ਤਿੰਨ ਪੰਜਾਬੀਆਂ ਦੇ ਕਤਲਾਂ ਤੋਂ ਬਾਅਦ ਸਰੀ ਵਿੱਚ ਸੁਰੱਖਿਆ ਬਾਰੇ ਚਰਚਾ ਛਿੜੀ

Fullscreen capture 3172017 13142 AMਸਰੀ (ਵੈਨਕੂਵਰ) ਪੋਸਟ ਬਿਉਰੋ: ਰੈੱਡ ਸਕਾਰਪੀਅਨ ਅਤੇ ਵੂਲਫ ਪੈਕ ਗੈਂਗਾਂ ਨਾਲ ਸੰਬਧਿਤ ਦੱਸੇ ਜਾਂਦੇ 29 ਕੁ ਸਾਲਾ ਪੰਜਾਬੀ ਨੌਜਵਾਨ ਬਿਰਿੰਦਰਜੀਤ ਜਸਟਿਨ ਭੰਗੂ ਦੇ ਕਤਲ ਤੋਂ ਬਾਅਦ ਵੈਨਕੂਵਰ ਦੇ ਮੁੱਖ ਧਾਰਾ ਦੇ ਅਖਬਾਰਾਂ ਵੱਲੋਂ ਸਰੀ ਵਿੱਚ ਸੁਰਖਿਆ ਦੇ ਮੁੱਦੇ ਨੂੰ ਨੁਕਤਾ ਬਣਾਇਆ ਜਾ ਰਿਹਾ ਹੈ। ਪੰਜਾਬੀ ਗੈਂਗਾਂ ਬਾਰੇ ਲੰਬੇ ਸਮੇਂ ਤੋਂ ਆਲੋਚਨਾਤਮਕ ਢੰਗ ਨਾਲ ਲਿਖਦੀ ਆ ਰਹੀ ਕਿਮ ਬੋਲਨ ਅਤੇ ਜੈਨੀਫਰ ਸਾਲਟਮੈਨ ਮੁਤਾਬਕ ਪਿਛਲੇ ਦੋ ਹਫਤਿਆਂ ਵਿੱਚ ਤਿੰਨ ਪੰਜਾਬੀਆਂ ਦਾ ਗੈਂਗ ਲੜਾਈਆਂ ਵਿੱਚ ਮਾਰਿਆ ਜਾਣਾ ਸੰਕੇਤ ਕਰਦਾ ਹੈ ਕਿ ਬੀ ਸੀ ਸਰਕਾਰ ਦੀ ਗੈਂਗਾਂ ਨੂੰ ਖਤਮ ਕਰਨ ਵਿਰੁੱਧ ਜੰਗ ਬੇਅਸਰ ਸਾਬਤ ਹੋ ਰਹੀ ਹੈ।

