ਤਾਰਾ

-ਸਰਵਣ ਮਿਨਹਾਸ
ਯਾਦ ਨਹੀਂ ਉਸ ਦਿਨ ਮੈਂ ਦਫਤਰੋਂ ਲੇਟ ਕਿਉਂ ਹੋ ਗਿਆ। ਏਨਾ ਯਾਦ ਹੈ ਕਿ ਜਦੋਂ ਮੈਂ ਦਫਤਰੋਂ ਬਾਹਰ ਨਿਕਲਿਆ, ਝੱਖੜ ਝੁੱਲ ਪਿਆ ਸੀ। ਆਸਮਾਨ ‘ਚ ਕਾਲੇ ਬੱਦਲ ਇਕਦਮ ਛਾ ਗਏ ਸੀ ਤੇ ਮੀਂਹ ਕਹਿ ਰਿਹਾ ਸੀ ਬੱਸ ਮੈਂ ਅੱਜ ਈ ਆਂ। ਮੈਂ ਅਨੈਕਸੀ ਪਹੁੰਚਦਿਆਂ-ਪਹੁੰਚਦਿਆਂ ਛੇ ਵੱਜ ਗਏ ਸੀ। ਭਿੱਜ ਤਾਂ ਜਾਣਾ ਹੀ ਸੀ।
ਕਿਰਾਏ ‘ਤੇ ਲਈ ਅਨੈਕਸੀ ਦੀਆਂ ਪੌੜੀਆਂ ਬਾਹਰਵਾਰ ਸਨ। ਪੌੜੀਆਂ ਚੜ੍ਹ ਕੇ ਜਦੋਂ ਮੈਂ ਤਾਲੇ ਨੂੰ ਚਾਬੀ ਲਾ ਕੇ ਸੱਜੇ ਘੁਮਾਈ, ਉਹ ਘੁੰਮੀ ਨਹੀਂ। ਖੱਬੇ ਘੁਮਾਈ ਤਾਂ ਤਾਲਾ ਲੱਗ ਗਿਆ। ਸੋਚਿਆ, ‘ਓ, ਅੱਜ ਫਿਰ ਕਮਰਾ ਖੁੱਲ੍ਹਾ ਛੱਡ ਗਿਆ ਮੈਂ।’ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਮੇਰੇ ਨਾਲ। ਕਮਰਾ ਖੋਲ੍ਹ ਕੇ ਅੰਦਰ ਗਿਆ। ਬੈਗ ਰੱਖ ਕੇ ਬੈਡਰੂਮ ‘ਚ ਕੱਪੜੇ ਬਦਲਣ ਲਈ ਗਿਆ ਤਾਂ ਠਠੰਬਰ ਗਿਆ। ਬਿਸਤਰੇ ‘ਤੇ ਬੇਸੁੱਧ ਇਕ ਲੜਕੀ ਸੁੱਤੀ ਹੋਈ ਸੀ! ਹੈਰਾਨ ਮੈਂ ਉਹਦੇ ਵੱਲ ਦੇਖਦਾ ਖੜਾ ਰਿਹਾ। ਚਿਹਰਾ ਉਹਨੇ ਬਾਂਹ ਨਾਲ ਢੱਕਿਆ ਹੋਇਆ ਸੀ, ਇਸ ਲਈ ਪਛਾਣ ਨਹੀਂ ਆਈ। ‘ਕੌਣ ਹੈ ਇਹ? ਮੇਰੇ ਕਮਰੇ ‘ਚ ਕਿਵੇਂ ਆਈ? ਕਿਉਂ ਆਈ?’ ਕਿੰਨੇ ਪ੍ਰਸ਼ਨ ਮਨ ‘ਚ ਆ ਜਾ ਰਹੇ ਸੀ।
ਕੁਝ ਚਿਰ ਮੈਂ ਉਵੇਂ ਹੀ ਬੌਂਦਲਿਆ ਜਿਹਾ ਖੜਾ ਰਿਹਾ। ਫਿਰ ਸੋਚਿਆ, ਮਨਾਂ ਕੱਪੜੇ ਤਾਂ ਬਦਲ ਲਵਾਂ। ਬਿਨਾਂ ਖੜਕਾ ਕੀਤਿਆਂ ਅਲਮਾਰੀ ‘ਚੋਂ ਨਾਈਟ ਸੂਟ ਕੱਢਿਆ ਤੇ ਵਾਸ਼ਰੂਮ ਚੱਲਿਆ ਗਿਆ। ਮੈਨੂੰ ਕੱਪੜੇ ਬਦਲਦਿਆਂ ਪੰਜ ਦਸ ਮਿੰਟ ਲੱਗ ਗਏ ਹੋਣਗੇ। ਬਾਹਰ ਨਿਕਲਿਆ ਤਾਂ ਦੇਖਿਆ ਕਮਰੇ ਦੀ ਬੱਤੀ ਜਗ ਰਹੀ ਸੀ ਤੇ ਉਹ ਮੰਜੇ ‘ਤੇ ਬੈਠੀ ਸੀ। ਸ਼ਾਇਦ ਪਾਣੀ ਦਾ ਖੜਕਾ ਸੁਣ ਕੇ ਉਠ ਖੜੀ ਸੀ। ਮੈਨੂੰ ਦੇਖ ਕੇ ਥੋੜ੍ਹਾ ਮੁਸਕਰਾਈ। ‘ਓ ਤਾਰਾ! ਤੁਸੀਂ! ਤੁਸੀਂ ਕਿਵੇਂ ਆਗੇ?’ ਹੈਰਾਨੀ ਨਾਲ ਮੈਂ ਥੋੜ੍ਹਾ ਮੁਸਕਰਾ ਕੇ ਕਿਹਾ। ਤਾਰਾ ਮੇਰੀ ਪੁਰਾਣੀ ਜਮਾਤਣ ਸੀ। ਮੈਂ ਲਾਗੇ ਡੱਠੀ ਕੁਰਸੀ ‘ਤੇ ਬੈਠ ਗਿਆ।
‘ਕਦੋਂ ਆਏ ਤੁਸੀਂ?’
‘ਡੇਢ ਦੋ ਘੰਟੇ ਹੋ ਗਏ। ਉਪਰ ਆਈ, ਤੁਸੀਂ ਤਾਂ ਨਹੀਂ ਸੀ, ਤੁਹਾਡਾ ਕਮਰਾ ਖੁੱਲ੍ਹਾ ਸੀ।’
‘ਅੱਛਾ, ਕੁਝ ਖਾਧਾ ਪੀਤਾ ਕਿ ਨਹੀਂ?’
‘ਨਹੀਂ’, ਉਸ ਕਿਹਾ।
‘ਠੀਕ ਐ, ਚਾਹ ਪੀਂਦੇ ਆਂ।’ ਮੈਂ ਬਣਾਉਂਦਾ।’
‘ਮੈਂ ਬਣਾਉਂਦੀ ਆਂ।’
‘ਨਹੀਂ, ਤੂੰ ਬੈਠ। ਤੈਨੂੰ ਪਤਾ ਨ੍ਹੀਂ ਲੱਗਣਾ ਕਿੱਥੇ ਕੀ ਪਿਐ।’
ਮੈਂ ਰਸੋਈ ‘ਚ ਚਲਿਆ ਗਿਆ। ਨਾਲੇ ਚਾਹ ਬਣਾਉਂਦਾ ਰਿਹਾ, ਨਾਲੇ ਸੋਚਦਾ ਰਿਹਾ, ਤਾਰਾ ਕਿਵੇਂ ਆ ਗਈ? ਉਹ ਮੇਰੇ ਸ਼ਹਿਰ ਰਹਿੰਦੀ ਸੀ। ਸ਼ਾਇਦ ਕਿਧਰੇ ਨੌਕਰੀ ਕਰਦੀ ਸੀ ਤੇ ਸ਼ਾਮ ਵੇਲੇ ਕੋਈ ਕੋਰਸ ਵੀ। ਕਾਲਜ ਤੋਂ ਬਾਅਦ ਅਸੀਂ ਕਦੇ ਮਿਲੇ ਨਹੀਂ। ਜਦੋਂ ਪੜ੍ਹਦੇ ਸੀ, ਉਦੋਂ ਵੀ ਖਾਸ ਨੇੜਤਾ ਨਹੀਂ ਸੀ। ਫਿਰ ਅੱਜ? ਅੱਜ ਕਿਸ ਤਰ੍ਹਾਂ ਘਰ ਲੱਭ ਕੇ ਆ ਗਈ ਉਹ? ਟਰੇਅ ‘ਚ ਚਾਹ ਤੇ ਕੁਝ ਖਾਣ ਲਈ ਰੱਖ ਕੇ ਮੈਂ ਡਰਾਇੰਗ ਰੂਮ ‘ਚ ਆ ਗਿਆ ਤੇ ਤਾਰਾ ਨੂੰ ਵੀ ਓਥੇ ਬੁਲਾ ਲਿਆ।
ਇਕਦਮ ਉਹਨੂੰ ਪੁੱਛਣਾ ਮੈਨੂੰ ਚੰਗਾ ਨਹੀਂ ਲੱਗਾ ਕਿ ਉਹ ਕਿਉਂ ਆਈ ਸੀ। ਅਸੀਂ ਸਰਸਰੀ ਗੱਲਾਂ ਕਰਦੇ ਰਹੇ। ਉਸ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨਾਲ ਰਹਿੰਦੀ ਐ, ਉਹਦੇ ਪਾਪਾ ਠੀਕ ਨਹੀਂ, ਦਿਲ ਦਾ ਦੌਰਾ ਪੈ ਗਿਆ ਸੀ, ਤੇ ਛੋਟੀ ਭੈਣ ਚੰਡੀਗੜ੍ਹ ਪੜ੍ਹਦੀ ਹੈ। ਉਹ ਗੱਲਾਂ ਕਰਦੀ ਰਹੀ, ਪਰ ਵਿੱਚ-ਵਿੱਚ ਮੈਨੂੰ ਲੱਗਦਾ ਰਿਹਾ ਉਹਦਾ ਮਨ ਉਖੜਿਆ-ਉਖੜਿਆ ਹੈ। ਅਸੀਂ ਚਾਹ ਪੀ ਲਈ। ਮੈਂ ਘੜੀ ਵੱਲ ਦੇਖਿਆ, ਹਨੇਰਾ ਹੋ ਰਿਹਾ ਸੀ। ਮੈਂ ਤਾਰਾ ਵੱਲ ਦੇਖਿਆ। ਫਿਰ ਸਹਿਜੇ ਪੁੱਛਿਆ, ‘ਅੱਜ ਕਿਵੇਂ ਆਉਣਾ ਹੋਇਆ?’
ਉਹਦਾ ਚਿਹਰਾ ਇਕਦਮ ਬਦਲ ਗਿਆ, ਬਹੁਤ ਗੰਭੀਰ, ਬਹੁਤ ਉਦਾਸ, ਬਹੁਤ ਵਿਚਾਰਾ ਜਿਹਾ ਹੋ ਗਿਆ। ਉਹ ਛੱਤ ਵੱਲ ਦੇਖਣ ਲੱਗ ਗਈ ਤੇ ਮੇਰੇ ਦੇਖਦਿਆਂ ਦੇਖਦਿਆਂ ਉਹਦੀਆਂ ਅੱਖਾਂ ‘ਚੋਂ ਹੰਝੂ ਕਿਰਨ ਲੱਗੇ। ‘ਕੀ ਹੋ ਗਿਆ ਤਾਰਾ? ਕੁਝ ਦੱਸ ਤਾਂ ਸਹੀ।’
ਕਿੰਨੀ ਦੇਰ ਉਹਦੇ ਕੋਲੋਂ ਕੁਝ ਬੋਲ ਨਹੀਂ ਹੋਇਆ। ਉਹ ਰੋਂਦੀ ਰਹੀ। ਦੀਵਾਰ ਵੱਲ ਝਾਕਦੀ ਰਹੀ। ਫਿਰ ਹੌਲੀ ਦੇਣੇ ਕਹਿੰਦੀ, ‘ਕੀ ਦੱਸਾਂ? ਕਿਵੇਂ ਦੱਸਾਂ?’ ਰੁਕ-ਰੁਕ ਕੇ ਤੇ ਰੋ-ਰੋ ਕੇ ਜਿਹੜੀ ਉਹਨੇ ਗੱਲ ਦਸੀ, ਉਹ ਬਹੁਤ ਬੇਚੈਨ ਕਰਨ ਵਾਲੀ ਸੀ। ਦਰਅਸਲ ਜਿਸ ਫਰਮ ਵਿੱਚ ਤਾਰਾ ਨੇ ਕੁਝ ਮਹੀਨੇ ਨੌਕਰੀ ਕੀਤੀ ਸੀ, ਉਥੇ ਇਕ ਮੁੰਡੇ ਨਾਲ ਉਹਦੀ ਦੋਸਤੀ ਹੋ ਗਈ ਸੀ। ਜਾਂ ਇਉਂ ਆਖ ਲਓ ਮੁੰਡੇ ਨੇ ਵਰਗਲਾ ਲਿਆ ਸੀ ਉਹਨੂੰ। ਉਹਦੇ ਲਾਰਿਆਂ ‘ਚ ਆ ਕੇ ਇਕ ਦਿਨ ਉਹ ਉਹਦੇ ਨਾਲ ਕਸੌਲੀ ਚਲੀ ਗਈ, ਜਿਥੇ ਉਸ ਮੁੰਡੇ ਨੇ ਉਹਦੀਆਂ ਚੰਗੀਆਂ ਮਾੜੀਆਂ ਤਸਵੀਰਾਂ ਲੈ ਲਈਆਂ। ਬਾਅਦ ਵਿੱਚ ਉਨ੍ਹਾਂ ਤਸਵੀਰਾਂ ਦਾ ਡਰਾਵਾ ਦੇ ਕੇ ਉਹ ਤਾਰ ਨੂੰ ਕਦੀ ਕਿਤੇ ਤੇ ਕਦੀ ਕਿਤੇ ਬੁਲਾਉਣ ਲੱਗ ਪਿਆ। ਹੋਰ ਤਾਂ ਹੋਰ ਆਪਣੇ ਯਾਰਾਂ ਹੱਥੀਂ ਵੀ ਉਹਨੂੰ ਬੇਇੱਜ਼ਤ ਕਰਾਉਣ ਲੱਗ ਪਿਆ..।
ਤਾਰਾ ਦੀ ਗੱਲ ਸੁਣ ਕੇ ਇਕ ਵਾਰ ਮੈਂ ਸੁੰਨ ਹੋ ਗਿਆ। ਕਿੰਨੀ ਦੇਰ ਚੁੱਪ ਰਿਹਾ। ਕਹਿੰਦਾ ਕੀ। ਤਾਰਾ ਕੋਲੋਂ ਗਲਤੀ ਹੋ ਗਈ ਸੀ। ਭਾਰੀ ਦਲਦਲ ਵਿੱਚ ਫਸ ਗਈ ਸੀ ਉਹ। ਕੀ ਮੈਂ ਉਹਨੂੰ ਦੋਸ਼ ਦਿੰਦਾ? ਆਪਣੀ ਗਲਤੀ ਦਾ ਅਹਿਸਾਸ ਉਸ ਨੂੰ ਹੋ ਚੁੱਕਾ ਸੀ। ਸੋਚਦਾ ਰਿਹਾ ਕਿ ਕੀ ਹੋ ਸਕਦਾ ਹੈ, ਪਰ ਕੁਝ ਨਹੀਂ ਸੀ ਹੋ ਸਕਣਾ। ਮੈਂ ਕਿਹਾ, ‘ਤਾਰਾ ਤੂੰ ਲੇਟ ਹੋ ਰਹੀ ਐ। ਬਾਹਰ ਮੌਸਮ ਵੀ ਠੀਕ ਨਹੀਂ। ਤੂੰ ਘਰੇ ਜਾ। ਦੇਖਦੇ ਆਂ ਕੀ ਕਰਨੈ।’ ਮੈਂ ਤਾਰਾ ਕੋਲੋਂ ਉਸ ਬੰਦੇ ਦਾ ਅਤਾ ਪਤਾ ਸਭ ਲੈ ਲਿਆ। ਉਹਦਾ ਆਪਣਾ ਫੋਨ ਵੀ ਲੈ ਲਿਆ, ਆਪਣਾ ਉਹਨੂੰ ਦੇ ਦਿੱਤਾ। ਕਿਹਾ, ‘ਜੇ ਹੁਣ ਉਹਦਾ ਫੋਨ ਆਏ ਜਾਂ ਕਿਤੇ ਆਉਣ ਲਈ ਕਹੇ, ਮੈਨੂੰ ਨਾਲ ਦੀ ਨਾਲ ਸੂਚਿਤ ਕਰ ਦੇਈ।’
ਤਾਰਾ ਨੂੰ ਮੈਂ ਥਰੀ ਵ੍ਹੀਲਰ ‘ਤੇ ਬਿਠਾ ਆਇਆ। ਵਾਪਸ ਆ ਕੇ ਕਿੰਨੀ ਦੇਰ ਕੁਰਸੀ ‘ਤੇ ਬੈਠਾਂ ਸੋਚਦਾ ਰਿਹਾ। ਸਾਊ ਪਰਵਾਰ ਦੀ ਸਾਊ ਕੁੜੀ ਸੀ ਤਾਰਾ। ਕਿਹੋ ਜਿਹੀ ਘਿਨੌਣੀ ਸਥਿਤੀ ‘ਚ ਫਸ ਗਈ ਸੀ। ਅਗਲੇ ਦਿਨ ਛੁੱਟੀ ਸੀ। ਮੈਂ ਆਪਣੇ ਮਿੱਤਰ ਸੁਖਵੰਤ ਸਿੱਧੂ ਨੂੰ ਫੋਨ ਕੀਤਾ ਕਿ ਮੈਂ ਆਉਣੈ। ਅੱਗੋਂ ਹੱਸ ਕੇ ਕਹਿੰਦਾ, ‘ਤੂੰ ਟਾਈਮ ਲੈ ਕੇ ਆਉਣੈ? ਜਦੋਂ ਜੀਅ ਕਰੇ ਆ ਜੀ।’ ਮੈਂ ਕਿਹਾ, ‘ਬਾਈ, ਤੂੰ ਹੁਣ ਵੱਡੀ ਵਕੀਲ ਜੋ ਹੋ ਗਿਆ, ਪੁੱਛ ਕੇ ਆਉਣਾ ਠੀਕ ਐ।’ ‘ਅੱਛਾ, ਅੱਛਾ’, ਅੱਗੋਂ ਕਹਿੰਦਾ, ‘ਜਦ ਜੀਅ ਕਰੇ ਆ ਜੀ- ਘਰੇ ਈ ਆਂ ਮੈਂ ਅੱਜ।’
ਯਾਰਾਂ ਵਜੇ ਮੈਂ ਸੁਖਵੰਤ ਦੀ ਵੱਡੀ ਸਾਰੀ ਕੋਠੀ ਪਹੁੰਚ ਗਿਆ। ਦਰਵਾਜ਼ੇ ਦੀ ਘੰਟੀ ਵਜਾਈ ਤਾਂ ਉਹ ਆਪ ਹੀ ਆ ਗਿਆ। ਜੱਫੀ ਪਾ ਕੇ ਅੰਦਰ ਲੈ ਗਿਆ। ਆਪਣੀ ਪਤਨੀ ਨਾਲ ਮਿਲਾਇਆ। ਜਦੋਂ ਚਾਹ ਪਾਣੀ ਪੀ ਹਟੇ, ਮੈਂ ਕਿਹਾ, ‘ਇਕ ਜ਼ਰੂਰੀ ਗੱਲ ਕਰਨੀ ਐ ਸੁਖਵੰਤ, ਤੇਰੇ ਦਫਤਰ ‘ਚ ਬੈਠੀਏ?’ ਥੋੜ੍ਹਾ ਹੈਰਾਨ ਹੋ ਕੇ ਉਹਨੇ ਮੇਰੇ ਵੱਲ ਦੇਖਿਆ, ਜਿਵੇਂ ਬੁੱਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਇਹੋ ਜਿਹੀ ਕਿਹੜੀ ਗੱਲ ਐ ਜਿਹੜੀ ਇਥੇ ਡਰਾਇੰਗ ਰੂਮ ‘ਚ ਨਹੀਂ ਹੋ ਸਕਦੀ। ਕਹਿੰਦਾ, ‘ਠੀਕ ਐ।’ ਤੇ ਅਸੀਂ ਉਠ ਕੇ ਉਹਦੇ ਦਫਤਰ ‘ਚ ਆ ਗਏ।
ਮੈਂ ਬੜੇ ਸੰਜਮ ਨਾਲ ਸਾਰੀ ਗੱਲ ਸੁਖਵੰਤ ਨੂੰ ਦੱਸੀ। ਉਹ ਸੁਣਦਾ ਰਿਹਾ ਤੇ ਉਹਦਾ ਚਿਹਰਾ ਗੰਭੀਰ ਹੁੰਦਾ ਗਿਆ। ਸਾਰੀ ਗੱਲ ਸੁਣ ਕੇ ਇਕੇਰਾਂ ਉਹ ਕੁੜੀਆਂ ਉਤੇ ਹਰਖ ਗਿਆ। ਮੈਂ ਕਿਹਾ, ‘ਹੋਰਨਾਂ ਬਾਰੇ ਮੈਂ ਕੁਝ ਨ੍ਹੀਂ ਕਹਿੰਦਾ ਸੁੱਖੀ, ਪਰ ਤਾਰਾ ਬਹੁਤ ਸਾਊ ਕੁੜੀ ਐ। ਦੋ ਸਾਲ ਮੇਰੇ ਨਾਲ ਪੜ੍ਹੀ, ਕਦੇ ਉਚਾ ਨੀਵਾਂ ਬੋਲਦਿਆਂ ਵੀ ਨਹੀਂ ਸੁਣਿਆ ਉਹਨੂੰ। ਸ਼ਾਇਦ ਸਾਊ ਸੀ ਤਾਂ ਹੀ ਇਸ ਚੱਕਰ ‘ਚ ਫਸ ਗਈ।’
ਸੁਖਵੰਤ ਕੁਝ ਦੇਰ ਸੋਚਦਾ ਰਿਹਾ। ਫਿਰ ਉਹਨੇ ਫੋਨ ਘੁਮਾਇਆ। ਕਿਸੇ ਗੁਰਜੀਤ ਗਿੱਲ ਨਾਲ ਉਹਦੇ ਗੱਲ ਕੀਤੀ ਤੇ ਪੁੱਛਿਆ ਕਿ ਕਦੋਂ ਮਿਲ ਸਕਦਾ ਸੀ ਉਹ। ਫੋਨ ਰੱਖ ਕੇ ਕਹਿੰਦਾ, ‘ਡੀ ਐਸ ਪੀ ਐ। ਮਿੱਤਰ ਐ ਆਪਣਾ। ਪਿੰਡ ਗਿਆ ਹੋਇਐ ਆਥਣੇ ਏਧਰੋਂ ਲੰਘਦਾ ਮਿਲ ਕੇ ਜਾਊਗਾ। ਮੈਂ ਕਰਦਾਂ ਗੱਲ ਉਹਦੇ ਨਾਲ। ਕਈ ਵਾਰ ਇਹ ਮੁੰਡੇ ਇਕੱਲੇ ਦੁਕੱਲੇ ਨਹੀਂ ਹੁੰਦੇ, ਪੂਰਾ ਗਰੋਹ ਹੁੰਦਾ। ਖਤਰਨਾਕ ਹੋ ਸਕਦੇ ਨੇ। ਕੋਈ ਨ੍ਹੀਂ, ਗੱਲ ਕਰਕੇ ਦੱਸਦਾਂ ਤੈਨੂੰ।’
‘ਠੀਕ ਐ,’ ਮੈਂ ਕਿਹਾ, ‘ਮੈਂ ਚੱਲਦਾਂ, ਜੇ ਗਿੱਲ ਨਾਲ ਗੱਲ ਹੋ ਗਈ, ਫੋਨ ਕਰ ਦੇਈ।’ ਆਖ ਕੇ ਮੈਂ ਆ ਗਿਆ। ਧਰਵਾਸ ਹੋਇਆ ਕਿ ਗੱਲ ਠੀਕ ਲੀਹ ‘ਤੇ ਪੈ ਗਈ ਸੀ। ਮੇਰਾ ਖਾਣਾ ਅੱਠ ਕੁ ਵਜੇ ਨੇੜੇ ਇਕ ਪੀ ਜੀ ਤੋਂ ਆ ਜਾਂਦਾ ਸੀ। ਖਾਣਾ ਖਾ ਕੇ ਹਟਿਆ ਸੀ ਕਿ ਸੁਖਵੰਤ ਦਾ ਫੋਨ ਆ ਗਿਆ। ਕਹਿੰਦਾ, ‘ਗੁਰਜੀਤ ਨਾਲ ਗੱਲ ਹੋਗੀ, ਤੂੰ ਕੱਲ੍ਹ ਸ਼ਾਮ ਆ ਜੀਂ, ਉਹ ਵੀ ਆ ਜਾਉ। ਬੈਠ ਕੇ ਰਾਇ ਕਰ ਲਵਾਂਗੇ।’ ਮੈਂ ਕਿਹਾ, ‘ਠੀਕ ਐ, ਆ ਜਾਊਂ।’
ਮੈਂ ਅਗਲੀ ਸ਼ਾਮ ਸੁਖਵੰਤ ਦੀ ਕੋਠੀ ਪੁਹੰਚਿਆ ਤਾਂ ਉਹ ਦਫਤਰ ‘ਚ ਬੈਠਾ ਆਪਣੇ ਮੁਨਸ਼ੀ ਨੂੰ ਕੁਝ ਹਦਾਇਤਾਂ ਕਰ ਰਿਹਾ ਸੀ। ਇਕ ਸੱਜਣ ਹੋਰ ਵੀ ਬੈਠੇ ਸੀ, ਉਨ੍ਹਾਂ ਨੂੰ ਕਹਿੰਦਾ, ‘ਠੀਕ ਐ, ਦਸ ਤਰੀਕ ਐ ਆਪਣੀ। ਜਿਹੜਾ ਕਾਗਜ਼ ਤੁਹਾਨੂੰ ਕਿਹਾ ਉਹ ਦੇ ਜਾਣਾ।’
