ਤਾਏ ਦਾ ਐਂਟੀ ਸੈਪਟਿਕ

-ਪਿਆਰਾ ਸਿੰਘ ਟਾਂਡਾ
ਗੱਲ ਤਕਰੀਬਨ ਪੰਜਾਹ ਵਰ੍ਹੇ ਪੁਰਾਣੀ ਹੈ। ਉਦੋਂ ਸਾਂਝੇ ਪਰਵਾਰ ਟੁੱਟਣੇ ਸ਼ੁਰੂ ਹੋ ਗਏ ਸਨ। ਤਾਏ ਨੇ ਘਰ ਦੀ ਨੁੱਕਰ ਵਿੱਚ ਇਕ ਕਮਰੇ ਉਤੇ ਮੱਲੋਜ਼ੋਰੀ ਕਬਜ਼ਾ ਕੀਤਾ ਹੋਇਆ ਸੀ। ਉਸ ਕਮਰੇ ਵਿੱਚ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ, ਤਾਈ ਨੂੰ ਵੀ ਨਹੀਂ। ਬਾਅਦ ਵਿੱਚ ਪਤਾ ਲੱਗਾ ਕਿ ਤਾਏ ਨੂੰ ਘਰ ਦੀ ਸ਼ਰਾਬ ਕੱਢ ਕੇ ਪੀਣ ਦੀ ਆਦਤ ਸੀ। ਉਸ ਨੇ ਨਾ ਕਦੇ ਸ਼ਰਾਬ ਮੁੱਲ ਲੈ ਕੇ ਪੀਤੀ ਤੇ ਨਾ ਕਦੇ ਵੇਚੀ। ਅੰਗੂਰਾਂ ਦੀ ਬਹਾਰ ਵਿੱਚ ਉਹ ਸ਼ਹਿਰ ਜਾਂਦਾ ਹੁੰਦਾ ਅਤੇ ਉਥੋਂ ਗਲੇ ਸੜੇ ਅੰਗੂਰਾਂ ਦਾ ਝੋਲਾ ਭਰ ਲਿਆਉਂਦਾ। ਅੰਗੂਰ ਧੋ ਕੇ ਉਹ ਸ਼ਰਾਬ ਕੱਢਣ ਵਾਲੇ ਮੱਟ ਵਿੱਚ ਪਾਉਂਦਾ। ਇਕ ਮੱਟ ਵਿੱਚੋਂ ਤਿੰਨ ਸਾਢੇ ਤਿੰਨ ਬੋਤਲਾਂ ਨਿਕਲ ਆਉਂਦੀਆਂ ਸਨ।
ਇਕ ਵਾਰ ਪੁਲਸ ਦਾ ਛਾਪਾ ਪੈ ਗਿਆ ਤੇ ਕਮਰੇ ਵਿੱਚੋਂ ਡੇਢ ਬੋਤਲ ਸ਼ਰਾਬ ਫੜੀ ਗਈ। ਪੁਲਸ ਤਾਏ ਨੂੰ ਥਾਣੇ ਲੈ ਗਈ। ਰਾਤ ਨੂੰ ਥਾਣੇਦਾਰ ਨੇ ਹੋਰ ਸਟਾਫ ਨਾਲ ਰਲ ਕੇ ਤਾਏ ਵਾਲੀ ਸ਼ਰਾਬ ਪੀ ਲਈ। ਤਾਏ ਨੂੰ ਬਹੁਤ ਗੁੱਸਾ ਆਇਆ, ਪਰ ਕਰ ਕੁਝ ਨਾ ਸਕਿਆ। ਸਵੇਰੇ ਥਾਣੇਦਾਰ ਨੇ ਤਾਏ ਨੂੰ ਸੱਦ ਕੇ ਕਿਹਾ, ‘ਜੇ ਤੂੰ ਮੈਨੂੰ ਇਸ ਤਰ੍ਹਾਂ ਦੀਆਂ ਛੇ ਬੋਤਲਾਂ ਕੱਢ ਦੇਵੇਂ ਤਾਂ ਤੈਨੂੰ ਛੱਡ ਦਿਆਂਗਾ।’ ਤਾਇਆ ਅੜਬ ਸੀ, ਨਾ ਮੰਨਿਆ। ਥਾਣੇਦਾਰ ਨੇ ਲਾਹਣ ਦਾ ਕੇਸ ਪਾ ਕੇ ਤਾਏ ਦਾ ਚਲਾਨ ਕਰ ਦਿੱਤਾ। ਪਿੱਛੋਂ ਤਾਏ ਦੀ ਜ਼ਮਾਨਤ ਹੋ ਗਈ।
