ਤਾਲਿਬਾਨ ਦੇ ਡਰ ਕਾਰਨ ਪਾਕਿਸਤਾਨ ਦੀ ਟਾਪ ਮਹਿਲਾ ਖਿਡਾਰਨ ਲੜਕਾ ਬਣ ਗਈ

maria turpkai
ਲੰਡਨ, 18 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਨੰਬਰ ਇਕ ਮਹਿਲਾ ਸਕਵਾਸ਼ ਖਿਡਾਰਨ ਮਾਰੀਆ ਤੂਰਪਕਾਈ ਜਦੋਂ ਛੋਟੀ ਬੱਚੀ ਸੀ ਤਾਂ ਉਸ ਨੇ ਆਪਣੇ ਸਾਰੇ ਕੱਪੜੇ ਸਾੜ ਦਿੱਤੇ, ਆਪਣੇ ਲੰਮੇ ਵਾਲ ਕੱਟ ਕੇ ਉਸ ਨੇ ਛੋਟੇ ਕਰ ਦਿੱਤਾ। ਫਿਰ ਅਗਲੇ 10 ਸਾਲ ਤੱਕ ਮਾਰੀਆ ਖੁਦ ਨੂੰ ਇਹ ਯਕੀਨ ਦੁਆਉਂਦੀ ਰਹੀ ਸੀ ਕਿ ਉਹ ਲੜਕੀ ਨਹੀਂ, ਲੜਕਾ ਹੈ। ਮਾਰੀਆ ਦਾ ਜਨਮ ਪਾਕਿਸਤਾਨ ਦੇ ਦੱਖਣੀ ਵਜ਼ੀਰਿਸਤਾਨ ਵਿੱਚ ਹੋਇਆ ਸੀ। ਇਹ ਹਿੱਸਾ ਉਨ੍ਹਾਂ ਥਾਵਾਂ ਵਿੱਚ ਸ਼ਾਮਲ ਹੈ, ਜਿਥੇ ਤਾਲਿਬਾਨ ਦਾ ਕਾਫੀ ਬੋਲਬਾਲਾ ਹੈ।
ਚਾਰ ਸਾਲ ਦੀ ਉਮਰ ਵਿੱਚ ਮਾਰੀਆ ਨੂੰ ਮਹਿਸੂਸ ਹੋਇਆ ਕਿ ਜੇ ਉਸ ਨੇ ਖੇਡਣਾ ਹੈ ਤਾਂ ਮੁੰਡਿਆਂ ਵਾਂਗ ਕੱਪੜੇ ਪਹਿਨਣੇ ਹੋਣਗੇ। ਮਾਰੀਆ ਦੇ ਪਿਤਾ ਆਪਣੀ ਬੇਟੀ ਦੇ ਅੰਦਰ ਲੁਕੀ ਖਿਡਾਰਨ ਦੇਖ ਰਹੇ ਸਨ। ਮਾਰੀਆ ਦੀ ਮਦਦ ਲਈ ਉਨ੍ਹਾਂ ਨੇ ਉਸ ਨੂੰ ਆਪਣਾ ਬੇਟਾ ਐਲਾਨ ਦਿੱਤਾ ਅਤੇ ਉਸ ਦਾ ਨਾਂ ਚੰਗੇਜ ਖਾਨ ਰੱਖ ਦਿੱਤਾ। ਫਿਰ ਹੌਲੀ-ਹੌਲੀ ਜਦੋਂ ਮਾਰੀਆ ਮਸ਼ਹੂਰ ਹੋਣ ਲੱਗੀ ਤਾਂ ਉਸ ਦਾ ਇਹ ਭੇਦ ਖੁੱਲ੍ਹ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਲੜਕਾ ਨਹੀਂ, ਲੜਕੀ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਤਾਲਿਬਾਨ ਵੱਲੋਂ ਮਾਰੀਆ ਨੂੰ ਹੱਤਿਆ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਤਾਲਿਬਾਨ ਨੇ ਉਸ ਦੇ ਪਰਵਾਰ ‘ਤੇ ਦੋਸ਼ ਲਾਇਆ ਕਿ ਆਪਣੀ ਬੇਟੀ ਨੂੰ ਬੇਟੇ ਵਜੋਂ ਪੇਸ਼ ਕਰਕੇ ਅਤੇ ਖੇਡਣ ਦਾ ਮੌਕਾ ਦੇ ਕੇ ਉਨ੍ਹਾਂ ਨੇ ਇਸਲਾਮ ਨੂੰ ਸ਼ਰਮਸਾਰ ਕੀਤਾ ਹੈ।