ਚੇਤੇ ਰਹੇ ਕਿ 29 ਸਾਲਾ ਬਿਰਿੰਦਰਜੀਤ ਭੰਗੂ ਦਾ 13 ਮਾਰਚ ਨੂੰ ਸਰੀ ਦੇ ਕੰਫੋਰਟ ਇੱਨ ਹੋਟਲ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਮਹਿਜ਼ ਇੱਕ ਘੰਟਾ ਬਾਅਦ ਇੱਕ 22 ਸਾਲਾ ਲੜਕੇ ਨੂੰ ਗੈਂਗ ਸਟਾਈਲ ਹਮਲੇ ਵਿੱਚ ਜਖ਼ਮੀ ਕਰ ਦਿੱਤਾ ਗਿਆ ਸੀ। 9 ਮਾਰਚ ਨੂੰ ਈਸਟ ਵੈਨਕੂਵਰ ਵਿੱਚ 32 ਸਾਲਾ ਨਵਦੀਪ ਸੰਘੇੜਾ ਅਤੇ 49 ਸਾਲਾ ਹਰਜੀਤ ਸਿੰਘ ਮਾਨ ਦਾ ਕਤਲ ਹੋ ਗਿਆ ਸੀ। ਕਿਮ ਬੋਲਨ ਨੇ ਆਪਣੇ ਆਰਟੀਕਲ ਵਿੱਚ ਲਿਖਿਆ ਹੈ ਕਿ ਪਬਲਿਕ ਸੇਫਟੀ ਸਟਰੈਟਜੀ ਦੇ ਡਾਇਰੈਕਟਰ ਟੈਰੀ ਵਾਟਰਹਾਊਸ ਦਾ ਮੰਨਣਾ ਹੈ ਕਿ ਹਿੰਸਾ ਦੀਆਂ ਵਾਪਰ ਰਹੀਆਂ ਇਹ ਘਟਨਾਵਾਂ ਸਿੱਧ ਕਰ ਰਹੀਆਂ ਹਨ ਕਿ ਗੈਂਗ ਹਿੰਸਾ ਇੱਕ ਖਾਸ ਖੇਤਰ ਵਿੱਚ ਹੀ ਵਾਪਰ ਰਹੀ ਹੈ। ਇਸਤੋਂ ਉਸਦਾ ਇਸ਼ਾਰਾ ਸ਼ਾਇਦ ਪੰਜਾਬੀ ਵੱਸੋਂ ਦੇ ਗੜ ਵਾਲੇ ਇਲਾਕਿਆਂ ਖਾਰ ਕਰਕੇ ਸਰੀ ਵੱਲ ਸੀ।

ਚੇਤੇ ਰਹੇ ਕਿ ਗੈਂਗ ਨਾਲ ਸਬੰਧਿਤ ਹਿੰਸਾ ਨਾਲ ਸਿੱਝਣ ਵਾਸਤੇ ਸਰੀ ਸਿਟੀ ਵੱਲੋਂ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ। ਆਲੋਚਕਾਂ ਦਾ ਖਿਆਲ ਹੈ ਕਿ ਇਹ ਰਣਨੀਤੀ ਲੋੜੀਂਦੇ ਨਤੀਜੇ ਲਿਆਉਣ ਵਿੱਚ ਅਸਫ਼ਲ ਹੋ ਰਹੀ ਹੈ। ਵੈਸਟ ਵੈਨਕੂਵਰ ਪੁਲੀਸ ਦੇ ਸਾਬਕਾ ਮੁਖੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਅਟਾਰਨੀ ਜਨਰਲ ਕੈਸ਼ ਹੀਡ ਦਾ ਆਖਣਾ ਹੈ ਕਿ ਪੁਲੀਸ ਗੈਂਗ ਹਿੰਸਾ ਨੂੰ ਇਸ ਲਈ ਕਾਬੂ ਨਹੀਂ ਕਰ ਪਾ ਰਹੀ ਕਿਉਂਕਿ ਉਹ ਐਕਸ਼ਨ ਕਰਨ ਦੀ ਥਾਂ ਪ੍ਰਤੀਕਿਰਿਆ ਵਿੱਚ ਉਲਝੀ ਰਹਿੰਦੀ ਹੈ। ਪੰਜਾਬੀ ਸਿੱਖ ਭਾਈਚਾਰੇ ਦਾ ਪਹਿਲਾ ਪੁਲੀਸ ਮੁਖੀ ਬਣਨ ਵਾਲੇ ਕੈਸ਼ ਹੀਡ ਇੱਕ ਸਮੇਂ ਉੱਤੇ ਗੈਂਗ ਹਿੰਸਾ ਨੂੰ ਕਾਬੂ ਕਰਨ ਲਈ ਕਾਇਮ ਕੀਤੀ ਗਈ ਇੰਡੋ ਕੈਨੇਡੀਅਨ ਟਾਸਕ ਫੋਰਸ ਦਾ ਮੁਖੀ ਵੀ ਹੁੰਦਾ ਸੀ।