ਤਿੰਨ ਪਾਸਿਆਂ ਤੋਂ ਚੀਨ ਘੇਰਾਬੰਦੀ ਕਰ ਰਿਹੈ, ਡੋਕਲਾਮ ਵਿੱਚ 25 ਟੈਂਟ ਲਾ ਲਏ


ਨਵੀਂ ਦਿੱਲੀ, 9 ਫਰਵਰੀ (ਪੋਸਟ ਬਿਊਰੋ)- ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਡੋਕਲਾਮ ਵਿੱਚ ਚੀਨ ਮੁੜ ਤੋਂ ਉਸਾਰੀ ਕਾਰਜ ਕਰਵਾ ਰਿਹਾ ਹੈ। ਇੱਕ ਖੁਫੀਆ ਰਿੋਪਰਟ ਕਹਿੰਦੀ ਹੈ ਕਿ ਚੀਨ ਨੇ ਡੋਕਲਾਮ ਵਿੱਚ 25 ਟੈਂਟ ਲਾ ਲਏ ਹਨ। ਚੀਨ ਤਿੰਨ ਪਾਸਿਆਂ ਤੋਂ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਇੱਕ ਪਾਸੇ ਪਾਕਿਸਤਾਨ, ਦੂਜੇ ਪਾਸੇ ਚੀਨ ਅਤੇ ਦੱਖਣ ਵਿੱਚ ਮਾਲਦੀਵ।
ਸਮਝਿਆ ਜਾ ਰਿਹਾ ਹੈ ਕਿ ਜਿਵੇਂ ਪਾਕਿਸਤਾਨ ਦੇ ਪਿੱਛੇ ਚੀਨ ਖੜ੍ਹਾ ਹੈ, ਉਵੇਂ ਹੀ ਮਾਲਦੀਵ ਦੇ ਵਿਗੜੇ ਹਾਲਾਤ ਉਤੇ ਵੀ ਚੀਨ ਤਿੱਖੀ ਨਜ਼ਰ ਰੱਖ ਰਿਹਾ ਹੈ। ਖੁਫੀਆ ਰਿਪੋਰਟ ਮੁਤਾਬਕ ਚੀਨ ਡੋਕਲਾਮ ਵਿੱਚ ਫਿਰ ਉਸਾਰੀ ਕਾਰਜ ਕਰ ਚੁੱਕਾ ਹੈ। ਇਸ ਰਿਪੋਰਟ ਅਨੁਸਾਰ ਉੱਤਰੀ ਡੋਕਲਾਮ ਦੇ ਨਾਲ ਪੱਛਮੀ ਡੋਕਲਾਮ ਵਿੱਚ ਵੀ ਉਸਾਰੀ ਕੰਮ ਜਾਰੀ ਹਨ। ਇਥੇ ਚੀਨ ਆਪਣੇ ਜਵਾਨਾਂ ਨੂੰ ਇਕੱਠੇ ਕਰ ਰਿਹਾ ਹੈ। ਭਾਰੀ ਬਖਤਰਬੰਦ ਗੱਡੀਆਂ ਦੀ ਆਵਾਜਾਈ ਲਈ ਸੜਕ ਉਸਾਰੀ ਜਾ ਰਹੀ ਹੈ। ਸਿੰਚਾ ਲਾ ਵੱਲੋਂ ਆਉਣ ਵਾਲੀ ਸੜਕ ਨੂੰ ਚੀਨ ਮਜ਼ਬੂਤ ਕਰ ਰਿਹਾ ਹੈ। ਚੀਨ ਨੇ ਸਿੰਚਾ ਲਾ ਅਤੇ ਡੋਕਲਾਮ ਦੇ ਨੇੜੇ ਕਈ ਆਬਜ਼ਰਵੇਸ਼ਨ ਟਾਵਰ ਵੀ ਬਣਾ ਲਏ ਹਨ।