ਅਸੀਂ ਇਕੱਲੇ ਰਹਿ ਗਏ ਤਾਂ ਸੁਖਵੰਤ ਨੇ ਘੜੀ ਦੇਖੀ। ਕਹਿੰਦਾ, ‘ਆਇਆ ਨਹੀਂ ਅਜੇ ਗੁਰਜੀਤ, ਕਹਿੰਦਾ ਸੀ ਸਾਢੇ ਪੰਜ ਪਹੁੰਚ ਜਾਊਂ। ਚਾਹ ਲਈ ਕਹਾਂ ਕਿ ਉਡੀਕ ਲਈਏ ਉਹਨੂੰ?’ ‘ਉਡੀਕ ਲੈਂਦੇ ਆਂ,’ ਮੈਂ ਕਿਹਾ। ‘ਜਿਹੜੀ ਗੱਲ ਮੈਂ ਕਹੀ ਸੀ, ਉਹ ਠੀਕ ਹੀ ਨਿਕਲੀ, ‘ ਸੁਖਵੰਤ ਬੋਲਿਆ, ‘ਪੂਰੀ ਜੰੁਡਲੀ ਐ, ਉਸ ਮੁੰਡੇ ਨੂੰ ਵੀ ਜਾਣਦੈ ਗਿੱਲ। ਉਹ ਆਪ ਤਾਂ ਕੁਝ ਨਹੀਂ, ਕੁਝ ਯਾਰ ਬੋਲੀ ਹੈਗੇ ਉਹਦੇ ਮੁਜਰਿਮਾਂ ਵਰਗੇ।’
ਸਾਨੂੰ ਦਸ ਕੁ ਮਿੰਟ ਉਡੀਕਣਾ ਪਿਆ ਹੋਵੇਗਾ, ਗੁਰਜੀਤ ਆ ਗਿਆ। ਸੁਖਵੰਤ ਨੇ ਸਾਡਾ ਤੁਆਰੁਫ ਕਰਵਾਇਆ, ‘ਗੁਰਜੀਤ, ਇਹ ਮਨਵੀਰ ਆਰਕੀਟੈਕਟ।’ ਅਸੀਂ ਹੱਥ ਮਿਲਾਏ। ਗੁਰਜੀਤ ਕਹਿੰਦਾ, ‘ਸੁੱਖੀ, ਜਲਦੀ ਵਿੱਚ ਆਂ। ਇਕ ਮੀਟਿੰਗ ਰੱਖ ਲਈ ਆਈ ਜੀ ਸਾਬ੍ਹ ਨੇ।’
ਮੇਰੇ ਵੱਲ ਦੇਖ ਕੇ ਕਹਿੰਦਾ, ‘ਐਤਕੀਂ ਜਦੋਂ ਉਹ ਕੁੜੀ ਨੂੰ ਫੋਨ ਕਰੇ, ਮੈਨੂੰ ਇਤਲਾਹ ਕਰ ਦੇਣਾ। ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ। ਉਨ੍ਹਾਂ ਦੇ ਸਿਆਸੀ ਸਬੰਧ ਹੈਗੇ ਪਤਾ ਮੈਂ ਕੋਈ ਨ੍ਹੀਂ ਦੇਖ ਲਵਾਂਗੇ।’ ਫਿਰ ਸੁਖਵੰਤ ਨੂੰ ਕਹਿੰਦਾ, ‘ਲੈ ਬਈ ਸੁੱਖੀ, ਮੈਂ ਚੱਲਦਾਂ।’ ਸੁਖਵੰਤ ਕਹਿੰਦਾ, ‘ਚਾਹ ਕੌਫੀ ਤਾਂ ਪੀ ਜਾਂਦਾ।’ ‘ਫੇਰ ਸਹੀ,’ ਆਖ ਕੇ ਉਹ ਉਠ ਖੜਿਆ। ਅਸੀਂ ਦੋਵੇਂ ਉਹਨੂੰ ਬਾਹਰਲੇ ਗੇਟ ਤੱਕ ਛੱਡਣ ਗਏ। ਮੈਂ ਉਹਦਾ ਸ਼ੁਕਰੀਆ ਕੀਤਾ ਤਾਂ ਹੱਸ ਕੇ ਕਹਿੰਦਾ, ‘ਤੁਹਾਡੀ ਲੋੜ ਵੀ ਜਲਦੀ ਪਏਗੀ ਆਰਕੀਟੈਕਟ ਸਾਬ੍ਹ, ਮੈਂ ਮਕਾਨ ਸ਼ੁਰੂ ਕਰਨ ਵਾਲਾਂ।’ ‘ਜ਼ਰੂਰ ਕਿਉਂ ਨਹੀਂ,’ ਮੈਂ ਕਿਹਾ। ਉਹ ਹੱਥ ਮਿਲਾ ਕੇ ਬਾਹਰ ਉਡੀਕਦੀ ਜੀਪ ਵਿੱਚ ਜਾ ਬੈਠਾ। ਮੈਨੂੰ ਉਹ ਚੰਗਾ ਲੱਗਿਆ।
ਅਸੀਂ ਦਫਤਰ ‘ਚ ਆ ਗਏ। ਸੁਖਵੰਤ ਨੇ ਚਾਹ ਲਈ ਫੋਨ ਕਰ ਦਿੱਤਾ। ਮੈਂ ਕਿਹਾ, ‘ਵਧੀਆ ਬੰਦੈ ਗੁਰਜੀਤ।’ ‘ਬਹੁਤ ਘੱਟ ਬੰਦੇ ਹੁੰਦੇ ਐ ਇਹੋ ਜਿਹੇ, ਬਹਾਦਰ ਤੇ ਇਮਾਨਦਾਰ।’ ਸੁਖਵੰਤ ਨੇ ਹਾਮੀ ਭਰੀ।
‘ਚਲਦਾਂ,’ ਮੈਂ ਚਾਹ ਪੀ ਲੈਣ ਪਿੱਛੋਂ ਸੁਖਵੰਤ ਨੂੰ ਕਿਹਾ, ‘ਮੈਂ ਤੈਨੂੰ ਸੰਪਰਕ ਕਰਦਾ ਰਹਾਂਗਾ ਸ਼ੁਕਰੀਆ।’
ਕੋਈ ਪੰਦਰਾਂ ਕੁ ਦਿਨ ਲੰਘ ਗਏ ਹੋਣਗੇ ਜਦੋਂ ਮੈਨੂੰ ਤਾਰਾ ਦਾ ਫੋਨ ਆਇਆ। ਕਹਿੰਦੀ, ‘ਫੇਰ ਬੁਲਾ ਰਿਹੈ।’ ਮੇਰੇ ਪੁੱਛਣ ‘ਤੇ ਸਾਰਾ ਵੇਰਵਾ ਉਹਨੇ ਦੇ ਦਿੱਤਾ ਕਿ ਉਹਨੇ ਕਿਸ ਦਿਨ, ਕਿੱਥੇ, ਕਦੋਂ ਬੁਲਾਇਆ ਸੀ। ਮੈਂ ਫੌਰੀ ਸੁਖਵੰਤ ਨੂੰ ਫੋਨ ਕੀਤਾ। ਕਹਿੰਦਾ, ‘ਠੀਕ ਐ, ਮੈਂ ਗੁਰਜੀਤ ਨੂੰ ਦੱਸ ਦਿੰਦਾਂ, ਨਾਲੇ ਪੁੱਛ ਲੈਂਦਾਂ ਕਦੋਂ ਘਰੇ ਮਿਲੂ। ਫੇਰ ਚਲੇ ਚੱਲਾਂਗੇ।’
