ਤਾਈਵਾਨ ਵਿੱਚ ਪਾਰਲੀਮੈਂਟ ਮੈਂਬਰ ਹੱਥੋਪਾਈ ਹੋ ਕੇ ਕੁਰਸੀਆਂ ਵੀ ਸੁੱਟਦੇ ਰਹੇ

taiwan parliament fight
ਤਾਇਵਾਨ, 16 ਜੁਲਾਈ (ਪੋਸਟ ਬਿਊਰੋ)- ਚੁਣੇ ਹੋਏ ਪ੍ਰਤੀਨਿਧਾਂ ਵਾਲੇ ਸਦਨ ਵਿੱਚ ਮੈਂਬਰਾਂ ਦੀ ਲੜਾਈ ਦੇ ਕਈ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਅਜੀਬ ਮਾਮਲਾ ਤਾਈਵਾਨ ਦੀ ਪਾਰਲੀਮੈਂਟ ਵਿੱਚ ਸਾਹਮਣੇ ਆਇਆ। ਇਥੇ ਪਾਰਲੀਮੈਂਟ ਭਵਨ ਵਿੱਚ ਸਰਕਾਰੀ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰ ਇੱਕ ਦੂਜੇ ਨਾਲ ਲੜਨ ਲੱਗ ਗਏ ਅਤੇ ਔਰਤਾਂ ਵੀ ਇਸ ਵਿੱਚ ਪਿੱਛੇ ਨਹੀਂ ਰਹੀਆਂ।
ਮਿਲ ਸਕੀ ਜਾਣਕਾਰੀ ਅਨੁਸਾਰ ਤਾਈਵਾਨ ਵਿੱਚ ਇੱਕ ਇੰਫਰਾਸਟਰਕਚਰ ਪ੍ਰੋਜੈਕਟ ਦੇ ਵਿਰੋਧ ਵਿੱਚ ਵਿਰੋਧੀ ਮੈਂਬਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਵਿਵਾਦ ਉਦੋਂ ਵਧਿਆ, ਜਦੋਂ ਕੁਓਨਮਿਤਾਂਗ ਦੇ ਮੈਂਬਰਾਂ ਨੇ ਫਾਰਵਰਡ ਦਿਸਣ ਵਾਲੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਦੇ ਬਜਟ ਪ੍ਰਸਤਾਵਾਂ ਦੀ ਨਿਖੇਧੀ ਕੀਤੀ। ਇਸ ਤੋਂ ਬਾਅਦ ਸਦਨ ਵਿੱਚ ਹੀ ਮੈਂਬਰਾਂ ਨੇ ਇੱਕ ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉਤੇ ਕੁਰਸੀਆਂ ਸੁੱਟੀਆਂ ਗਈਆਂ ਅਤੇ ਵਾਟਰ ਬੈਲੂਨ ਨਾਲ ਹਮਲਾ ਕੀਤਾ ਗਿਆ। ਪਲੇਅ ਕਾਰਡ ਅਤੇ ਪਰਚੀਆਂ ਨਾਲ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਕੁੱਟ-ਮਾਰ ਅਤੇ ਲੱਤਾਂ ਮੁੱਕੇ ਵੀ ਵਰ੍ਹੇ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਸਰਕਾਰੀ ਛੁੱਟੀਆਂ ਘਟਾਉਣ ਦੇ ਸਵਾਲ ਉੱਤੇ ਵੀ ਤਾਈਵਾਨ ਪਾਰਲੀਮੈਂਟ ਵਿੱਚ ਹੱਥੋਪਾਈ ਹੋਈ ਸੀ। ਤਾਈਵਾਨ ਦੀ ਰੂਲਿੰਗ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਡੀ ਪੀ ਪੀ) ਨੇ ਇੱਕ ਸੋਧ ਬਿੱਲ ਪਾਸ ਕੀਤਾ ਸੀ, ਜਿਸ ਵਿੱਚ ਸੱਤ ਸਰਕਾਰੀ ਛੁੱਟੀਆਂ ਘੱਟ ਕੀਤੇ ਜਾਣ ਕਾਰਨ ਇਹ ਹੰਗਾਮਾ ਹੋਇਆ ਸੀ।