ਤਿ੍ਰਪੁਰਾ ਚੋਣਾਂ ਵਿੱਚ ਇੱਕ ਭਰਾ ਭਾਜਪਾ ਤੇ ਦੂਜਾ ਕਾਂਗਰਸ ਵੱਲੋਂ

-ਪ੍ਰਿਅੰਕਾ ਦੇਬ ਬਰਮਨ
ਤਿ੍ਰਪੁਰਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਦੇ ਦੋ ਬੇਟੇ ਚੋਣਾਂ ਲੜ ਰਹੇ ਹਨ, ਪਰ ਅੱਡ ਅੱਡ ਪਾਰਟੀਆਂ ਵੱਲੋਂ। ਇੱਕ ਕਾਂਗਰਸ ਵੱਲੋਂ ਤੇ ਇੱਕ ਭਾਜਪਾ ਵੱਲੋਂ। ਇਨ੍ਹਾਂ ਦੋਵਾਂ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਕਾਰਨ ਉਨ੍ਹਾਂ ਦੇ ਆਪਸੀ ਰਿਸ਼ਤੇ ਪ੍ਰਭਾਵਤ ਨਹੀਂ ਹੁੰਦੇ।
ਸਾਲ 1980 ਦੇ ਦਹਾਕੇ ਵਿੱਚ ਤਿ੍ਰਪੁਰਾ ਦੇ ਖੇਤੀਬਾੜੀ ਮੰਤਰੀ ਰਹਿ ਚੁੱਕੇ ਕਾਂਗਰਸੀ ਨੇਤਾ ਮੰਸੂਰ ਅਲੀ ਦਾ ਵੱਡਾ ਬੇਟਾ ਬਹਾਰੁਲ ਇਸਲਾਮ ਵਿਧਾਨ ਸਭਾ ਦੇ ਬਕਸਾ ਨਗਰ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਹੈ। ਛੋਟਾ ਬੇਟਾ ਮੁਜੀਬਰ ਇਸਲਾਮ ਸੋਨਾਮੁਰਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਹੈ। ਮੁਜੀਬਰ ਐੱਲ ਐੱਲ ਬੀ ਹੈ ਅਤੇ ਵਿਦਿਆਰਥੀ ਜੀਵਨ ਤੋਂ ਸਿਆਸਤ ਨਾਲ ਜੁੜਿਆ ਹੋਇਆ ਹੈ। ਉਹ ਕਈ ਸਾਲਾਂ ਤੱਕ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦਾ ਸੂਬਾ ਪ੍ਰਧਾਨ ਰਹਿ ਚੁੱਕਾ ਹੈ। ਬਾਅਦ ਵਿੱਚ ਉਸ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ। 1998 ਵਿੱਚ ਮੁਜੀਬਰ ਨੇ ਮਾਣਿਕ ਸਰਕਾਰ ਦੇ ਵਿਰੁੱਧ ਅਸਫਲ ਚੋਣ ਲੜੀ ਸੀ। ਸਾਲ 2016 ਵਿੱਚ ਉਹ ਛੇ ਕਾਂਗਰਸੀ ਵਿਧਾਇਕਾਂ ਸਮੇਤ ਤਿ੍ਰਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ, ਪਰ ਪਿਛਲੇ ਸਾਲ ਦਸੰਬਰ ਵਿੱਚ ਫਿਰ ਕਾਂਗਰਸ ਵਿੱਚ ਆ ਗਿਆ। ਉਸ ਦਾ ਕਹਿਣਾ ਸੀ, ‘‘ਮੈਨੂੰ ਤਿ੍ਰਣਮੂਲ ਕਾਂਗਰਸ ਦੇ ਕੁਝ ਵਰਕਰਾਂ ਨੇ ਗੁੰਮਰਾਹ ਕਰ ਕੇ ਉਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ, ਪਰ ਛੇਤੀ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਮੁੜ ਆਪਣੀ ਮੂਲ ਪਾਰਟੀ ਵਿੱਚ ਪਰਤਾ ਆਇਆ।”