ਸੁਖਵੰਤ ਦਾ ਫੋਨ ਉਡੀਕਦਾ ਰਿਹਾ। ਕੋਈ ਚਾਰ ਵਜੇ ਉਹਦਾ ਫੋਨ ਆਇਆ। ਕਹਿੰਦਾ, ‘ਕਿੱਥੇ ਐ?’ ਮੈਂ ਕਿਹਾ, ‘ਦਫਤਰ।’ ਕਹਿੰਦਾ, ‘ਇਉ ਕਰ ਤੂੰ ਗੁਰਜੀਤ ਕੋਲ ਜਾ ਆਂ। ਮੈਂ ਥੋੜ੍ਹਾ ਰੁੱਝਿਆ ਹੋਇਆਂ। ਮੇਰੀ ਗੱਲ ਗੋਗੀ ਉਹਦੇ ਨਾਲ। ਪੰਜ ਕੁ ਵਜੇ ਪਹੁੰਚ ਜਾਈ।’ ਤੇ ਉਹਨੇ ਮੈਨੂੰ ਗੁਰਜੀਤ ਦਾ ਸੰਪਰਕ ਨੰਬਰ ਤੇ ਘਰ ਦਾ ਸਿਰਨਾਵਾਂ ਲਿਖਾ ਦਿੱਤਾ। ਮੈਂ ਠੀਕ ਪੰਜ ਵਜੇ ਗੁਰਜੀਤ ਦੇ ਘਰ ਦੇ ਬਾਹਰਲੇ ਗੇਟ ਕੋਲ ਪਹੁੰਚ ਕੇ ਫੋਨ ਕੀਤਾ। ਗੁਰਜੀਤ ਆਪ ਹੀ ਆ ਗਿਆ। ‘ਆਓ, ਆਓ,’ ਉਹਨੇ ਹੱਥ ਮਿਲਾਇਆ ਤੇ ਅੰਦਰ ਲੈ ਗਿਆ। ਕਹਿੰਦਾ, ‘ਕੀ ਪੀਓਗੇ, ਚਾਹ ਚੌਫੀ ਕਿ ਕੁਝ ਠੰਢਾ?’ ਮੈਂ ਕਿਹਾ, ‘ਚਲੋ ਕੌਫੀ ਪੀ ਲੈਂਦੇ ਆਂ।’ ਉਹਨੇ ਨੌਕਰ ਨੂੰ ਕੌਫੀ ਲਿਆਉਣ ਲਈ ਕਹਿ ਦਿੱਤਾ। ਮੈਂ ਗੁਰਜੀਤ ਨੂੰ ਸਾਰੀ ਗੱਲ ਦੱਸੀ, ‘ਆਹ ਆਉਣ ਵਾਲੇ ਸ਼ੁੱਕਰਵਾਰ ਗਰੀਨ ਬੁਲਾਇਆ ਤਿੰਨ ਵਜੇ ਉਹਨੂੰ।’ ਉਹ ਚੁੱਪ ਕਰਕੇ ਸੁਣਦਾ ਰਿਹਾ। ਬੋਲਿਆ ਨਹੀਂ। ਸ਼ਾਇਦ ਮਨ ਹੀ ਮਨ ਕੋਈ ਵਿਉਂਤ ਬਣਾ ਰਿਹਾ ਸੀ। ਮੇਰੇ ਵੱਲ ਦੇਖ ਕੇ ਕਹਿੰਦਾ, ‘ਇਕ ਸ਼ਿਕਾਇਤ ਕੁੜੀ ਵੱਲੋਂ ਚਾਹੀਦੀ ਹੋਏਗੀ। ਲੋੜ ਪੈ ਸਕਦੀ ਐ। ਤੁਸੀਂ ਆਪੇ ਬਣਾ ਲਿਉ। ਦਸਖਤ ਉਹਤੋਂ ਕਰਵਾ ਲੈਣਾ।’ ਉਹ ਦੱਸਦਾ ਰਿਹਾ ਕਿ ਵਿੱਚ ਕੀ ਲਿਖਣਾ ਹੈ ਤਾਂ ਸ਼ਿਕਾਇਤ ਦੀ ਅਰਜ਼ੀ ਕੀਹਨੂੰ ਸੰਬੋਧਨ ਕਰਨੀ ਹੈ। ਕਹਿੰਦਾ, ‘ਅਰਜ਼ੀ ਕੱਲ੍ਹ ਸਵੇਰੇ ਫੜਾ ਜਾਇਉ।’
‘ਠੀਕ ਐ,’ ਮੈਂ ਕਿਹਾ। ਗੁਰਜੀਤ ਕੋਲੋਂ ਉਠ ਕੇ ਮੈਂ ਸਿੱਧਾ ਸਾਈਬਰ ਕੈਫੇ ਗਿਆ। ਅਰਜ਼ੀ ਟਾਈਮ ਕੀਤੀ। ਸਾਰਾ ਵੇਰਵਾ ਤਾਂ ਸੀ ਹੀ ਮੇਰੇ ਕੋਲ। ਇਕ ਦੋ ਗੱਲਾਂ ਸਪਸ਼ਟ ਕਰਨ ਵਾਲੀਆਂ ਸਨ। ਉਹ ਮੈਂ ਤਾਰਾ ਕੋਲੋਂ ਫੋਨ ‘ਤੇ ਪੁੱਛ ਲਈਆਂ, ਨਾਲੇ ਉਹਨੂੰ ਕਿਹਾ ਕਿ ਕੈਫੇ ਆ ਜਾਏ। ਮੈਂ ਪ੍ਰਿੰਟ ਅਜੇ ਲਏ ਹੀ ਸੀ ਕਿ ਤਾਰਾ ਆ ਗਈ। ਸੁਖਵੰਤ ਤੇ ਗੁਰਜੀਤ ਨਾਲ ਹੋਈ ਗੱਲਬਾਤ ਉਹਨੂੰ ਦੱਸੀ ਤੇ ਅਰਜ਼ੀ ‘ਤੇ ਦਸਤਖਤ ਕਰਨ ਲਈ ਕਿਹਾ। ‘ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਰਿਪੋਰਟ ਮੈਂ ਕੀਤੀ ਐ?’ ਤਾਰਾ ਦੀਆਂ ਅੱਖਾਂ ‘ਚ ਡਰ ਸੀ। ਮੈਂ ਕਿਹਾ, ‘ਤਾਰਾ, ਕੋਈ ਹੋਰ ਚਾਰਾ ਨਹੀਂ ਆਪਣੇ ਕੋਲ। ਗੁਰਜੀਤ ਤੇਰੀ ਇਹ ਸ਼ਿਕਾਇਤ ਆਪਣੇ ਕੋਲ ਹੀ ਰੱਖੂਗਾ। ਜੇ ਲੋੜ ਪਈ ਤਾਂ ਹੀ ਵਰਤੇਗਾ। ਘਬਰਾ ਨਾ, ਮੈਂ ਜੋ ਹਾਂ ਤੇਰੇ ਨਾਲ।’ ਤਾਰਾ ਨੇ ਫਿਰ ਕੁਝ ਨਹੀਂ ਕਿਹਾ। ਕਾਗਜ਼ ‘ਤੇ ਦਸਤਖਤ ਕਰ ਦਿੱਤੇ।
