ਤਰਕਸ਼ੀਲ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵਿਚਾਰ ਚਰਚਾ

ਬਰੈਂਪਟਨ (ਹਰਜੀਤ ਬੇਦੀ): ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀ ਬਲਦੇਵ ਰਹਿਪਾ ਮੁੱਖ ਕੁਆਡੀਨੇਟਰ ਦੀ ਪਰਧਾਨਗੀ ਹੇਠ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਡਾ: ਬਲਜਿੰਦਰ ਸੇਖੌਂ ਦੁਆਰਾ ਅਵੇਅਰਨੈੱਸ ਲਈ ਕੀਤੀ ਪੇਸ਼ਕਾਰੀ ਤੋਂ ਬਿਨਾਂ ਬਾਬਾ ਨਾਜਮੀ ਦੇ 28 ਜੁਲਾਈ ਨੂੰ ਹੋ ਰਹੇ ਪਰੋਗਰਾਮ ਅਤੇ ੱਤਰਕਸ਼ੀਲ ਪਿਕਨਿਕ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਮਿਊਨਿਟੀ ਦੇ ਭਖਦੇ ਮਸਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਖੁੱਲ੍ਹ ਕੇ ਸਾਰੇ ਪੱਖਾਂ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ। ਬਲਦੇਵ ਰਹਿਪਾ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਹ ਸਿੱਟਾ ਕੱਢਿਆ ਗਿਆ ਕਿ ਕੁੱਝ ਕੁ ਵਿਦਿਆਰਥੀਆਂ ਵਲੋਂ ਕੀਤੀ ਗੁੰਡਾ ਗਰਦੀ ਕਨੇਡੀਅਨ ਕਾਨੂੰਨ ਅਤੇ ਸਮਾਜ ਵਿੱਚ ਸਹਿਣਯੋਗ ਨਹੀਂ। ਦੂਜੇ ਪਾਸੇ ਕੁੱਝ ਲੋਕਾਂ ਵਲੋਂ ਸਮੁੱਚੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਰੁੱਧ ਧੂਆਂਧਾਰ ਪਰਚਾਰ ਅਤੇ ਵਿਦਿਆਰਥੀਆਂ ਨੂੰ ਮੁਸ਼ਟੰਡੇ ਤੱਕ ਕਹਿ ਕੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਿਹਾਇਸ਼ ਨਾ ਦੇਣ ਦਾ ਹੋਕਾ ਦੇਣਾ ਵੀ ਬਹੁਤ ਹੀ ਮੰਦਭਾਗਾ ਹੈ। ਅਜਿਹੀ ਹਾਲਤ ਪੈਦਾ ਹੋਣ ਦੇ ਕਾਰਣਾਂ ਨੂੰ ਸਮਝਣ ਦੀ ਥਾਂ ਤੱਤਪੜੱਤੇ ਬਿਆਨ ਦੇਣਾ ਸਿਆਣਪ ਦਾ ਕੰਮ ਨਹੀਂ ਹੈ। ਮਨੁੱਖ ਮੁੱਢ ਕਦੀਮਾਂ ਤੋਂ ਹੀ ਚੰਗੇ ਭਵਿੱਖ ਦੀ ਭਾਲ ਵਿੱਚ ਨਵੇਂ ਨਵੇਂ ਥਾਂ ਤੇ ਜਾ ਕੇ ਵਸਦਾ ਰਿਹਾ ਹੈ। ਜੇ ਪੰਜਾਬ ਦੇ ਨੌਜਵਾਨ ਕਨੇਡਾ ਆ ਕੇ ਆਪਣਾ ਵਧੀਆਂ ਭਵਿੱਖ ਸਿਰਜਣਾ ਚਾਹੁੰਦੇ ਹਨ ਤਾਂ ਇਸ ਵਿੱਚ ਕਿਹੜੀ ਮਾੜੀ ਗੱਲ ਹੈ? ਸਾਨੂੰ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਬਣਦਾ ਹੈ ਨਾ ਕਿ ਇੱਕ ਦੂਜੇ ਤੇ ਊਜਾਂ ਲਾ ਕੇ। ਕਨੇਡੀਅਨ ਜੰਮਪਲ ਅਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਵਿੱਚ ਪਾੜਾ ਪਾਉਣਾ ਕਦਾਚਿਤ ਵੀ ਉਚਿੱਤ ਨਹੀਂ ਇਸ ਨਾਲ ਮਸਲਾ ਹੋਰ ਗੁੰਝਲਦਾਰ ਬਣ ਜਾਣ ਦੀ ਸੰਭਾਵਨਾ ਵਧੇਰੇ ਹੈ। ਇਸ ਸਮੱਸਿਆ ਦਾ ਇੱਕ ਕਾਰਨ ਨਹੀਂ ਬਹੁਤ ਸਾਰੇ ਕਾਰਨਾ ਕਰ ਕੇ ਇਹ ਗੁੰਝਲਦਾਰ ਬਣ ਗਈ ਹੈ ਤੇ ੳਲੁਝੀ ਤਾਣੀ ਨੂੰ ਸੁਲਝਾਂੳਣ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਹੁ ਗਿਣਤੀ ਵਿਦਿਆਰਥੀ ਆਪ ਸਮੱਸਿਆਵਾਂ ਨਾਲ ਜੁਝ ਰਹੇ ਹਨ। ਪੜ੍ਹਾਈ ਦੇ ਨਾਲ ਗੁਜਾਰਾ ਕਰਨ ਲਈ ਤੇ ਭਾਰੀ ਫੀਸਾਂ ਭਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ। ਉਹਨਾਂ ਦਾ ਸ਼ੋਸ਼ਣ ਵੀ ਰੱਜ ਕੇ ਕੀਤਾ ਜਾ ਰਿਹਾ ਹੈ ਬਹੁਤ ਥਾਵਾਂ ਤੇ ਕੰਮ ਬਦਲੇ ਬਹੁਤ ਹੀ ਘੱਟ ਡਾਲਰ ਦਿੱਤੇ ਜਾਂਦੇ ਹਨ। ਇਸ ਤਰਾਂ ਦੀ ਖਰਾਬ ਹਾਲਤ ਵਿੱਚ ਉਹਨਾਂ ਵਿੱਚੋਂ ਕੁੱਝ ਸਮਾਜ ਵਿਰੋਧੀ ਤੱਤਾਂ ਦੇ ਹੱਥ ਚੜ੍ਹ ਜਾਂਦੇ ਹਨ। ਕਈ ਵਾਰ ਰਾਜਨੀਤਕ ਲੋਕ ਵੀ ਉਹਨਾਂ ਨੂੰ ਗਲਤ ਤੌਰ ਤੇ ਵਰਤ ਲੈਂਦੇ ਹਨ। ਉਹ ਵਿਚਾਰੇ ਇੱਕ ਇੱਕ ਕਮਰੇ ਵਿੱਚ ਪੰ਼ਜ ਪ਼ੰਜ ਛੇ ਛੇ  ਜਣੇ ਰਹਿਣ ਲਈ ਮਜ਼ਬੂਰ ਹਨ। ਕਈ ਮਕਾਨ ਮਾਲਕ ਅਤੇ ਰੀਐਲਟਰ ਡਾਲਰਾਂ ਦੇ ਲੋਭ ਵਿੱਚ ਉਹਨਾਂ ਦੀ ਮਜਬੂਰੀ ਦਾ ਲਾਭ ਉਠਾ ਕੇ ਉਹਨਾਂ ਦਾ ਰੱਜ ਕੇ ਸ਼ੋਸਣ ਕਰਦੇਹਨ। ਇਸ ਦੇ ਨਾਲ ਹੀ ਕੁੱਝ ਕੁ ਕਾਲਜਾਂ ਨੂੰ ਛੱਡ ਕੇ ਬਹੁਤਿਆਂ ਕੋਲ ਚੱਜ ਦੀ ਬਿਲਡਿੰਗ ਨਹੀਂ ਜਿੱਥੇ ਉਹ ਸੁਖਾਵੇਂ ਮਾਹੋਲ ਵਿੱਚ ਪੜ੍ਹਾਈ ਕਰ ਸਕਣ। ਬਿਨਾਂ ਮਾਪ ਦੰਡ ਪੂਰੇ ਕਰਨ ਤੋਂ ਕਾਲਜ ਖੋਲਣ ਦੀ ਮਨਜੂਰੀ ਦੇਣਾ ਇੱਕ ਬਹੁਤ ਹੀ ਗਲਤ ਪਾਲਸੀ ਹੈ। ਕਿਸੇ ਪਲਾਜੇ ਜਾਂ ਛੋਟੀ ਜਿਹੀ ਬਿਲਡਿੰਗ ਵਿੱਚ ਕਈ ਕਾਲਜ਼ ਚੱਲ ਰਹੇ ਹਨ। ਸਰਕਾਰ ਵਲੋਂ ਮਿਆਰ ਤੇ ਪੂਰਾ ਉਤਰਨ ਵਾਲਿਆਂ ਨੂੰ ਹੀ ਮਨਜੂਰੀ ਤੇ ਮਾਨਤਾ ਦੇਣੀ ਚਾਹੀਦੀ ਹੈ। ਹੋਸਟਲ ਤਾਂ ਦੂਰ ਦੀ ਗੱਲ ਖੇਡਣ ਲਈ ਗਰਾਉਂਡਾ ਵੀ ਨਹੀਂ ਹਨ। ਜਦ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਪਾਸੋਂ ਕਨੇਡਾ ਨੂੰ ਆਰਥਿਕ  ਲਾਭ ਅਤੇ ਨੌਜਵਾਨ ਵਰਕਰ ਮਿਲਣ ਜਿਹੇ ਲਾਭ ਹੋ ਰਹੇ ਹਨ। ਕੁੱਝ ਲੋਕਾਂ ਵਲੋਂ ਇਹ ਕਿਹਾ ਜਾਣਾ ਕਿ ਪੰਜਾਬ ਦੇ ਬੱਚਿਆਂ ਨੂੰ ਵਿਦਿਆਰਥੀ ਵੀਜ਼ੇ ਨਾ ਦਿੱਤੇ ਜਾਣ ਬਹੁਤ ਹੀ ਜਾਲਮਾਨਾ ਸੋਚ ਹੈ। ਐਜੁਕੇਸ਼ਨ ਕਨੇਡਾ ਦੀ ਇੱਕ ਵੱਡੀ ਇੰਡਸਟਰੀ ਬਣ ਚੁੱਕੀ ਹੈ ਜੇ ਵਿਦਿਆਰਥੀ ਪੰਜਾਬੋ ਨਾ ਆਉਣਗੇ ਤਾਂ ਹੋਰ ਥਾਵਾਂ ਤੋਂ ਆ ਜਾਣਗੇ। ਇਹ ਵਿਦਿਆਰਥੀ ਅੱਲੜ੍ਹ ਉਮਰ ਦੇ ਅਤੇ ਇੱਥੋਂ ਦੇ ਮਾਹੌਲ ਤੋਂ ਨਾਵਾਕਫ ਹੁੰਦੇ ਹਨ। ਜਿਹੜੇ ਕਾਲਜ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੰਂ ਦਾਖਲਾ ਦਿੰਦੇ ਹਨ ਉਹ ਵਿਦਿਅਕ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੁੱਝ ਪੀਰਡ ਲਗਾ ਕੇ ਉਹਨਾਂ ਨੂੰ ਕਨੇਡੀਅਨ ਕਾਨੂੰਨ ਅਤੇ ਕਨੇਡੀਅਨ ਸਮਾਜਿਕ ਬਣਤਰ ਬਾਰੇ ਜਾਣਕਾਰੀ ਦੇਣ ਤਾਂ ਕਿ ਉਹ ਚੰਗੀ ਤਰਾਂ੍ਹ ਇੱਥੋਂ ਦੇ ਕਾਨੂੰਨ, ਸਮਾਜਿਕ ਕਦਰਾਂ ਕੀਮਤਾਂ ਅਤੇ ਆਪਣੇ ਹੱਕਾਂ ਨੂੰ ਸਮਝ ਸਕਣ। ਗਲਤ ਅਨਸਰਾਂ ਨੂੰ ਸਖਤੀ ਨਾਲ ਨਜਿੱਠਣ ਦਾ ਸਰਕਾਰ ਦਾ ਕੰਮ ਹੈ। ਜੇ ਪਹਿਲੀਆਂ ਘਟਨਾਵਾਂ ਵੇਲੇ ਯੋਗ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਗੱਲ ਇੱਥੋਂ ਤੱਕ ਨਾ ਪਹੁੰਚਦੀ। ਸਮਾਜਿਕ ਜਥੇਬੰਦੀਆਂ ਨੂੰ  ਅੱਗੇ ਆ ਕੇ ਇਸ ਮਸਲੇ ਨੂੰ ਸੁਹਿਰਦਤਾ ਨਾਲ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਲਈ ਕਾਲਜਾਂ ਅਤੇ ਯੁਨੀਵਰਸਿਟੀਆਂ ਵਿੱਚ ਇਸ ਸਬੰਧੀ ਸੈਮੀਨਾਰ ਲਾਕੇ ਗਾਈਡ ਕਰਨਾ ਜਰੂਰੀ ਹੈ। ਉਹਨਾਂ ਲਈ ਹੋਸਟਲਾਂ ਦਾ ਪਰਬੰਧ ਕਰਨਾ ਵੀ ਜਰੂਰੀ ਹੈ ਜਿਸ ਨਾਲ ਉਹ ਚੰਗੇ ਮਾਹੌਲ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਸਕਣ ਅਤੇ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਚੇ ਰਹਿਣ।