ਤਾਜ ਮਹਿਲ ਵਿੱਚ ਬਾਹਰੀ ਲੋਕਾਂ ਨੂੰ ਨਮਾਜ਼ ਦੀ ਖੁੱਲ੍ਹ ਦੇਣ ਤੋਂ ਸੁਪਰੀਮ ਕੋਰਟ ਦੀ ਨਾਂਹ


ਨਵੀਂ ਦਿੱਲੀ, 9 ਜੁਲਾਈ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਤਾਜ ਮਹਿਲ ਕੰਪਲੈਕਸ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਤੋਂ ਬਾਹਰੀ ਲੋਕਾਂ ਨੂੰ ਰੋਕਣ ਲਈ ਆਗਰਾ ਪ੍ਰਸ਼ਾਸਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਰੱਦ ਕਰ ਦਿਤੀ ਹੈ। ਅਦਾਲਤ ਨੇ ਕਿਹਾ ਕਿ ਤਾਜ ਮਹਿਲ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ। ਧਾਰਮਿਕ ਮਕਸਸ ਲਈ ਇਹ ਲੋਕ ਦੂਸਰੀਆਂ ਮਸਜਿਦਾਂ ਵਿਚ ਵੀ ਨਮਾਜ਼ ਅਦਾ ਕਰ ਸਕਦੇ ਹਨ।
ਵਰਨਣ ਯੋਗ ਹੈ ਕਿ ਤਾਜ ਮਹਿਲ ਦੇ ਅੰਦਰ ਬਣੀ ਮਸਜਿਦ ਵਿਚ ਹਰ ਸ਼ੁਕਰਵਾਰ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ, ਜਿਸ ਵਿਚ ਸਥਾਨਕ ਲੋਕ ਹਿੱਸਾ ਲੈਂਦੇ ਹਨ। ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਬਾਹਰੀ ਲੋਕ ਇਸ ਵਿਚ ਸ਼ਾਮਲ ਹੋ ਰਹੇ ਹਨ। ਇਸ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਲਈ ਵੱਡਾ ਖ਼ਤਰਾ ਮੰਨਿਆ ਤੇ ਸਥਾਨਕ ਲੋਕਾਂ ਨੂੰ ਪਛਾਣ ਪੱਤਰ ਦੇ ਆਧਾਰ ਉੱਤੇ ਅੰਦਰ ਜਾਣ ਦੇਣ ਦੀ ਆਗਿਆ ਦੇਣ ਦਾ ਨਿਯਮ ਬਣਾ ਦਿਤਾ। ਆਗਰਾ ਪ੍ਰਸ਼ਾਸਨ ਵਲੋਂ ਕੀਤੇ ਫ਼ੈਸਲੇ ਵਿਰੁਧ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਤੇ ਕਿਹਾ ਕਿ ਮਸਜਿਦ ਵਿਚ ਹਰ ਮੁਸਲਮਾਨ ਨੂੰ ਨਮਾਜ਼ ਅਦਾ ਕਰਨ ਦਾ ਅਧਿਕਾਰ ਹੈ। ਇਸ ਅਰਜ਼ੀ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਹਰ ਕਿਸੇ ਨੂੰ ਓਥੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ।
ਅਰਜ਼ੀ ਰੱਦ ਕਰਦੇ ਹੋਏ ਸੁਪਰੀਮ ਕੋਰਟ ਕਿਹਾ ਕਿ ਤਾਜ ਮਹਿਲ ਸੰਸਾਰ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ ਅਤੇ ਇਸ ਦੀ ਸੁਰੱਖਿਆ ਯਕੀਨੀ ਕਰਨ ਲਈ ਇੱਥੇ ਬਾਹਰੀ ਲੋਕਾਂ ਦਾ ਦਾਖ਼ਲਾ ਖ਼ਤਰਾ ਹੋ ਸਕਦਾ ਹੈ। ਅਦਾਲਤ ਨੇ ਕਿਹਾ ਕਿ ਲੋਕ ਦੂਸਰੀਆਂ ਮਸਜਿਦਾਂ ਵਿਚ ਵੀ ਨਮਾਜ਼ ਅਦਾ ਕਰ ਸਕਦੇ ਹਨ। ਮੁਸਲਮਾਨਾਂ ਵਿਚ ਇਸ ਰੋਕ ਬਾਰੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਸਜਿਦ ਕੋਈ ਵੀ ਹੋਵੇ, ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀ ਰੋਕ ਲਾਉਣੀ ਠੀਕ ਨਹੀਂ ਹੈ, ਪ੍ਰਸ਼ਾਸਨ ਨੂੰ ਰੋਕ ਲਾਉਣ ਦੀ ਬਜਾਏ ਸੁਰੱਖਿਆ ਚੌਕਸੀ ਵਧਾਉਣੀ ਚਾਹੀਦੀ ਹੈ, ਪਰ ਪ੍ਰਸ਼ਾਸਨ ਖ਼ੁਦ ਸੁਰੱਖਿਆ ਕਰਨ ਤੋਂ ਭੱਜ ਰਿਹਾ ਹੈ ਅਤੇ ਅਜਿਹੀ ਰੋਕ ਲਾ ਕੇ ਸੁਰੱਖਿਆ ਦੇ ਦਾਅਵੇ ਕਰ ਰਿਹਾ ਹੈ।