ਤਾਲਿਬਾਨ ਨਾਲ ਸਬੰਧਤ ਜਥੇਬੰਦੀ ਦੇ ਚੰਗੁਲ ’ਚੋਂ ਕੈਨੇਡੀਅਨ-ਅਮਰੀਕੀ ਪਰਿਵਾਰ ਨੂੰ ਛੁਡਵਾਇਆ

1
ਕੈਨੇਡੀਅਨ ਵਿਅਕਤੀ, ਉਸ ਦੀ ਅਮਰੀਕੀ ਪਤਨੀ ਤੇ ਪੰਜ ਸਾਲਾਂ ਤੱਕ ਬੰਦੀ ਬਣਾ ਕੇ ਰੱਖੇ ਜਾਣ ਦੌਰਾਨ ਪੈਦਾ ਹੋਏ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਪਾਕਿਸਤਾਨੀ ਕਮਾਂਡੋਜ਼ ਵੱਲੋਂ ਮਾਰੇ ਛਾਪਿਆਂ ਦੌਰਾਨ ਛੁਡਾ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ।
ਪਾਕਿਸਤਾਨ ਫੌਜ ਨੇ ਆਖਿਆ ਕਿ ਜੋਸ਼ੂਆ ਬੋਇਲ, ਉਸ ਦੀ ਪਤਨੀ ਕੈਟਲਾਨ ਕੋਲਮੈਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਖੁਫੀਆ ਆਪਰੇਸ਼ਨ ਚਲਾ ਕੇ ਮੁਕਤ ਕਰਵਾਇਆ ਗਿਆ। ਅਜ਼ਾਦ ਹੋਣ ਤੋਂ ਬਾਅਦ ਉਹ ਅਫਗਾਨਿਸਤਾਨ ਵਾਲੀ ਸਰਹੱਦ ਪਾਰ ਕਰ ਗਏ। ਇਸ ਜੋੜੇ ਨੂੰ ਅਜਿਹੇ ਗਰੁੱਪ ਵੱਲੋਂ ਅਗਵਾ ਕਰ ਕੇ ਰੱਖਿਆ ਗਿਆ ਸੀ ਜਿਸ ਦੇ ਤਾਲਿਬਾਨ ਨਾਲ ਸਬੰਧ ਸਨ। ਕੈਨੇਡਾ ਵਿੱਚ ਦੇਸ਼ ਦੇ ਹਾਈ ਕਮਿਸ਼ਨਰ ਤਾਰਿਕ ਆਜਿ਼ਮ ਖਾਨ ਨੇ ਦੱਸਿਆ ਕਿ ਜਿਵੇਂ ਹੀ ਫੌਜ ਨੂੰ ਅਮਰੀਕੀ ਖੁਫੀਆ ਅਧਿਕਾਰੀਆਂ ਤੋਂ ਇਸ ਪਰਿਵਾਰ ਦੇ ਠਿਕਾਣੇ ਬਾਰੇ ਪਤਾ ਲੱਗਿਆ, ਉਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ।
ਖਾਨ ਨੇ ਦੱਸਿਆ ਕਿ ਜਦੋਂ ਇਸ ਪਰਿਵਾਰ ਨੂੰ ਵੈਨ ਦੇ ਪਿਛਲੇ ਹਿੱਸੇ ਵਿੱਚ ਬਿਠਾ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਰਿਹਾ ਸੀ ਤਾਂ ਪਾਕਿਸਤਾਨੀ ਸੈਨਾਵਾਂ ਇਨ੍ਹਾਂ ਨੂੰ ਛੁਡਵਾਉਣ ਲਈ ਪਹੁੰਚ ਗਈਆਂ। ਉਸ ਸਮੇਂ ਗੋਲੀਆਂ ਵੀ ਚੱਲੀਆਂ। ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਉੱਤਰਪੱਛਮੀ ਪਾਕਿਸਤਾਨ ਵਿੱਚ ਕੋਹਾਟ ਡਿਸਟ੍ਰਿਕਟ ਦੇ ਨਾਵਾ ਕਿਲੀ ਏਰੀਆ ਵਿੱਚ ਇੱਕ ਸੜਕ ਪਾਰ ਕਰਦਿਆਂ ਹੋਇਆ। ਖਾਨ ਨੇ ਲੰਡਨ ਤੋਂ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਉੱਥੇ ਗੋਲੀਆਂ ਚੱਲੀਆਂ ਤੇ ਪਾਕਿਸਤਾਨੀ ਕਮਾਂਡੋਜ਼ ਨੇ ਹਮਲਾ ਕਰਕੇ ਬੰਦੀਆਂ ਨੂੰ ਛੁਡਾ ਲਿਆ।
ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਕਿ ਬੋਇਲ ਪਰਿਵਾਰ ਨੂੰ ਪਹਿਲਾਂ ਵੀ ਮਿਲ ਚੁੱਕੀ ਹੈ, ਨੇ ਆਖਿਆ ਕਿ ਇਹ ਪਰਿਵਾਰ ਬਹੁਤ ਹੀ ਖਤਰਨਾਕ ਮਾਹੌਲ ਵਿੱਚੋਂ ਆਇਆ ਹੈ। ਫਰੀਲੈਂਡ ਨੇ ਸਕਿਊਰਿਟੀ ਕਾਰਨਾਂ ਕਰਕੇ ਇਨ੍ਹਾਂ ਦੀ ਰਿਹਾਈ ਦੀਆਂ ਸ਼ਰਤਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਆਖਿਆ ਕਿ ਕੈਨੇਡਾ, ਅਮਰੀਕਾ, ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਰਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਇਨ੍ਹਾਂ ਸਾਰੇ ਮੁਲਕਾਂ ਦਾ ਧੰਨਵਾਦ ਵੀ ਕੀਤਾ। ਮੈਕਸਿਕੋ ਸਿਟੀ ਤੋਂ ਫਰੀਲੈਂਡ ਨੇ ਆਖਿਆ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਪਰਿਵਾਰ ਕਿਹੋ ਜਿਹੇ ਹੌਲਨਾਕ ਤਜਰਬੇ ਵਿੱਚੋਂ ਲੰਘਿਆ ਹੈ।
ਜਿਸ ਸਮੇਂ ਬੋਇਲ ਤੇ ਕੋਲਮੈਨ ਨੂੰ ਅਗਵਾ ਕੀਤਾ ਗਿਆ ਸੀ ਤਾਂ ਕੋਲਮੈਨ ਉਸ ਸਮੇਂ ਗਰਭਵਤੀ ਸੀ। ਦੋਵਾਂ ਨੂੰ ਹਕੀਕੀ ਨੈੱਟਵਰਕ ਵੱਲੋਂ ਅਗਵਾ ਕੀਤਾ ਗਿਆ ਸੀ, ਜਿਸ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਅੱਤਵਾਦੀ ਜਥੇਬੰਦੀ ਐਲਾਨਿਆ ਹੋਇਆ ਹੈ। ਸਮਿੱਥ ਫਾਲਜ਼, ਓਨਟਾਰੀਓ ਰਹਿਣ ਵਾਲੇ ਬੋਇਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਤੇ ਉਸ ਦਾ ਪਰਿਵਾਰ ਕੈਨੇਡਾ ਆਉਣਾ ਚਾਹੁੰਦੇ ਸਨ।
ਇਹ ਜੋੜਾ 2012 ਵਿੱਚ ਰੂਸ, ਕਜ਼ਾਕਿਸਤਾਨ, ਤਜ਼ਾਕਿਸਤਾਨ ਤੇ ਕਿਰਗੀਸਤਾਨ ਘੁੰਮਣ ਗਿਆ ਸੀ ਤੇ ਫਿਰ ਇਹ ਅਖੀਰ ਵਿੱਚ ਅਫਗਾਨਿਸਤਾਨ ਪਹੁੰਚੇ। ਕੋਲਮੈਨ ਦੇ ਮਾਪਿਆਂ ਨੇ ਆਖਰੀ ਵਾਰੀ ਆਪਣੇ ਜਵਾਈ ਨਾਲ 8 ਅਕਤੂਬਰ, 2012 ਨੂੰ ਗੱਲ ਕੀਤੀ ਸੀ। ਇਸ ਜੋੜੇ ਦੀਆਂ ਵੀਡੀਓਜ਼ 2013 ਤੋਂ ਆਨਲਾਈਨ ਪਾਈਆਂ ਗਈਆਂ। ਪਿਛਲੇ ਸਾਲ ਦਸੰਬਰ ਵਿੱਚ ਇਸ ਜੋੜੇ ਨੇ ਸਾਰੀਆਂ ਸਬੰਧਤ ਸਰਕਾਰਾਂ ਨੂੰ ਪਰਿਵਾਰ ਦੀ ਅਜ਼ਾਦੀ ਬਚਾਉਣ ਲਈ ਕਿਸੇ ਕਰਾਰ ਉੱਤੇ ਪਹੁੰਚਣ ਦੀ ਗੁਹਾਰ ਲਾਈ।