ਅਗਲੀ ਤਰੀਕ ‘ਤੇ ਤਾਏ ਦੇ ਇਕ ਦੋਸਤ ਦੀ ਗਵਾਹੀ ਸੀ। ਸਰਕਾਰੀ ਵਕੀਲ ਨੇ ਉਸ ਨਾਲ ਜਿਰ੍ਹਾ ਕੀਤੀ, ‘ਸ਼ਰਾਬ ਕਿੰਨੀ ਤੇ ਕਿਵੇਂ ਫੜੀ ਗਈ।’ ਉਸ ਨੇ ਕਿਹਾ, ‘ਜੱਜ ਸਾਬ੍ਹ, ਸ਼ਰਾਬ ਦਾ ਪਤਾ ਨਹੀਂ, ਪਰ ਪੁਲਸ ਨੇ ਆਉਂਦਿਆਂ ਹੀ ਇਸ ਦਾ ਤੇੜ ਬੰਨ੍ਹਿਆ ਚਾਦਰਾ ਲੁਹਾ ਲਿਆ। ਇਸ ਵਿੱਚੋਂ ਥੋੜ੍ਹੀ ਜਿਹੀ ਡੱਬੀ ਨਿਕਲੀ, ਜਿਸ ਵਿੱਚ ਅੱਧਾ ਤੋਲਾ ਅਫੀਮ ਹੋਵੇਗੀ। ਪੁਲਸ ਚਾਦਰਾ ਤੇ ਅਫੀਮ ਆਪਣੇ ਨਾਲ ਲੈ ਗਈ। ਸ਼ਰਾਬ ਪੀਂਦਿਆਂ ਉਸ ਨੂੰ ਕਦੇ ਦੇਖਿਆ ਨਹੀਂ। ਅਫੀਮ ਖਾਣ ਦੀ ਇਸ ਦੀ ਬੁਰੀ ਆਦਤ ਹੈ।’ ਜੱਜ ਨੇ ਦੋਸਤ ਦੀ ਭੋਲੇਪਣ ਜਿਹੇ ਨਾਲ ਦਿੱਤੀ ਗਵਾਹੀ ਮਨਜ਼ੂਰੀ ਕਰਕੇ ਤਾਏ ਨੂੰ ਬਰੀ ਕਰ ਦਿੱਤਾ।
ਸਮਾਂ ਬੀਤ ਗਿਆ। ਸਾਡੇ ਪਿੰਡ ਲਾਗੇ ਸਾਧ ਦਾ ਡੇਰਾ ਹੈ। ਉਥੇ ਹਰ ਸਾਲ ਮੇਲਾ ਭਰਦਾ ਅਤੇ ਤਿੰਨ ਦਿਨ ਚੱਲਦਾ ਹੈ। ਆਖਰੀ ਦਿਨ ਨਾਮੀ ਭਲਵਾਨਾਂ ਦੇ ਘੋਲ ਹੁੰਦੇ ਸਨ। ਇਲਾਕੇ ਦੀਆਂ ਕਬੱਡੀ ਟੀਮਾਂ ਵੀ ਆਪਸ ਵਿੱਚ ਭਿੜਦੀਆਂ। ਸਵੇਰ ਤੋਂ ਅਖਾੜੇ ਵਿੱਚ ਢੋਲ ਮਾਰੂ ਹੋ ਜਾਂਦੇ ਸਨ। ਜੇਤੂ ਭਲਵਾਨ ਨੂੰ ਦੇਸੀ ਘਿਉ ਦਾ ਟੀਨ ਤੇ ਰੁਮਾਲੀ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਕਬੱਡੀ ਟੀਮਾਂ ਦਾ ਮਾਣ ਸਨਮਾਨ ਕੀਤਾ ਜਾਂਦਾ ਸੀ। ਘਰ ਦੇ ਸਾਰੇ ਜੀਅ ਮੇਲੇ ਗਏ ਹੋਏ ਸਨ। ਸਾਡਾ ਆਥੜੀ (ਨੌਕਰ) ਵੀ ਮੇਲੇ ਜਾਣ ਲਈ ਕਾਹਲਾ ਸੀ। ਸਵਖਤੇ ਉਹ ਤਰੇਲ ਭਿੱਜੇ ਪੱਠਿਆਂ ਦੀ ਪੰਡ ਲੈ ਆਇਆ, ਪਰ ਉਸ ਨੂੰ ਚੀਰਨੀਆਂ ਲਾਉਣ ਵਾਲਾ ਕੋਈ ਨਾ ਟੱਕਰਿਆ। ਮੈਂ ਉਦੋਂ ਛੇਵੀਂ ਸੱਤਵੀਂ ਵਿੱਚ ਪੜ੍ਹਦਾ ਸੀ। ਉਸ ਨੇ ਮੈਨੂੰ ਚੀਰਨੀਆਂ ਲਾਉਣ ਲਈ ਪ੍ਰੇਰ ਲਿਆ। ਇਕ ਚੀਰਨੀ ਲਾਈ, ਫਿਰ ਦੂਜੀ, ਤੀਜੀ ਚੀਰਨੀ ਟੋਕੇ ਦੀਆਂ ਗਰਾਰੀਆਂ ਵਿੱਚ ਫਸ ਗਈ। ਸੱਜੇ ਹੱਥ ਨਾਲ ਚੀਰਨੀ ਨੂੰ ਧੱਕਣ ਲਈ ਖੱਬਾ ਹੱਥ ਟੋਕੇ ਦੇ ਮੱਥੇ ‘ਤੇ ਰੱਖਣਾ ਪੈਂਦਾ ਸੀ, ਪਰ ਉਹ ਮੂੰਹ ਅੱਗੇ ਚਲਾ ਗਿਆ। ਉਸੇ ਵਕਤ ਚੀਕ ਚਿਹਾੜਾ ਪੈ ਗਿਆ। ਮੇਰੀਆਂ ਤਿੰਨ ਉਂਗਲਾਂ ਅੱਧੀਆਂ ਅਤੇ ਇਕ ਉਂਗਲ ਪੂਰੀ ਵੱਢੀ ਗਈ।
ਰੌਲਾ ਸੁਣ ਕੇ ਤਾਇਆ ਭੱਜਿਆ ਆਇਆ। ਮੈਨੂੰ ਲਹੂ ਲੁਹਾਣ ਦੇਖ ਕੇ ਉਹ ਘਰੋਂ ਥਾਲੀ ਤੇ ਅੱਧੀ ਬੋਤਲ ਦਾਰੂ ਦੀ ਲੈ ਆਇਆ। ਮੇਰੇ ਹੱਥ ਉਸ ਨੇ ਥਾਲੀ ਵਿੱਚ ਰੱਖ ਕੇ ਦਾਰੂ ਨਾਲ ਚੰਗੀ ਤਰ੍ਹਾਂ ਧੋ ਦਿੱਤਾ। ਖੂਨ ਬੰਦ ਹੋ ਗਿਆ। ਹਸਪਤਾਲ ਦੋ ਕਿਲੋਮੀਟਰ ਦੂਰ ਸੀ। ਮੈਨੂੰ ਕੰਧੇੜੇ ਚੁੱਕ ਕੇ ਉਹ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਹੱਥ ਦਾ ਮੁਆਇਨਾ ਕੀਤਾ। ਇਕ ਉਂਗਲ ਦਾ ਪੋਟਾ ਗਾਇਬ ਸੀ। ਤਾਇਆ ਵਾਹੋ ਦਾਹੀ ਫਿਰ ਭੱਜਿਆ। ਇਕ ਦੋ ਬੰਦੇ ਹੋਰ ਨਾਲ ਲਏ। ਪੱਠਿਆਂ ਦਾ ਪੱਤ-ਪੱਤ ਫੋਲ ਮਾਰਿਆ। ਪੋਟਾ ਲੱਭ ਗਿਆ। ਉਸ ਨੂੰ ਵੀ ਉਹ ਚੰਗੀ ਤਰ੍ਹਾਂ ਦਾਰੂ ਵਿੱਚ ਧੋ ਕੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਲੋੜੀਂਦੀ ਕਾਰਵਾਈ ਕਰਕੇ ਪੱਟੀ ਕਰ ਦਿੱਤੀ, ਪਰ ਉਸ ਨੇ ਤਾਏ ਦੀ ਫੁਰਤੀ ਤੇ ਸਿਆਣਪ ਦੀ ਦਾਦ ਦਿੱਤੀ। ਤਿੰਨ ਚਾਰ ਪੱਟੀਆਂ ਬਾਅਦ ਮੇਰੀਆਂ ਸਾਰੀਆਂ ਉਂਗਲਾਂ ਠੀਕ ਹੋ ਗਈਆਂ। ਅੱਜ ਵੀ ਜਦੋਂ ਆਪਣੇ ਪੰਜੇ ਦੀਆਂ ਉਂਗਲਾਂ ਦੇਖਦਾ ਹਾਂ ਤਾਂ ਮੇਰਾ ਸਿਰ ਮਰਹੂਮ ਤਾਏ ਅੱਗੇ ਪਿਆਰ ਤੇ ਸ਼ਰਧਾ ਨਾਲ ਝੁਕ ਜਾਂਦਾ ਹੈ।