ਤਾਏ ਜੈਲੇ ਗਿਆਨੀ ਦੀ ਫਿਕਰਮੰਦੀ

-ਪਰਮਜੀਤ ਕੁਠਾਲਾ
ਘਰਾਂ ‘ਚੋਂ ਤਾਇਆ ਲੱਗਦੇ ਜੈਲੇ ਗਿਆਨੀ ਨੇ ਸਾਝਰੇ ਹੀ ਮੇਰੇ ਘਰ ਦਾ ਗੇਟ ਆ ਖੜਕਾਇਆ। ‘ਭਤੀਜ ਸੁਣਿਆ ਸਰਸੇ ਆਲਾ ਫੜ ਕੇ ਜੇਲ ਭੇਜਤਾ, ਨਾਲੇ ਜਿਹੜੇ ਪਰੇਮੀ ਓਥੇ ਗਏ ਸੀ ਕਹਿੰਦੇ ਪੁਲਸ ਨੇ ਬਹੁਤ ਝੰਬੇ ਨੇ। ਆਪਣੇ ਪਿੰਡੋਂ ਵੀ ਬਥੇਰੇ ਗਏ ਹੋਏ ਨੇ ਉਥੇ, ਪਤਾ ਈ ਕਰਲੋ ਕਿਤੇ ਕੋਈ ਜਾਹ ਜਾਂਦੀਏ ਨਾ ਹੋ ਜੇ।’ ਉਸ ਨੇ ਇਕੋ ਸਾਹ ਆਪਣੀ ਚਿੰਤਾ ਪ੍ਰਗਟ ਕਰ ਦਿੱਤੀ। ‘ਨਾਲੇ ਰਾਤ ਟੈਲੀਵਿਜ਼ਨ ‘ਤੇ ਕਹਿੰਦੇ ਤੀ ਬਈ ਪਿੰਡਾਂ ਵਿੱਚ ਗੁਰਦੁਆਰੇ ਇਕ ਕਰ ਦੇਣੇ ਆਂ। ਖਿਆਲ ਰੱਖੀਂ ਕਿਤੇ ਆਪਣੇ ਆਲਾ ਗੁਰੂ ਘਰ ਈ ਬੰਦ ਨਾ ਕਰਵਾ ਦੇਣ, ਮਸਾਂ ਬਣਾਇਆ।’
‘ਤਾਇਆ ਤੰੂ ਫਿਕਰ ਨਾ ਕਰ, ਕੁੱਛ ਨਹੀਂ ਹੁੰਦਾ’ ਕਹਿ ਕੇ ਉਸ ਨੂੰ ਚਾਹ ਦਾ ਗਲਾਸ ਫੜਾ ਦਿੱਤਾ।
ਤਾਏ ਜੈਲੇ ਦੀਆਂ ਗੱਲਾਂ ਮੈਨੂੰ ਸੱਚਮੁੱਚ ਵਜ਼ਨਦਾਰ ਲੱਗੀਆਂ। ਤਾਏ ਜੈਲੇ ਨੂੰ ਜਿਥੇ ਸਿਰਸੇ ਤੇ ਪੰਚਕੂਲੇ ਗਏ ਵਿਹੜੇ ਵਾਲੇ ਪ੍ਰੇਮੀਆਂ ਦਾ ਫਿਕਰ ਵੱਢ-ਵੱਢ ਖਾ ਰਿਹਾ ਸੀ, ਉਥੇ ਉਸ ਨੂੰ ਵਿਹੜੇ ਵਾਲਿਆਂ ਦੇ ਵੱਖਰੇ ਗੁਰਦੁਆਰੇ ਦੀ ਸਭ ਤੋਂ ਵੱਡੀ ਚਿੰਤਾ ਲੱਗੀ ਹੋਈ ਸੀ। ਤਾਏ ਦੇ ਸਵਾਲਾਂ ਤੇ ਡੇਰਾ ਮੁਖੀ ਦੀ ਗ੍ਰਿਫਤਾਰੀ ਪਿੱਛੋਂ ਪ੍ਰੇਮੀਆਂ ਦੀ ਸ਼ੁਰੂ ਹੋਈ ਫੜੋ ਫੜੀ ਨੇ ਇਕ ਵਾਰ ਫਿਰ 16 ਵਰ੍ਹੇ ਪਹਿਲਾਂ ਅਕਤੂਬਰ 2001 ਵਿੱਚ ਭਨਿਆਰਾ ਵਾਲੇ ਦੀ ਗ੍ਰਿਫਤਾਰੀ ਵੇਲੇ ਬਣੇ ਮਾਹੌਲ ਦੀ ਯਾਦ ਤਾਜ਼ਾ ਕਰਵਾ ਦਿੱਤੀ। ਨੂਰਪੁਰ ਬੇਦੀ ਨੇੜੇ ਡੇਰੇ ਵਾਲੇ ਬਾਬੇ ਦੇ ਗ੍ਰੰਥ ਨੇ ਅਜਿਹਾ ਪੰਗਾ ਖੜਾ ਕੀਤਾ ਕਿ ਪੰਜਾਬ ਅੰਦਰ ਉਸ ਦੇ ਹਜ਼ਾਰਾਂ ਭਗਤਾਂ, ਜਿਨ੍ਹਾਂ ਵਿੱਚ ਬਹੁਤੇ ਦਲਿਤ ਸਮਾਜ ਦੇ ਲੋਕ ਸਨ, ਨੂੰ ਭਾਰੀ ਖਮਿਆਜ਼ਾ ਭੁਗਤਣਾ ਪਿਆ। ਇਲਾਕੇ ਦੇ ਹੋਰ ਪਿੰਡਾਂ ਵਾਂਗ ਮੇਰੇ ਪਿੰਡ ਵਿੱਚ ਵੀ ਭਨਿਆਰੇ ਵਾਲੇ ਦੀ ਸੰਗਤ ਬਹੁਤ ਵੱਡੀ ਸੀ। ਕੁਝ ਪੜ੍ਹੇ ਲਿਖੇ ਪਰਵਾਰਾਂ ਨੂੰ ਛੱਡ ਕੇ ਬਹੁਤੇ ਦਲਿਤ ਪਰਵਾਰ ਇਕ ਦੂਜੇ ਦੀ ਦੇਖਾ ਦੇਖੀ ਭਨਿਆਰੇ ਵਾਲੇ ਡੇਰੇ ਨਾਲ ਜੁੜੇ ਹੋਏ ਸਨ। ਉਹ ਹਰ ਹਫਤੇ ਕਿਸੇ ਇਕ ਘਰ ਸਤਿਸੰਗ ਕਰਦੇ। ‘ਸੰਗਤ’ ਨੇ ਆਪੇ ਪੈਸੇ ਇਕੱਠੇ ਕਰਕੇ ਇਕ ਸਪੀਕਰ, ਟੈਂਟ, ਦਰੀਆਂ, ਤਰਪਾਲਾਂ ਤੇ ਲੰਗਰ ਲਈ ਭਾਂਡੇ ਆਦਿ ਖਰੀਦ ਲਏ। ਮੇਰੇ ਗੁਆਂਢੀਆਂ ਦੇ ਘਰ ਲੱਗਦੇ ਸਤਿਸੰਗ ਵੇਲੇ ਉਹ ਸਪੀਕਰ ਮੇਰੇ ਚੁਬਾਰੇ ਉਪਰ ਰੱਖ ਦਿੰਦੇ ਅਤੇ ਅੱਧੀ ਰਾਤ ਤੱਕ ਬਾਬੇ ਦਾ ਗੁਣਗਾਨ ਕਰਦੇ। ਮੈਂ ਜੁਆਕਾਂ ਦੀ ਪੜ੍ਹਾਈ ਦਾ ਵਾਸਤਾ ਪਾ ਕੇ ਬਥੇਰਾ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਮੇਰੀ ਪਤਨੀ ਆਂਢ ਗੁਆਂਢ ਦੇ ਗੁੱਸੇ ਦੀ ਗੱਲ ਕਰਕੇ ਮੈਨੂੰ ਚੁੱਪ ਰਹਿਣ ਦੀ ਸਲਾਹ ਦਿੰਦੀ। ਲੋਕ ਹਰ ਹਫਤੇ ਟੈਂਪੂ ਉਪਰ ਸਪੀਕਰ ਬੰਨ੍ਹ ਕੇ ਡੇਰੇ ਵੱਲ ਤੁਰੇ ਰਹਿੰਦੇ।