ਮੈਂ ਅਗਲੀ ਸਵੇਰ ਗੁਰਜੀਤ ਨੂੰ ਕਾਗਜ਼ ਫੜਾ ਦਿੱਤੇ। ਉਹਨੇ ਸਰਸਰੀ ਨਿਗ੍ਹਾ ਮਾਰ ਕੇ ਕਿਹਾ, ‘ਠੀਕ ਐ? ਬਾਕੀ ਹੁਣ ਮੇਰੇ ‘ਤੇ ਛੱਡ ਦਿਉ।’ ਮੈਂ ਕਿਹਾ, ‘ਚੰਗਾ ਹੋਵੇ ਜੇ ਲੜਕੀ ਦਾ ਨਾਂ ਵਿੱਚ ਨਾ ਆਏ। ਜੇ ਉਨ੍ਹਾਂ ਨੂੰ ਪਤਾ ਲੱਗ ਗਿਆ, ਹੋਰ ਨੁਕਸਾਨ ਨਾ ਕਰਨ।’ ‘ਫਿਕਰ ਨਾ ਕਰ, ਅਸੀਂ ਕਾਹਦੇ ਲਈ ਆਂ।’ ‘ਕੁਝ ਤਸਵੀਰਾਂ ਵੀ ਹੈਗੀਆਂ ਉਸ ਮੁੰਡੇ ਕੋਲ।’ ‘ਸਭ ਕਢਾ ਲਵਾਂਗੇ।’ ਜਦੋਂ ਗੁਰਜੀਤ ਨੇ ਕਿਹਾ, ਮੈਂ ਉਠ ਖੜਿਆ। ਉਹਦਾ ਸ਼ੁਕਰੀਆ ਕੀਤਾ ਤੇ ਬਾਹਰ ਆ ਕੇ ਮੋਟਰ ਸਾਈਕਲ ਦਫਤਰ ਵੱਲ ਮੋੜ ਲਿਆ।
ਕੋਈ ਤਿੰਨ ਚਾਰ ਦਿਨਾਂ ਬਾਅਦ ਸੁਖਵੰਤ ਦਾ ਰਾਤੀਂ ਫੋਨ ਆਇਆ। ਦੱਸਣ ਲੱਗਿਆ, ‘ਗੁਰਜੀਤ ਨੇ ਦੱਸਿਆ ਚੱਕ ਲਿਆ ਉਸ ਨੂੰ। ਚੰਗਾ ਥੈਂਬੜਿਆ। ਸਭ ਕੁਝ ਕਢਵਾ ਲਿਆ ਉਹਤੋਂ। ਨਾਲ ਦੇ ਵੀ ਫੜ ਲਏ।’ ‘ਸ਼ਾਬਾਸ਼’ ਮੈਂ ਖੁਸ ਹੋ ਕੇ ਕਿਹਾ, ‘ਬਾਅਦ ‘ਚ ਕੋਈ ਨੁਕਸਾਨ ਤਾਂ ਨ੍ਹੀਂ ਕਰਨਗੇ?’ ‘ਓ ਨਹੀਂ, ਉਨ੍ਹਾਂ ਨੂੰ ਕਿਹੜਾ ਪਤੈ ਕੀਹਨੇ ਰਿਪੋਰਟ ਕੀਤੀ ਐ। ਉਹ ਨਸ਼ਿਆਂ ‘ਚ ਵੀ ਨੇ।’ ‘ਬਹੁਤ ਠੀਕ ਹੋ ਗਿਆ ਸੁੱਖੀ। ਧੰਨਵਾਦ ਬਾਈ। ਗੁਰਜੀਤ ਨੂੰ ਫੋਨ ਕਰਾਂ?’ ਸੁਖਵੰਤ ਕਹਿੰਦਾ, ‘ਹੁਣ ਰਹਿਣ ਦੇ, ਲੇਟ ਐ। ਇਉਂ ਕਰੀਂ ਕੱਲ੍ਹ ਪਰਸੋਂ ਆ ਜੀਂ। ਜਾ ਆਵਾਂਗੇ ਗੁਰਜੀਤ ਵੱਲ। ਮਿਲਦੇ ਆਂ, ਗੁੱਡ ਨਾਈਟ।’ ‘ਗੁੱਡ ਨਾਈਟ,’ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ।
ਅਗਲੇ ਦਿਨ ਸਵੇਰੇ ਨੂੰ ਤਾਰਾ ਨੂੰ ਦੱਸ ਦਿੱਤਾ, ‘ਸਭ ਠੀਕ ਹੋ ਗਿਆ। ਕੋਈ ਫਿਕਰ ਦੀ ਗੱਲ ਨਹੀਂ। ਤੂੰ ਕੁਝ ਨਹੀਂ ਕਰਨਾ, ਕਿਤੇ ਨਹੀਂ ਜਾਣਾ। ਨਾ ਤੈਨੂੰ ਕੋਈ ਤੰਗ ਕਰੇਗਾ ਨਾ ਕੋਈ ਫੋਨ ਆਏਗਾ।’ ਤਾਰਾ ਅੱਗੋਂ ਕੁਝ ਬੋਲੀ ਨਹੀਂ।
ਸ਼ਾਇਦ ਸੁਣ ਕੇ ਉਹ ਰੋਣ ਲੱਗ ਗਈ ਸੀ। ਮੈਂ ਕਿਹਾ, ‘ਤਾਰਾ..!’ ਹੌਲੀ ਜਿਹੇ ਬੋਲੀ, ‘ਸ਼ੁਕਰੀਆ ਮਨਵੀਰ..ਮੈਂ ਆਉਂਗੀ ਕਿਸੇ ਦਿਨ।’ ‘ਕੋਈ ਨ੍ਹੀਂ,’ ਮੈਂ ਕਿਹਾ। ਓਦਣ ਹੀ ਸੁਖਵੰਤ ਤੇ ਮੈਂ ਗੁਰਜੀਤ ਵੱਲ ਜਾ ਆਏ। ਸ਼ੁਕਰੀਆ ਕਰ ਆਏ।