ਮੁਜੀਬਰ ਦਾ ਵੱਡਾ ਭਰਾ ਬਹਾਰੁਲ ਸੂਬੇ ਦੇ ਖੇਤੀਬਾੜੀ ਮਹਿਕਮੇ ਵਿੱਚ ਇੱਕ ਸੀਨੀਅਰ ਅਹੁਦੇ ‘ਤੇ ਸੀ, ਪਰ ਚੋਣ ਸਿਆਸਤ ਵਿੱਚ ਹਿੱਸਾ ਲੈਣ ਲਈ ਉਸ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ। ਬਹਾਰੁਲ ਦਾ ਕਹਿਣਾ ਹੈ ਕਿ ‘‘ਮੈਂ ਸਿਆਸੀ ਖੇਤਰ ਵਿੱਚ ਨਵਾਂ ਹਾਂ, ਪਰ ਆਪਣੀ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਅਣਥੱਕ ਯਤਨ ਕਰ ਰਿਹਾ ਹਾਂ। ਜੇ ਮੈਂ ਚੋਣਾਂ ਵਿੱਚ ਜਿੱਤ ਗਿਆ ਤਾਂ ਸੂਬੇ ਦੇ ਕਿਸਾਨਾਂ ਦੀ ਆਰਥਿਕ ਤੇ ਸਮਾਜਕ ਸਥਿਤੀ ਸੁਧਾਰ ਦਿਆਂਗਾ।”
ਦੋਵਾਂ ਭਰਾਵਾਂ ਦੇ ਅੱਡ-ਅੱਡ ਸਿਆਸੀ ਵਿਚਾਰ ਉਨ੍ਹਾਂ ਦੇ ਪਰਵਾਰਕ ਸੰਬੰਧਾਂ ਵਿੱਚ ਰੁਕਾਵਟ ਨਹੀਂ ਬਣਦੇ ਤੇ ਦੋਵੇਂ ਹੀ ਸਿਆਸੀ ਲੜਾਈਆਂ ਦੀ ਉਥਲ-ਪੁਥਲ ਤੋਂ ਆਪਣੇ ਪਰਵਾਰਾਂ ਨੂੰ ਬਚਾਈ ਰੱਖਣ ਦਾ ਵਾਧੂ ਯਤਨ ਕਰਦੇ ਰਹਿੰਦੇ ਹਨ।
ਤਿ੍ਰਪੁਰਾ ਦੀ ਰਾਜਧਾਨੀ ਅਗਰਤਲਾ ‘ਚ ਉਨ੍ਹਾਂ ਵਰਗੇ ਇੱਕ ਹੋਰ ਪਰਵਾਰ ਨੇ ਵੀ ਉਦੋਂ ਆਪਣੇ ਸਿਆਸੀ ਟਕਰਾਅ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਪਿਤਾ ਨੇ ਆਪਣੇ ਬੇਟੇ ਦੇ ਪੱਖ ਵਿੱਚ ਨਾਮਜ਼ਦਗੀ ਵਾਪਸ ਲੈ ਲਈ। ਉਸ ਦੇ ਬਾਟਾ ਸੁਦੀਪ ਰਾਏ ਬਰਮਨ ਭਾਜਪਾ ਦਾ ਉਮੀਦਵਾਰ ਹੈ, ਜੋ 1998 ਤੋਂ ਲਗਾਤਾਰ ਵਿਧਾਇਕ ਬਣਦਾ ਜਾ ਰਿਹਾ ਹੈ ਤੇ ਉਸ ਨੇ ਆਪਣੇ ਪਿਤਾ ਨੂੰ ਚੋਣ ਮੈਦਾਨ ‘ਚੋਂ ਹਟਣ ਲਈ ਰਾਜ਼ੀ ਕਰ ਕੇ ਪਰਵਾਰਕ ਝਗੜਾ ਖਤਮ ਕਰ ਦਿੱਤਾ।
ਸੁਦੀਪ ਦਾ ਕਹਿਣਾ ਹੈ, ‘‘ਮੇਰੇ ਪਿਤਾ ਜੀ ਭਾਜਪਾ ਦੇ ਮੈਂਬਰ ਨਹੀਂ ਸਨ। ਹਾਲਾਂਕਿ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਸਨ, ਪਰ ਉਨ੍ਹਾਂ ਨੇ ਇਹ ਸੋਚ ਕੇ ਆਪਣਾ ਨਾਂਅ ਵਾਪਸ ਲੈ ਲਿਆ ਕਿ ਉਨ੍ਹਾਂ ਦੇ ਚੋਣ ਮੈਦਾਨ ਵਿੱਚ ਡਟੇ ਰਹਿਣ ਨਾਲ ਖੱਬੇ-ਪੱਖੀਆਂ ਦੀਆਂ ਵਿਰੋਧੀ ਵੋਟਾਂ ਕਿਤੇ ਵੰਡੀਆਂ ਨਾ ਜਾਣ।”