ਫਿਰ ਇਕ ਦਿਨ ਖਬਰ ਆਈ ਕਿ ਬਾਬੇ ਨੇ ਇਕ ਵੱਖਰਾ ਗ੍ਰੰਥ ਲਾਂਚ ਕਰ ਦਿੱਤਾ ਹੈ। ਸਿੱਖ ਸਮਾਜ ਅੰਦਰ ਇਸ ਦਾ ਤਿੱਖਾ ਵਿਰੋਧ ਹੋਇਆ। ਪਿੰਡਾਂ ਵਿੱਚ ਗਰਮ ਖਿਆਲੀ ਨੌਜਵਾਨ ਬਾਬੇ ਦੇ ਮੁਰੀਦਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈਣ ਲੱਗੇ। ਮੇਰੇ ਗੁਆਂਢ ਦੇ ਘਰ ਵਿੱਚ ‘ਸੰਗਤ’ ਦਾ ਪਿਆ ਸਾਮਾਨ ਭਾਂਡੇ, ਸਪੀਕਰ, ਟੈਂਟ ਤੇ ਤਰਪਾਲਾਂ ਆਦਿ ਭਗਤਾਂ ਨੇ ਡਰਦਿਆਂ ਮੇਰੇ ਚੁਬਾਰੇ ‘ਚ ਲੁਕੋ ਦਿੱਤਾ। ਗੁਰਦੁਆਰਿਆਂ ‘ਚੋਂ ‘ਘਰ ਵਾਪਸੀ’ ਦੀ ਅਪੀਲ ਸੁਣਦਿਆਂ ਹੀ ਦੇਖਾ ਦੇਖੀ ਲੋਕ ਗੁਰਦੁਆਰਾ ਕਮੇਟੀਆਂ ਦੇ ਆਗੂਆਂ ਕੋਲ ਜਾ ਕੇ ਸਫਾਈਆਂ ਦੇਣ ਲੱਗੇ। ਸਹਿਮੇ ਹੋਏ ਭਗਤਾਂ ਵੱਲੋਂ ਗੁਰਦੁਆਰਿਆਂ ਵਿੱਚ ਜਾ ਕੇ ਭੁੱਲਾਂ ਬਖਸ਼ਾਉਣ ਅਤੇ ਪੰਥ ਵਿੱਚ ਵਾਪਸੀ ਲਈ ਅਰਦਾਸਾਂ ਕਰਵਾਉਣ ਦਾ ਸਿਲਸਿਲਾ ਕਈ ਦਿਨ ਤੱਕ ਚੱਲਦਾ ਰਿਹਾ। ਸਾਡੇ ਪਿੰਡ ਦੇ ਗੁਰਦੁਆਰੇ ਵਿੱਚ ਕਈ ‘ਸ਼ਰਧਾਲੂ ਪਰਵਾਰਾਂ’ ਨੂੰ ਸਿਰੋਪਾਓ ਦੇ ਕੇ ਸਿੱਖ ਪੰਥ ਵਿੱਚ ਸ਼ਾਮਲ ਕੀਤਾ ਗਿਆ।