ਇਸ ਤੋਂ ਬਾਅਦ ਮੇਰਾ ਜੀਵਨ ਪੁਰਾਣੀ ਲੀਹ ‘ਤੇ ਆ ਗਿਆ। ਘਰੋਂ ਦਫਤਰ, ਦਫਤਰੋਂ ਘਰ! ਵਿਹਲੇ ਵੇਲੇ ਸੰਗੀਤ ਸੁਣਨਾ ਜਾਂ ਦੋਸਤੋਵਸਕੀ, ਕਾਫਕਾ ਪੜ੍ਹਨਾ ਚੰਗਾ ਲੱਗਦਾ। ਵਿੱਚ-ਵਿੱਚ ਮੈਂ ਤਾਰਾ ਨੂੰ ਪੁੱਛਦਾ ਰਿਹਾ। ਕਹਿੰਦੀ ਕਿ ਸਭ ਠੀਕ ਐ। ਦੋ ਕੁ ਮਹੀਨੇ ਲੰਘ ਗਏ ਹੋਣਗੇ। ਇਕ ਦਿਨ ਦਫਤਰੋਂ ਆ ਕੇ ਬੈਡ ‘ਤੇ ਪਿਆ ਮੈਂ ‘ਐਨਾ ਕਰੀਨਾ’ ਪੜ੍ਹ ਰਿਹਾ ਸੀ ਕਿ ਕਿਸੇ ਨੇ ਦਰਵਾਜ਼ੇ ਦੀ ਘੰਟੀ ਵਜਾਈ। ਦਰਵਾਜ਼ਾ ਖੋਲ੍ਹਿਆ ਤਾਂ ਤਾਰਾ ਸੀ। ਉਹਦੇ ਹੱਥ ਵਿੱਚ ਲਿਫਾਫਾ ਸੀ। ਡਰਾਇੰਗ ਰੂਮ ਵਿੱਚ ਬੈਠ ਗਏ ਤਾਂ ਤਾਰਾ ਨੇ ਲਿਫਾਫਾ ਮੈਨੂੰ ਫੜਾਇਆ। ਮੈਂ ਕਿਹਾ, ‘ਕੀ ਐ?’ ਉਹ ਮੁਸਕਰਾਈ ਤੇ ਕਹਿੰਦੀ, ‘ਦੇਖ ਲਓ।’ ਮੈਂ ਦੇਖਿਆ, ਵਿਆਹ ਦਾ ਕਾਰਡ ਸੀ ਤੇ ਨਾਲ ਮੇਵਿਆਂ ਦਾ ਵੱਡਾ ਸਾਰਾ ਡੱਬਾ। ਮੈਂ ਕਾਰਡ ਖੋਲ੍ਹ ਕੇ ਪੜ੍ਹਿਆ। ਤਾਰਾ ਦਾ ਵਿਆਹ ਸੀ। ‘ਬਹੁਤ ਚੰਗਾ ਹੋਇਆ ਤਾਰਾ, ਮੁਬਾਰਕ,’ ਮੈਂ ਬੜਾ ਚਾਅ ਨਾਲ ਕਿਹਾ। ‘ਕਿੱਥੇ ਨੇ, ਕੀ ਕਰਦੇ ਨੇ?’ ਮੈਂ ਕਾਰਡ ਵੱਲ ਇਸ਼ਾਰਾ ਕਰਕੇ ਕਿਹਾ। ਕਹਿੰਦੀ, ‘ਆਸਟਰੇਲੀਆ, ਇੰਜੀਨੀਅਰ ਨੇ। ਮੇਰੇ ਮਾਸੀ ਜੀ ਨੇ ਆਸਟਰੇਲੀਆ।’ ‘ਬਹੁਤ ਅੱਛਾ,’ ਮੈਂ ਕਿਹਾ, ‘ਚਾਹ ਕੌਫੀ ਲਓਗੇ?’ ਕਹਿੰਦੀ, ‘ਨਹੀਂ ਲੇਟ ਹੋਗੀ ਆਉਂਦੇ-ਆਉਂਦੇ। ਬੱਸ ਜਾਊਂਗੀ।’
ਤਾਰਾ ਉਠੀ ਨਹੀਂ। ਨੀਵੀਂ ਪਾਈ ਬੈਠੀ ਰਹੀ। ਜਦੋਂ ਉਹਨੇ ਮੂੰਹ ਉਪਰ ਚੁੱਕਿਆ, ਉਹਦੀਆਂ ਅੱਖਾਂ ਭਰੀਆਂ ਹੋਈਆਂ ਸਨ। ਫਿਰ ਇਕਦਮ ਉਹ ਉਠੀ ਤੇ ਉਠ ਕੇ ਉਹਨੇ ਮੇਰੇ ਦੋਵੇਂ ਪੈਰ ਛੂਹੇ। ਉਹ ਇਸ ਤਰ੍ਹਾਂ ਕਰੇਗੀ ਮੈਂ ਸੋਚਿਆ ਨਹੀਂ ਸੀ। ਮੈਂ ਕਿਹਾ, ‘ਇਹ ਕੀ ਕਰ ਰਹੀ ਐਂ? ਉਠ।’ ਮੈਂ ਉਹਨੂੰ ਉਠਾ ਕੇ ਕੁਰਸੀ ‘ਤੇ ਬਿਠਾਇਆ। ਉਹ ਰੋ ਰਹੀ ਸੀ। ‘ਜੋ ਸੈਕੜੇ ਵਾਰ ਮਨ ‘ਚ ਕਰਦੀ ਰਹੀ, ਉਹੀ ਹੁਣ ਕੀਤਾ,’ ਉਹ ਬੋਲੀ, ‘ਮੇਰਾ ਕੋਈ ਭਰਾ ਨਹੀਂ ਸੀ ਨਾ, ਮੈਨੂੰ ਭਰਾ ਮਿਲ ਗਿਆ।’ ਖੁਦ-ਬ-ਖੁਦ ਮੇਰਾ ਹੱਥ ਤਾਰਾ ਦੇ ਸਿਰ ‘ਤੇ ਚੱਲਿਆ ਗਿਆ..।
ਥੋੜ੍ਹੀ ਦੇਰ ਤਾਰਾ ਬੈਠੀ, ਫਿਰ ਉਠ ਖੜੀ, ‘ਮੈਂ ਜਾਂਦੀ ਆਂ।’ ਮੈਂ ਉਹਦੇ ਨਾਲ ਪੌੜੀਆਂ ਉਤਰਨ ਲੱਗਾ। ਕਹਿੰਦਾ, ‘ਤੁਸੀਂ ਬੈਠੋ।’ ਪੌੜੀਆਂ ਉਤਰ ਕੇ ਉਹ ਰੁਕੀ ਤੇ ਉਪਰ ਝਾਕੀ, ‘ਆਇਓ ਜ਼ਰੂਰ।’ ਮੈਂ ਕਿਹਾ, ‘ਆਊਂਗਾ ਤਾਰਾ।’
ਅਨੈਕਸੀ ਦੇ ਬਾਹਰ ਖੜਾ ਮੈਂ ਦੂਰ ਜਾਂਦੀ ਤਾਰਾ ਨੂੰ ਦੇਖਦਾ ਰਿਹਾ..।