱਖਾਂ ਦੀ ਜੋਤ ਖੋਹ ਕੇ ਲੈ ਗਿਆ…।’
ਜਦੋਂ ਰਾਤ ਹੋਈ, ਮਾਂ ਨੇ ਲਾਲਟੈਣ ਜਾਗ ਕੇ ਮੈਨੂੰ ਫੜਾ ਦਿੱਤੀ। ਇਕ ਹੱਥ ਸੋਟੀ। ਦੂਜੇ ਵਿੱਚ ਲਾਲਟੈਣ। ਧਰਤੀ ‘ਤੇ ਸੋਟੀ ਮਾਰਦਾ ਮੈਂ ਬਾਹਰ ਨੂੰ ਤੁਰ ਪਿਆ। ਮਾਂ ਦਰਾਂ ਤੱਕ ਮੇਰੇ ਨਾਲ ਆਈ। ਹਨੇਰੇ ਵਿੱਚ ਲਾਲਟੈਣ ਚੁੱਕੀ ਜਦੋਂ ਮੈਂ ਬੀਹੀ ਦਾ ਪਰਲਾ ਮੋੜ ਮੁੜਿਆ। ਮੈਨੂੰ ਲੱਗਿਆ ਕੋਈ ਤੇਜ਼-ਤੇਜ਼ ਤੁਰਿਆ ਆ ਰਿਹਾ ਸੀ। ਆਉਣ ਵਾਲਾ ਕਿੱਧਰ ਦੀ ਲੰਘੇਗਾ। ਮੈਂ ਅਜੇ ਸੋਚ ਹੀ ਰਿਹਾ ਸੀ। ਕੋਈ ਮੇਰੇ ਵਿੱਚ ਵੱਜਿਆ। ਮੇਰੀ ਸੋਟੀ ਤੇ ਲਾਲਟੈਣ ਪਤਾ ਨਹੀਂ ਕਿੱਥੇ ਜਾ ਡਿੱਗੀਆਂ। ਮੈਂ ਪਰ੍ਹਾਂ ਜਾ ਡਿੱਗਿਆ। ਸ਼ਾਇਦ ਮੂਹਰੋਂ ਆਉਣ ਵਾਲਾ ਵੀ ਡਿੱਗ ਪਿਆ ਸੀ।
ਪਹਿਲਾਂ ਉਹ ਉਠਿਆ। ਮੈਂ ਆਪਣੀ ਸੋਟੀ ਤੇ ਲਾਲਟੈਣ ਲੱਭਣ ਲੱਗ ਪਿਆ, ਪਰ ਕੁਝ ਲੱਭ ਨਹੀਂ ਸੀ ਰਿਹਾ।
‘ਆਹ ਸੋਟੀ… ਆਹ ਲੈ ਫੜ ਲਾਲਟੈਣ।’ ਮੈਨੂੰ ਖੜਾ ਕਰਦਾ ਹੋਇਆ ਵਿੱਚ ਵੱਜਣ ਵਾਲਾ ਬੋਲਿਆ। ਦੋਵੇਂ ਚੀਜ਼ਾਂ ਫੜ ਕੇ ਮੈਂ ਘਰ ਨੂੰ ਮੁੜਨ ਹੀ ਲੱਗਾ ਸੀ। ਉਸ ਨੇ ਪਿੱਛੋਂ ਆਵਾਜ਼ ਮਾਰੀ, ‘ਨਾ ਇਕ ਗੱਲ ਦੱਸ?’
‘ਹਾਂ..ਜੀ…!Ḕ ਮੈਂ ਰੁਕ ਗਿਆ।
ਉਹ ਕਹਿੰਦਾ, ‘ਤੈਨੂੰ ਅੱਖਾਂ ਤੋਂ ਤਾਂ ਦਿਸਦਾ ਨ੍ਹੀਂ, ਫਿਰ ਤੂੰ ਇਹ ਲਾਲਟੈਣ ਕਿਉਂ ਚੁੱਕੀ ਤੁਰਿਆ ਜਾਂਦਾ ਸੀ। ਇਹ ਕਾਹਦੇ ਲਈ?’