ਇਸ ਵਰਤਾਰੇ ਨੂੰ ਹਾਲੇ ਸਾਲ ਕੁ ਲੰਘਿਆ ਸੀ ਕਿ ਵਿਹੜੇ ਦੀ ਇਕ ਔਰਤ ਸਾਝਰੇ ਹੀ ਮੇਰੇ ਘਰ ਆਈ। ਉਸ ਦਾ ਪਤੀ ਬਾਬੇ ਦੀਆਂ ਮੱਝਾਂ ਸਾਂਭਣ ਲਈ ਡੇਰੇ ਉਪਰ ਤਿੰਨ ਹਜ਼ਾਰ ਰੁਪਏ ਮਹੀਨੇ ਉੱਤੇ ਪੱਕੀ ਮਜ਼ਦੂਰੀ ਕਰਦਾ ਸੀ। “ਅਸੀਂ ਬਾਬੇ ਦਾ ਖਹਿੜਾ ਛੱਡ ਕੇ ਗੁਰਦੁਆਰੇ ਸਿਰੋਪੇ ਤਾਂ ਪੁਆ ਲਏ ਸੀ, ਪਰ ਹੁਣ ਗੁਰਦੁਆਰੇ ਆਲੇ ਕਹਿੰਦੇ ਕਿ ਅਸੀਂ ਕੁੜੀ ਦੇ ‘ਨੰਦ ਨੀ ਕਰਨੇ। ਅਖੇ ਕੁੜੀ ਦਾ ਬਾਪ ਡੇਰੇ ਰਹਿੰਦਾ।” ਉਹ ਇਕੋ ਸਾਹ ਸਾਰੀ ਕਥਾ ਸੁਣਾ ਗਈ।
ਮੈਂ ਪਿੰਡ ਦੇ ਇਕ ਦੋ ਸਿਆਣੇ ਗੁਰਸਿੱਖ ਬੰਦਿਆਂ ਨਾਲ ਗੱਲ ਕੀਤੀ, ਪਰ ਸਾਰੇ ਹੱਥ ਖੜੇ ਕਰ ਗਏ। ਅਖੀਰ ਮੁੰਡੇ ਵਾਲਿਆਂ ਨੂੰ ਮਨਾ ਕੇ ਅਨੰਦ ਕਾਰਜਾਂ ਦੀ ਬਜਾਏ ਕੁੜੀ ਤੇ ਮੁੰਡੇ ਵੱਲੋਂ ਹਾਰ ਪਾ ਕੇ ਸਾਰ ਲਿਆ ਗਿਆ। ਵਿਆਹ ਦਾ ਕਾਰਜ ਸੰਪੂਰਨ ਹੋ ਗਿਆ। ਇਸੇ ਦੌਰਾਨ ਵਿਹੜੇ ਦੇ ਇਕ ਹੋਰ ਪਰਵਾਰ ਦਾ ਗੁਰਦੁਆਰੇ ਵਾਲਿਆਂ ਅਖੰਡ ਪਾਠ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਸ ਪਰਵਾਰ ਦਾ ਮੁੰਡਾ ਸਿਰਸੇ ਵਾਲੇ ਡੇਰੇ ਦੀ ਖੇਤੀ ਲਈ ਸੀਰੀ ਰਲਿਆ ਹੋਇਆ ਸੀ। ਇਨ੍ਹਾਂ ਘਟਨਾਵਾਂ ਪਿੱਛੋਂ ਗੁੱਸੇ ਵਿੱਚ ਆਏ ਵਿਹੜੇ ਦੋ ਨੌਜਵਾਨਾਂ ਨੇ ਦਲਿਤ ਧਰਮਸ਼ਾਲਾ ਨੂੰ ਸੰਵਾਰ ਕੇ ਵੱਖਰਾ ਗੁਰਦੁਆਰਾ ਬਣਾ ਲਿਆ ਅਤੇ ਕੁਝ ਦਿਨਾਂ ਬਾਅਦ ਵਿਹੜੇ ਦੇ ਵੱਡੀ ਗਿਣਤੀ ਨੌਜਵਾਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਸੇ ਦੌਰਾਨ ਇਕ ਬਾਬੇ ਤੋਂ ਮੋਹ ਭੰਗ ਹੋਇਆ ਤੇ ਦੂਜੇ ਨਾਲ ਮੋਹ ਸ਼ੁਰੂ ਹੋ ਗਿਆ। ਲੋਕਾਂ ਦਾ ਝੁਕਾਅ ਦੇਖਾ ਦੇਖੀ ਸਿਰਸੇ ਵਾਲੇ ਡੇਰੇ ਵੱਲ ਹੋ ਗਿਆ।
ਜਵਾਨੀ ਵੇਲੇ ਕਾਮਰੇਡਾਂ ਦੇ ਡਰਾਮਿਆਂ ਤੋਂ ਪ੍ਰਭਾਵਿਤ ਹੋ ਕੇ ਕਾਮਰੇਡ ਰਹੇ ਜੈਲੇ ਤਾਏ ਨੇ ਗੁਰਦੁਆਰੇ ਦਾ ਪੱਲਾ ਨਾ ਛੱਡਿਆ, ਪਰ ਹੁਣ ਟੈਲੀਵਿਜ਼ਨ ‘ਤੇ ਡੇਰਾਵਾਦ ਉਪਰ ਹੁੰਦੀ ਬਹਿਸ ‘ਚ ਵੱਡੇ-ਵੱਡੇ ਬੁੱਧੀਜੀਵੀਆਂ ਵੱਲੋਂ ਪਿੰਡਾਂ ਵਿੱਚ ਜਾਤ ਅਧਾਰਿਤ ਗੁਰਦੁਆਰੇ ਬੰਦ ਕਰ ਦੇਣ ਦੀਆਂ ਦਲੀਲਾਂ ਨੇ ਉਸ ਨੂੰ ਨਵੀਂ ਚਿੰਤਾ ਲਾ ਦਿੱਤੀ। ‘ਲੈ ਸੁਣ ਲਾ, ਆਪਾਂ ਆਪਣੇ ਆਲਾ ਗੁਰੂ ਘਰ ਕਿਸੇ ਵੀ ਕੀਮਤ ‘ਤੇ ਬੰਦ ਨੀ ਹੋਣ ਦੇਣਾ। ਮਸਾਂ ਸ਼ਾਂਤੀ ਨਾਲ ਰੱਬ ਦਾ ਨਾਓਂ ਲੈਣ ਲੱਗੇ ਆਂ। ਜੇ ਪਿੰਡਾਂ ‘ਚ ਗੁਰਦੁਆਰੇ ਇਕ ਕਰਨ ਲੱਗ ਪਏ ਤਾਂ ਵਿਹੜੇ ਆਲਿਆਂ ਦਾ ਕੋਈ ਗੁਰਦੁਆਰਾ ਰਹਿਣਾ ਈ ਨਹੀਂ।’ ਤਾਏ ਜੈਲੇ ਦੀ ਫਿਕਰਮੰਦੀ ਵਿੱਚੋਂ ਬੁੱਧੀਜੀਵੀਆਂ ਦੇ ਸਵਾਲਾਂ ਦਾ ਸਟੀਕ ਜਵਾਬ ਦਿਖਾਈ ਦੇਣ ਲੱਗਿਆ ਜਿਹੜੇ ਡੇਰਾਵਾਦੀ ਉਭਾਰ ਦਾ ਹਕੀਕੀ ਕਾਰਨ ਲੱਭਣ ਦੀ ਥਾਂ ਇਸ ਬਹਿਸ ਨੂੰ ਜਾਤ ਅਧਾਰਿਤ ਗੁਰਦੁਆਰਿਆਂ ਦੁਆਲੇ ਸਮੇਟ ਕੇ ਸੁਰਖਰੂ ਹੋ ਜਾਂਦੇ ਹਨ।