ਤਾਰਾ ਨੇ ਕਿਹਾ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਮੈਂ, ਦਿਲਾਵਰ ਅਤੇ ਰਾਜੋਆਣਾ ਗਏ ਸੀ


ਚੰਡੀਗੜ੍ਹ, 14 ਨਵੰਬਰ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਾਲੇ ਕੇਸ ਵਿੱਚ ਅਦਾਲਤੀ ਸੁਣਵਾਈ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਤਾਰਾ (ਡੇਕਵਾਲਾ) ਨੇ ਉਸ ਵਾਰਦਾਤ ਵਾਲੇ ਦਿਨ ਦੀ ਸਾਰੀ ਕਹਾਣੀ ਕੱਲ੍ਹ ਅਦਾਲਤ ਵਿੱਚ ਦੱਸੀ। ਮਾਡਲ ਜੇਲ੍ਹ ਬੁੜੈਲ (ਚੰਡੀਗੜ੍ਹ) ਦੇ ਅੰਦਰ ਲੱਗੀ ਵਧੀਕ ਸੈਸ਼ਨ ਜੱਜ ਜੇ ਐੱਸ ਸਿੱਧੂ ਦੀ ਅਦਾਲਤ ਵਿੱਚ ਕੱਲ੍ਹ ਸੁਣਵਾਈ ਮੌਕੇ ਸੀ ਬੀ ਆਈ ਦੇ ਵਕੀਲ ਐੱਸ ਕੇ ਸਕਸੈਨਾ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਦੀ ਸ਼ਮੂਲੀਅਤ ਬਿਆਨ ਕਰਦੇ 31 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਸੀ।
ਤਾਰਾ ਨੇ ਆਪਣੇ ਜਵਾਬ ਵਿੱਚ ਅਦਾਲਤ ਨੂੰ ਦੱਸਿਆ ਕਿ 30 ਅਗਸਤ 1995 ਵਾਲੇ ਦਿਨ ਉਹ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਤੇ ਬਲਵੰਤ ਸਿੰਘ ਰਾਜੋਆਣਾ ਨਾਲ ਅੰਬੈਂਸਡਰ ਕਾਰ ਵਿੱਚ ਪੰਜਾਬ ਸਕੱਤਰੇਤ ਗਏ ਸਨ। ਉਨ੍ਹਾਂ ਨਾਲ ਕਾਰ ਵਿੱਚ ਉਸ ਮੌਕੇ ਜਗਤਾਰ ਸਿੰਘ ਹਵਾਰਾ ਨਹੀਂ ਸੀ। ਤਾਰਾ ਨੇ ਇਸ ਕਤਲ ਵਿੱਚ ਜਗਤਾਰ ਸਿੰਘ ਹਵਾਰਾ ਦੇ ਸ਼ਾਮਲ ਹੋਣ ਬਾਰੇ ਹਾਲੀਆ ਸੁਣਵਾਈ ਮੌਕੇ ਕੋਈ ਟਿੱਪਣੀ ਨਹੀਂ ਕੀਤੀ। ਤਾਰਾ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਪੰਜਾਬ ਸਕੱਤਰੇਤ ਤੋਂ ਜਾ ਚੁੱਕੇ ਹਨ ਤਾਂ ਉਹ ਮੋਹਾਲੀ ਪਰਤ ਆਏ ਤੇ ਇੱਕ ਸਰਕਾਰੀ ਟਿਊਬਵੈੱਲ ਦੇ ਕਮਰੇ ਵਿੱਚ ਠਹਿਰੇ। ਰਾਤ ਨੂੰ ਦਿਲਾਵਰ ਸਿੰਘ ਨੇ ਆਪਣੇ ਸਰੀਰ ਨਾਲ ਬੰਨ੍ਹੀ ਬੰਬ ਵਾਲੀ ਬੈਲਟ ਉਤਾਰ ਦਿੱਤੀ। ਅਗਲੇ ਦਿਨ 31 ਅਗਸਤ 1995 ਨੂੰ ਉਹ ਫਿਰ ਕਾਰ ਰਾਹੀਂ ਪੰਜਾਬ ਸਕੱਤਰੇਤ ਗਏ। ਤਾਰਾ ਨੇ ਕਿਹਾ ਉਹ ਖੁਦ ਕਾਰ ਚਲਾ ਰਿਹਾ ਸੀ। ਦਿਲਾਵਰ ਸਿੰਘ ਨਾਲ ਦੀ ਸੀਟ ਉੱਤੇ ਬੈਠਾ ਸੀ ਤੇ ਰਾਜੋਆਣਾ ਪਿੱਛੇ ਇੱਕ ਸਕੂਟਰ ਉੱਤੇ ਆ ਰਿਹਾ ਸੀ। ਇਸ ਪਿੱਛੋਂ ਕਰੀਬ 12 ਵਜੇ ਦੁਪਹਿਰ ਉਹ ਅਤੇ ਰਾਜੋਆਣਾ ਮੁੱਖ ਮੰਤਰੀ ਨਿਵਾਸ ਗਏ, ਜਿੱਥੇ ਉਨ੍ਹਾਂ ਵੱਡੀ ਗਿਣਤੀ ਕਾਰਾਂ ਖੜ੍ਹੀਆਂ ਵੇਖੀਆਂ ਅਤੇ ਬੇਅੰਤ ਸਿੰਘ ਆਪਣੇ ਨਿਵਾਸ ਵਿੱਚ ਮੌਜੂਦ ਸੀ। ਇਸ ਮਗਰੋਂ ਉਹ ਸਕੂਟਰ ਉਤੇ ਮੋਹਾਲੀ ਆ ਗਏ ਅਤੇ ਉਥੋਂ ਦੋ ਟੀ-ਸ਼ਰਟ ਅਤੇ ਹੈਲਮਟ ਖਰੀਦੇ, ਜਿਸ ਮਗਰੋਂ ਉਨ੍ਹਾਂ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਇੱਕ ਵਜੇ ਤੋਂ 1.25 ਵਜੇ ਵਿਚਾਲੇ ਪੰਜਾਬ ਸਕਤੱਰੇਤ ‘ਚ ਆਮਦ ਦਾ ਪਤਾ ਲੱਗਾ। ਫਿਰ ਉਹ ਅੰਬੈਂਸਡਰ ਕਾਰ ਪੰਜਾਬ ਸਕੱਤਰੇਤ ਲੈ ਕੇ ਗਏ। ਕਾਰ ਦੀ ਪਿਛਲੀ ਸੀਟ ਉੱਤੇ ਬੈਠੇ ਰਾਜੋਆਣਾ ਨੇ ਮਨੁੱਖੀ ਬੰਬ ਬਣੇ ਨੂੰ ਇੱਕ ਨਵੀਂ ਬੈਟਰੀ ਦਿੱਤੀ। ਤਾਰਾ ਨੇ ਅਦਾਲਤ ਨੂੰ ਦੱਸਿਆ ਉਸ ਪਿੱਛੋਂ ਉਸ ਨੇ ਚੰਡੀਗੜ੍ਹ ਬਸ ਅੱਡੇ ਤੋਂ ਨੌਂ ਸਵਾ ਨੌਂ ਦੇ ਦਰਮਿਆਨ ਦਿੱਲੀ ਲਈ ਬਸ ਫੜ ਲਈ। ਉਸ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਬਾਰੇ ਦਿੱਲੀ ਵਿੱਚ ਪਤਾ ਲੱਗਾ। ਤਾਰਾ ਨੇ ਕਿਹਾ ਕਿ ਪਹਿਲਾਂ ਤੋਂ ਵਿਉਂਤ ਕੀਤੀ ਸੀ ਕਿ ਪੁਲਸ ਦੀ ਵਰਦੀ ਵਿੱਚ ਦਿਲਾਵਰ ਸਿੰਘ ਉਦੋਂ ਅੱਗੇ ਜਾਵੇਗਾ, ਜਦੋਂ ਪੁਲਸ ਕਮਾਂਡੋ ਪੁਜ਼ੀਸ਼ਨ ਲੈ ਲੈਣਗੇ ਅਤੇ ਬੰਬ ਬਲਾਸਟ ਲਈ ਬੈਟਰੀ ਬਟਨ ਦਾ ਦਬਾਅ ਦੇਵੇਗਾ। ਤਾਰਾ ਦੇ ਕੱਲ੍ਹ ਵਾਲੇ ਬਿਆਨ ਮੌਕੇ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਅਦਾਲਤ ਵਿੱਚ ਮੌਜੂਦ ਸਨ। ਅਗਲੀ ਸੁਣਵਾਈ ਚਾਰ ਦਸੰਬਰ ਨੂੰ ਹੋਵੇਗੀ।