‘ਇਹ ਲਾਲਟੈਣ ਮੇਰੇ ਲਈ ਨਹੀਂ। ਤੁਹਾਡੇ ਲਈ ਐ ਜਿਨ੍ਹਾਂ ਨੂੰ ਦਿਸਦਾ।’ ਆਖ ਕੇ ਮੈਂ ਹੌਲੀ-ਹੌਲੀ ਘਰ ਨੂੰ ਤੁਰ ਪਿਆ ਸੀ।
ਇਹ ਕੌਣ ਸੀ, ਜਿਸ ਨੂੰ ਅੱਖਾਂ ਨਾਲ ਵੀ ਨਹੀਂ ਦਿਸਦਾ। ਤੁਰਿਆ ਜਾਂਦਾ ਮੈਂ ਸੋਚੀਂ ਪੈ ਗਿਆ।
ਥੋੜ੍ਹੀ ਦੂਰ ਜਾ ਕੇ ਮੈਨੂੰ ਆਵਾਜ਼ ਦੀ ਪਛਾਣ ਆ ਗਈ। ਉਹ ਛੱਜੂ ਸੀ।
‘ਬੱਸ ਸਿੱਧਾ ਤੁਰਿਆ ਜਾਹ।’ ਪਹਿਲਾਂ ਗਲਤ ਰਸਤਾ ਦੱਸਣ ਵਾਲਾ ਛੱਜੂ ਅੱਜ ਸਹੀ ਰਸਤਾ ਦਿਖਾ ਰਿਹਾ ਸੀ।
ਬੀਬੀ ਦੇ ਪਰਲੇ ਮੋੜ ਤੱਕ ਮੈਨੂੰ ਉਸ ਦੀ ਆਵਾਜ਼ ਸੁਣਦੀ ਰਹੀ।
ਮੋੜ ਮੁੜ ਕੇ ਮੈਂ ਸਿੱਧਾ ਹੀ ਸਿੱਧਾ ਤੁਰ ਪਿਆ।
ਮੇਰਾ ਚਾਨਣ ਮੁਨਾਰਾ, ਮੇਰਾ ਸਕੂਲ, ਬੱਸ ਥੋੜ੍ਹੀ ਦੂਰ ਸੀ। ਸਕੂਲ ਜਾਣ ਤੋਂ ਪਹਿਲਾਂ ਮੇਰੀ ਦੁਨੀਆ ਹਨੇਰੀ ਸੀ।
ਜਿਸ ਸਾਲ ਮੈਂ ਸਕੂਲ ਦਾਖਲ ਹੋਇਆ, ਮੇਰੀ ਭੈਣ ਦੂਜੀ ਵਿੱਚ ਸੀ। ਉਹ ਦੋ ਸਾਲ ਮੇਰੀਆਂ ਅੱਖਾਂ ਬਣੀ ਰਹੀ। ਮੈਂ ਉਸ ਦਾ ਹੱਥ ਫੜ ਕੇ ਸਕੂਲ ਜਾਂਦਾ ਰਿਹਾ। ਜਦੋਂ ਉਹ ਪੰਜਵੀਂ ਪਾਸ ਕਰਕੇ ਛੇਵੀਂ ਵਿੱਚ ਹੋਈ। ਉਹ ਮਰ ਗਈ। ਇਕ ਦਿਨ ਆਥਣੇ ਮਾਂ ਨਾਲ ਖੇਤਾਂ ਵੱਲ ਕੱਖ ਲੈਣ ਗਈ। ਇਕ ਵੱਟ ਵਿੱਚ ਸੱਪ ਦੀ ਖੁੰਡ ਸੀ। ਵੱਟ Ḕਤੇ ਕੱਖ ਖੋਤਦੀ ਜਦੋਂ ਉਹ ਅਗਾਂਹ ਵਧੀ। ਉਸ ਦਾ ਪੈਰ ਖੱਡ ਉਪਰ ਜਾ ਟਿਕਿਆ। ਸੱਪ ਨੇ ਡੰਗ ਮਾਰਿਆ। ਘਰ ਆਉਣ ਤੱਕ ਭੈਣ ਦਾ ਸਰੀਰ ਨੀਲਾ ਹੋ ਗਿਆ। ਉਹ ਬਾਪੂ ਦੇ ਹੱਥਾਂ ਵਿੱਚ ਮਰ ਗਈ। ਉਸ ਦੀ ਮੌਤ ਨਾਲ ਮੈਂ ਡਰ ਗਿਆ। ਮਨ ਬੜਾ ਦੁਖੀ ਹੋਇਆ। ਇਕ ਦਿਨ ਅਜੀਬ ਖਿਆਲ ਆਆਿ। ਹੁਣ ਕਿਵੇਂ ਸਕੂਲ ਜਾਇਆ ਕਰਾਂਗਾ।
