ਤਾਇਵਾਨ ਦੇ ਪੂਰਬੀ ਤੱਟ ਉੱਤੇ ਆਇਆ ਜ਼ਬਰਦਸਤ ਭੂਚਾਲ, 2 ਹਲਾਕ, 144 ਜ਼ਖ਼ਮੀ


ਭੂਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ 6.4 ਮਾਪੀ ਗਈ
ਤਾਇਪੇਈ, ਤਾਇਵਾਨ, 6 ਫਰਵਰੀ (ਪੋਸਟ ਬਿਊਰੋ) : ਤਾਇਵਾਨ ਦੇ ਤਟ ਨੇੜੇ 6.4 ਗਤੀ ਦੇ ਭੂਚਾਲ ਕਾਰਨ ਹੋਟਲ ਵਿੱਚ ਕੰਮ ਕਰਨ ਵਾਲੇ ਦੋ ਮੁਲਾਜ਼ਮ ਮਾਰੇ ਗਏ ਜਦਕਿ 144 ਹੋਰ ਵਿਅਕਤੀ ਜ਼ਖ਼ਮੀ ਹੋਏ। ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀਆਂ ਵੱਲੋਂ ਕੀਤੀ ਗਈ।
ਸੈਂਟਰਲ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਆਲੀਅਨ ਡਿਸਟ੍ਰਿਕਟ ਵਿੱਚ ਸਥਿਤ ਮਾਰਸ਼ਲ ਹੋਟਲ ਦੀ ਹੇਠਲੀ ਮੰਜਿ਼ਲ ਹੇਠਾਂ ਧਸ ਗਈ ਤੇ ਲੋਕ ਮਲਬੇ ਹੇਠ ਦੱਬੇ ਗਏ। ਏਜੰਸੀ ਵੱਲੋਂ ਅਜਿਹੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਸੜਕ ਕਈ ਥਾਂਵਾਂ ਤੋਂ ਟੁੱਟੀ ਨਜ਼ਰ ਆ ਰਹੀ ਹੈ।
ਯੂਐਸ ਜਿਓਲਾਜੀਕਲ ਸਰਵੇਅ ਨੇ ਆਖਿਆ ਕਿ ਭੂਚਾਲ ਮੰਗਲਵਾਰ ਦੇਰ ਰਾਤ ਨੂੰ ਆਇਆ। ਇਸ ਦਾ ਕੇਂਦਰ ਹੁਆਲੀਅਨ ਤੋਂ 21 ਕਿਲੋਮੀਟਰ ਉੱਤਰਪੂਰਬ ਵੱਲ ਸੀ। ਇਹ ਭੂਚਾਲ 9.5 ਕਿਲੋਮੀਟਰ ਦੀ ਗਹਿਰਾਈ ਉੱਤੇ ਆਇਆ। ਤਾਇਵਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇੱਕ ਹੋਰ ਹੋਟਲ, ਜਿਸ ਦਾ ਨਾਂ ਬਿਊਟੀਫੁਲ ਲਾਈਫ ਹੋਟਲ ਹੈ, ਇੱਕ ਪਾਸੇ ਨੂੰ ਝੁਕ ਗਿਆ। ਇਸ ਤੋਂ ਪਹਿਲਾਂ ਵੀਕੈਂਡ ਉੱਤੇ ਵੀ ਇੱਥੇ ਇੱਕ ਭੂਚਾਲ ਆਇਆ ਸੀ।