ਤਾਲਿਬਾਨ ਦੇ ਹਮਲੇ ਵਿੱਚ 45 ਅਫਗਾਨ ਫੌਜੀਆਂ ਦੀ ਮੌਤ


ਕਾਬੁਲ, 21 ਜੂਨ (ਪੋਸਟ ਬਿਊਰੋ)- ਅਫਗਾਨਿਸਤਾਨ ਵਿੱਚ ਈਦ ਦੇ ਮੌਕੇ ਲਾਗੂ ਕੀਤੀ ਜੰਗਬੰਦੀ ਖਤਮ ਹੋਣ ਦੇ ਬਾਅਦ ਅੱਤਵਾਦੀ ਗਰੁੱਪ ਤਾਲਿਬਾਨ ਨੇ ਕੱਲ੍ਹ ਪਹਿਲਾ ਵੱਡਾ ਹਮਲਾ ਕੀਤਾ ਅਤੇ ਦੋ ਸੂਬਿਆਂ ਦੀਆਂ ਸੁਰੱਖਿਆ ਚੌਕੀਆਂ ‘ਤੇ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ 45 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਅਫਗਾਨ ਸੁਰੱਖਿਆ ਦਸਤਿਆਂ ਵੱਲੋਂ ਜਵਾਬੀ ਕਾਰਵਾਈ ‘ਚ 16 ਅੱਤਵਾਦੀ ਵੀ ਮਾਰੇ ਗਏ।
ਅਫਗਾਨ ਸਰਕਾਰ ਦੇ ਜੰਗਬੰਦੀ ਦੇ ਐਲਾਨ ਦੇ ਬਾਅਦ ਤਾਲਿਬਾਨ ਨੇ ਵੀ ਈਦ ਦੀਆਂ ਛੁੱਟੀਆਂ ਦੌਰਾਨ ਤਿੰਨ ਦਿਨ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਸੀ, ਜੋ ਪਿਛਲੇ ਐਤਵਾਰ ਖਤਮ ਹੋ ਗਿਆ। ਤਾਲਿਬਾਨ ਨੇ ਪਹਿਲਾ ਹਮਲਾ ਬਦਘੀਸ ਸੂਬੇ ‘ਚ ਕੀਤਾ। ਬਦਘੀਸ ਸੂਬਾਈ ਕੌਂਸਲ ਦੇ ਮੁਖੀ ਅਬਦੁੱਲ ਅਜੀਜੀ ਬੇਕ ਨੇ ਕਿਹਾ ਕਿ ਅੱਤਵਾਦੀ ਕਈ ਪਾਸਿਆਂ ਤੋਂ ਆਏ ਅਤੇ ਕਈ ਘੰਟਿਆਂ ਤੱਕ ਚੱਲੇ ਮੁਕਾਬਲੇ ‘ਚ 30 ਫੌਜੀਆਂ ਦੀ ਮੌਤ ਹੋ ਗਈ। ਤਾਲਿਬਾਨ ਨੇ ਇਸ ਦੌਰਾਨ ਸੁਰੱਖਿਆ ਚੌਕੀ ‘ਤੇ ਕਬਜ਼ਾ ਕਰ ਲਿਆ। ਦੂਜਾ ਹਮਲਾ ਫਰਾਹ ਸੂਬੇ ਦੀ ਇਕ ਸੁਰੱਖਿਆ ਚੌਕੀ ‘ਤੇ ਕੀਤਾ ਗਿਆ। ਇਸ ਹਮਲੇ ‘ਚ 15 ਸੁਰੱਖਿਆ ਮੁਲਾਜ਼ਮਾਂ ਦੀ ਜਾਨ ਚਲੀ ਗਈ।
ਵਰਨਣ ਯੋਗ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਨੇ ਈਦ ਦੇ ਮੌਕੇ ‘ਤੇ ਦਸ ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ। ਕਈ ਲੋਕਾਂ ਨੇ ਰਾਸ਼ਟਰਪਤੀ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਅੱਤਵਾਦੀਆਂ ਨੂੰ ਰਾਜਧਾਨੀ ਕਾਬੁਲ ਸਮੇਤ ਸਰਕਾਰ ਦੇ ਕਬਜ਼ੇ ਵਾਲੇ ਕਈ ਇਲਾਕਿਆਂ ‘ਚ ਆਸਾਨੀ ਨਾਲ ਦਾਖਲੇ ਦਾ ਮੌਕਾ ਮਿਲ ਗਿਆ ਹੈ। ਇਹ ਆਲੋਚਨਾ ਹਾਲੇ ਵੀ ਹੋ ਰਹੀ ਹੈ।