‘ਹੁਣ ਤੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ ਮਨੀ।Ḕ ਇਕ ਰਾਤ ਸੁਪਨੇ ਵਿੱਚ ਦਿਸੀ ਭੈਣ ਮੈਨੂੰ ਇਸ਼ਾਰਾ ਕਰ ਰਹੀ ਸੀ। ਉਹ ਠੀਕ ਕਹਿੰਦੀ ਸੀ। ਇੰਨੇ ਸਾਲਾਂ ਵਿੱਚ ਮੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ ਸੀ। ਜਿਸ ਦਿਨ ਭੈਣ ਸਕੂਲ ਨਾ ਆਉਂਦੀ, ਮੈਂ ਇਕੱਲਾ ਆ ਜਾਂਦਾ। ਕਈ ਵਾਰ ਛੱਜੂ ਸ਼ਰਾਰਤ ਕਰ ਦਿੰਦਾ। ਉਹ ਆਖਦਾ, ‘ਮਨੀ, ਤੂੰ ਗਲਤ ਰਾਹ ਪੈ ਗਿਆ। ਆ ਜਾ ਇਧਰ ਨੂੰ ਆ ਜਾ।Ḕ
ਮੇਰਾ ਹੱਥ ਫੜ ਉਹ ਮੈਨੂੰ ਗਲਤ ਰਾਹ ਪਾ ਦਿੰਦਾ, ਪਰ ਥੋੜ੍ਹੀ ਦੂਰ ਜਾ ਕੇ ਮੈਨੂੰ ਪਤਾ ਲੱਗ ਜਾਂਦਾ। ਬੀਹੀ ਦੀਆਂ ਉਚੀਆਂ ਨੀਵੀਆਂ ਇੱਟਾਂ। ਮੋੜ ਘੋੜ ਤੇ ਲੋਕਾਂ ਦੀਆਂ ਆਵਾਜ਼ਾਂ।
ਸਕੂਲ ਵਿੱਚੋਂ ਬੱਚਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਸੋਟੀ ਨਾਲ ਧਰਤੀ ਟੋਂਹਦਾ ਆਵਾਜ਼ਾਂ ਦੀ ਦਿਸ਼ਾ ਵੱਲ ਤੁਰ ਪਿਆ। ‘ਆ ਜਾ ਮਨੀ। ਤੈਨੂੰ ਕਲਾਸ ਵਿੱਚ ਛੱਡ ਕੇ ਆਵਾਂ।’ ਗੇਟ ਵੜਨ ਸਾਰ ਪੰਜਵੀਂ ਵਾਲਾ ਰੋਡੂ ਮੇਰੇ ਵੱਲ ਭੱਜਿਆ ਆਇਆ। ਹੱਥ ਫੜ ਕੇ ਉਹ ਕਮਰੇ ਵੱਲ ਨੂੰ ਤੁਰ ਪਿਆ। ਸੋਟੀ ਬਸਤਾ ਰੱਖ ਕੇ ਮੈਂ ਟਾਟ Ḕਤੇ ਬੈਠ ਗਿਆ।
‘ਹਾਂ ਬਈ ਮਨੀ। ਤਿਆਰੀ ਅੱਜ ਫਿਰ।Ḕ ਥੋੜ੍ਹੀ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ।
‘ਸਤਿ ਸ੍ਰੀ ਅਕਾਲ ਮਾਸਟਰ ਜੀ। ਹਾਂ ਜੀ ਤਿਆਰੀ ਐ।Ḕ ਆਵਾਜ਼ ਦੀ ਦਿਸ਼ਾ ਵੱਲ ਮੂੰਹ ਕਰ ਮੈਂ ਸਵੇਰੇ ਲੜਦੇ ਮਾਂ ਬਾਪੂ ਬਾਰੇ ਸੋਚਣ ਲੱਗ ਪਿਆ। ਬਾਹਰ ਸਵੇਰ ਦੀ ਸਭਾ ਦੀ ਘੰਟੀ ਵੱਜਣ ਲੱਗ ਪਈ। ਰੌਲਾ ਬੰਦ ਹੋਣ ਲੱਗ ਪਿਆ। ਸਾਰੇ ਬੱਚੇ ਲਾਈਨਾਂ ਵਿੱਚ ਖੜੇ। ਮੈਨੂੰ ਵੀ ਰੋਡੂ ਲੈਣ ਆ ਗਿਆ, ‘ਆ ਜਾ ਮਨੀ। ਪਰੇਅਰ ਹੋਣ ਲੱਗ ਪਈ।Ḕ
ਉਸ ਦਾ ਹੱਥ ਫੜੀ ਮੈਂ ਆਪਣੀ ਜਮਾਤ ਦੀ ਕਤਾਰ ਵਿੱਚ ਜਾ ਕੇ ਖੜ ਗਿਆ।
ਮਾਸਟਰ ਜੀ ਨੇ ਸਾਵਧਾਨ ਵਿਸ਼ਰਾਮ ਕਰਵਾਈ। ਸ਼ਬਦ ਤੋਂ ਬਾਅਦ ਜਨ ਗਨ ਗਾਇਆ ਗਿਆ। ਦੋਵਾਂ ਵਿਚਕਾਰ ਮਾਸਟਰ ਜੀ ਨੇ ਚੰਗੀਆਂ ਗੱਲਾਂ ਦੱਸੀਆਂ। ਉਹ ਕਹਿੰਦੇ, ‘ਜਿਹੜੇ ਕੁਝ ਤੁਹਾਡੇ ਆਲੇ ਦੁਆਲੇ ਵਾਪਰਦਾ ਹੈ, ਤੁਸੀਂ ਉਸ ਨੂੰ ਵਾਕਾਂ ਵਿੱਚ ਵਰਤੋਂ। ਤੁਹਾਡੇ ਨੰਬਰ ਵੱਧ ਆਉਣਗੇ।’
ਇਹ ਗੱਲ ਉਹ ਅਕਸਰ ਕਹਿੰਦੇ ਸਨ। ਅਸੀਂ ਇੰਜ ਹੀ ਕਰਦੇ। ਮੇਰਾ ਜਵਾਬ ਸਭ ਤੋਂ ਵੱਖਰਾ ਹੁੰਦਾ। ਇਸੇ ਲਈ ਉਹ ਆਉਣ ਸਾਰ ਮੈਨੂੰ ਪੁੱਛਦੇ, ‘ਹਾਂ ਬਈ ਮਨੀ।…ਤਿਆਰੀ ਐ ਅੱਜ ਫਿਰ।’
ਮੇਰੀ ਪੂਰੀ ਤਿਆਰੀ ਸੀ। ਮੈਂ ਫਟਾਫਟ ਜਮਾਤ ਦੇ ਕਮਰੇ ਵਿੱਚ ਜਾਣ ਦੀ ਉਡੀਕ ਸੀ।
‘ਚਲੋ ਬਈ ਪਹਿਲੀ ਵਾਲੇ ਆਪਣੀ ਕਲਾਸ ਵਿੱਚ ਚੱਲੋ।’ ਮਾਸਟਰ ਜੀ ਵਾਰੀ-ਵਾਰੀ ਸਭ ਨੂੰ ਕਮਰਿਆਂ ਵਿੱਚ ਭੇਜਣ ਲੱਗ ਪਏ। ਸਾਡੀ ਜਮਾਤ ਵੀ ਕਮਰੇ ਵਿੱਚ ਜਾ ਬੈਠੀ। ਕੁਝ ਦੇਰ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਫਿਰ ਚੁੱਪ ਵਰਤ ਗਈ। ਮਾਸਟਰ ਜੀ ਆ ਗਏ ਸਨ। ਉਹ ਸਾਨੂੰ ਪੜ੍ਹਾਉਣ ਲੱਗ ਪਏ, ‘ਹਾਂ ਬਈ। ਕੱਲ੍ਹ ਮੈਂ ਤੁਹਾਨੂੰ ਇਕ ਸ਼ਬਦ ਦਿੱਤਾ ਸੀ ‘ਵਾਰੀ’। ਅੱਜ ਤੁਸੀਂ ਉਸ ਦੇ ਵਾਕ ਬਣਾ ਕੇ ਸੁਣਾਉਗੇ।’
ਮੈਂ ਆਪਣਾ ਸਾਰਾ ਧਿਆਨ ਆਵਾਜ਼ਾਂ ਵੱਲ ਲਾ ਲਿਆ।
‘ਚੱਲ ਬਈ ਜਗਜੀਤ। ਵਾਰੀ ਸ਼ਬਦ ਦਾ ਵਾਕ ਬਣਾ।Ḕ ਮਾਸਟਰ ਜੀ ਬੋਲੇ।
ਜਗਜੀਤ ਦੇ ਉਠਣ ਦੀ ਆਵਾਜ਼ ਆਈ। ਪਹਿਲਾਂ ਉਸ ਨੇ ਆਪਣੇ ਕੱਪੜੇ ਝਾੜੇ। ਫਿਰ ਬੋਲਿਆ, ‘ਮਾਸਟਰ ਜੀ, ਮੇਰੇ ਕੋਲ ਬਹੁਤ ਕੱਪੜੇ ਹਨ। ਇਕ ਕਮੀਜ਼ ਪਾਉਣ ਦੀ ਵਾਰੀ ਹਫਤੇ ਪਿੱਛੋਂ ਆਉਂਦੀ ਐ।’
‘ਵਾਹ ਬਈ ਵਾਹ। ਚਲ ਕਮਲ, ਤੂੰ ਸੁਣਾ।’ ਮਾਸਟਰ ਜੀ ਦੀ ਆਵਾਜ਼ ਸੁਣ ਕੇ ਕਮਲ ਉਠੀ। ਕਹਿੰਦੀ, ‘ਮਾਸਟਰ ਜੀ, ਅੱਜ ਨਹਿਰ ਤੋਂ ਖੇਤਾਂ ਨੂੰ ਪਾਣੀ ਲਾਉਣ ਦੀ ਸਾਡੀ ਵਾਰੀ ਐ।’
‘ਵਾਹ ਬਈ ਵਾਹ। ਕਮਾਲ ਕਰਤੀ ਕਮਲ ਨੇ। ਚੱਲ ਬਈ ਮਨੀ। ਤੂੰ ਵਾਰੀ ਸ਼ਬਦ ਦਾ ਵਾਕ ਬਣਾ।’ ਮਾਸਟਰ ਜੀ ਦੀ ਆਵਾਜ਼ ਸੁਣ ਕੇ ਮੈਂ ਹੌਲੀ-ਹੌਲੀ ਉਠ ਕੇ ਖੜਾ ਹੋ ਗਿਆ।
‘ਮਾਸਟਰ ਜੀ, ਜਿਨ੍ਹਾਂ ਦੇ ਮੇਰਾ ਬਾਪ ਸੀਰੀ ਐ ਉਥੋਂ ਉਸ ਨੂੰ ਤਿੰਨ ਡੰਗ ਰੋਟੀ ਮਿਲਦੀ ਐ। ਉਸ ਵਿੱਚੋਂ ਸਵੇਰੇ ਬਾਪੂ ਦੀ, ਦੁਪਹਿਰੇ ਮਾਂ ਦੀ ਤਾਂ ਰਾਤ ਨੂੰ ਰੋਟੀ ਖਾਣ ਦੀ ਮੇਰੀ ਵਾਰੀ ਹੁੰਦੀ ਐ।’ ਜਵਾਬ ਦਿੰਦਾ-ਦਿੰਦਾ ਮੈਂ ਹੇਠਾਂ ਬੈਠ ਗਿਆ। ਸਾਰੀ ਕਲਾਸ ਵਿੱਚ ਚੁੱਪ ਛਾ ਗਈ।
ਕੁਝ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ, ‘ਵੇਖੋ ਬੱਚਿਓ, ਮਨੀ ਨੂੰ ਭਾਵੇਂ ਅੱਖਾਂ ਤੋਂ ਨਹੀਂ ਦਿਸਦਾ, ਪਰ ਇਸ ਅੰਦਰ ਗਿਆਨ ਦਾ ਸੂਰਜ ਚੜ੍ਹ ਚੁੱਕਾ ਹੈ। ਇਕ ਦਿਨ ਇਹ ਹਰ ਤਰ੍ਹਾਂ ਦਾ ਹਨੇਰਾ ਦੂਰ ਕਰੇਗਾ।’ ਮਾਸਟਰ ਜੀ ਦੀ ਗੱਲ ਸੁਣ ਕੇ ਮੇਰੇ ਮੱਥੇ ਵਿੱਚ ਜਿਵੇਂ ਕੁਝ ਜਗਣ ਲੱਗ ਪਿਆ। ਮੈਨੂੰ ਯਾਨੀ ਕਿੰਨਾ ਹੀ ਕੁਝ ਦਿਸਣ ਲੱਗ ਪਿਆ।