ਤਬਾਹੀ ਜਾਂ ਵਾਪਸੀ ਦੇ ਦੋਰਾਹੇ ਉੱਤੇ ਦੁਚਿੱਤੀ ਦੀ ਉਲਝਣ ਵਿੱਚ ਫਾਥਾ ਮੁਲਕ ਪਾਕਿਸਤਾਨ

-ਜਤਿੰਦਰ ਪਨੂੰ
ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿੱਚੋਂ ਹਿੱਸਾ ਕੱਟ ਕੇ ਖੜਾ ਕੀਤਾ ਗਿਆ ਦੇਸ਼, ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉੱਤੇ ਖੜਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿੱਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਾਉਲਾ ਪੱਕਾ ਕਰਦਾ ਹੈ ਤੇ ਦੂਸਰਾ ਇਹ ਆਸ ਕਰਨ ਲਈ ਮੌਕਾ ਦੇ ਸਕਦਾ ਹੈ ਕਿ ਅਪਰੇਸ਼ਨ ਥੀਏਟਰ ਵਿੱਚੋਂ ਮੌਤ ਨੂੰ ਅੱਖ ਮਾਰ ਕੇ ਮੁੜ ਆਉਣ ਵਾਲੇ ਕੈਂਸਰ ਦੇ ਮਰੀਜ਼ ਵਾਂਗ ਇਹ ਰਾਹ ਰੋਕੀ ਖੜੀ ਤਬਾਹੀ ਨੂੰ ਝਕਾਨੀ ਦੇ ਸਕਦਾ ਹੈ। ਫੈਸਲਾ ਇਸ ਦੀਆਂ ਆਮ ਚੋਣਾਂ ਨੇ ਕਰਨਾ ਹੈ। ਚੋਣਾਂ ਨੂੰ ਬਹੁਤੇ ਦਿਨ ਨਹੀਂ ਰਹਿ ਗਏ, ਇਸ ਪੰਝੀ ਜੁਲਾਈ ਨੂੰ ਹੋ ਜਾਣੀਆਂ ਹਨ। ਦੇਸ਼ ਦੀ ਕਮਾਨ ਸੰਭਾਲਣ ਲਈ ਲੜਨ ਵਾਲੀਆਂ ਮੁੱਖ ਧਿਰਾਂ ਭਾਵੇਂ ਤਿੰਨ ਗਿਣੀਆਂ ਜਾਂਦੀਆਂ ਹਨ, ਪਰ ਇਹ ਤਿੰਨ ਧਿਰਾਂ ਅੰਤਲੇ ਪੜਾਅ ਵਿੱਚ ਸਾਜ਼ਿਸ਼ੀ ਸ਼ਹਿ ਦੇ ਨਾਲ ਅਚਾਨਕ ਉੱਠੀ ਇੱਕ ਤੀਸਰੀ ਲਹਿਰ ਤੋਂ ਠਿੱਬੀ ਖਾ ਸਕਦੀਆਂ ਹਨ ਤੇ ਉਹ ਧਿਰ ਵੀ ਜਿੱਤ ਸਕਦੀ ਹੈ, ਜਿਸ ਦਾ ਰਾਹ ਰੋਕਣ ਲਈ ਤਿੰਨਾਂ ਮੁੱਖ ਧਿਰਾਂ ਨੇ ਅਦਾਲਤਾਂ ਵਿੱਚ ਵੀ ਚਾਰਾਜ਼ੋਈ ਕੀਤੀ ਤੇ ਚੋਣ ਕਮਿਸ਼ਨ ਕੋਲ ਵੀ। ਅਵਾੜੇ ਦੱਸਦੇ ਹਨ ਕਿ ਉਸ ਧਿਰ ਦੀ ਜਿੱਤ ਲਈ ਪਾਕਿਸਤਾਨ ਦੀਆਂ ਦੋ ਗੈਰ ਰਾਜਸੀ ਧਿਰਾਂ, ਫੌਜ ਤੇ ਖੁਫੀਆ ਏਜੰਸੀ ਜ਼ੋਰ ਲਾ ਰਹੀਆਂ ਹਨ।
ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਤਿੰਨ ਸੌ ਬਤਾਲੀ ਸੀਟਾਂ ਵਿੱਚੋਂ ਦੋ ਸੌ ਬਹੱਤਰ ਸੀਟਾਂ ਜਨਰਲ ਹਨ, ਸੱਠ ਸੀਟਾਂ ਔਰਤਾਂ ਅਤੇ ਦਸ ਸੀਟਾਂ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ ਵਾਸਤੇ ਰਾਖਵੀਂਆਂ ਹਨ। ਜਨਰਲ ਵਾਲੀਆਂ ਦੋ ਸੌ ਬਹੱਤਰ ਸੀਟਾਂ ਨਾਲ ਹੀ ਅਸਲ ਵਿੱਚ ਦੇਸ਼ ਦੀ ਕਿਸਮਤ ਦਾ ਫੈਸਲਾ ਹੋਣਾ ਹੁੰਦਾ ਹੈ ਤੇ ਉਨ੍ਹਾਂ ਵਿੱਚੋਂ ਪਿਛਲੀ ਵਾਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ ਇੱਕ ਸੌ ਛਿਆਹਠ ਦੀ ਵੱਡੀ ਬਹੁ-ਗਿਣਤੀ ਮਿਲ ਗਈ ਸੀ। ਪੰਜਾਬ ਵਿੱਚ ਉਨ੍ਹਾਂ ਕੋਲ ਬੜਾ ਮਜ਼ਬੂਤ ਆਧਾਰ ਹੈ ਤੇ ਦੇਸ਼ ਦੀ ਕੌਮੀ ਅਸੈਂਬਲੀ ਦੀਆਂ ਦੋ ਸੌ ਬਹੱਤਰ ਵਿੱਚੋਂ ਇੱਕ ਸੌ ਇਕਤਾਲੀ ਸੀਟਾਂ ਜਦੋਂ ਸਿਰਫ ਪੰਜਾਬ ਵਿੱਚ ਹਨ, ਇਸ ਨਾਲ ਜਿੱਤਣ ਵਾਸਤੇ ਲੋੜੀਂਦੀਆਂ ਇੱਕ ਸੌ ਛੱਤੀ ਸੀਟਾਂ ਦਾ ਜੁਗਾੜ ਕਰਨ ਦਾ ਕੰਮ ਵਾਹਵਾ ਸੌਖਾ ਹੋ ਜਾਂਦਾ ਹੈ। ਇਸ ਵਾਰੀ ਵੀ ਪੰਜਾਬ ਵਿੱਚ ਨਵਾਜ਼ ਪਾਰਟੀ ਦਾ ਕਿਲ੍ਹਾ ਕਾਇਮ ਸੁਣੀਂਦਾ ਹੈ ਤੇ ਦੂਸਰੇ ਰਾਜ ਵੀ ਉਨ੍ਹਾਂ ਲਈ ਓਨੀ ਵੱਡੀ ਕੌੜ ਵਾਲੇ ਨਹੀਂ ਜਾਪਦੇ, ਜਿੰਨੀ ਸ਼ਾਇਦ ਪਿਛਲੇ ਸਾਲ ਤੱਕ ਬਣੀ ਪਈ ਸੀ।
ਪਿਛਲੇ ਸਾਲ ਨਵਾਜ਼ ਸ਼ਰੀਫ ਤੇ ਉਸ ਦੀ ਪਾਰਟੀ ਨਹੀਂ, ਉਸ ਦੇ ਪਰਵਾਰ ਦੇ ਖਿਲਾਫ ਲੋਕਾਂ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਬਹੁਤ ਵੱਡੀ ਵਿਰੋਧਤਾ ਸੀ। ਜਦੋਂ ਅਦਾਲਤੀ ਹੁਕਮ ਨਾਲ ਉਸ ਦੀ ਕੁਰਸੀ ਛੁਡਾਈ ਗਈ, ਉਹ ਕੌੜ ਘਟੀ ਨਹੀਂ ਸੀ, ਸਗੋਂ ਕਾਇਮ ਰਹਿਣ ਦੀ ਥਾਂ ਵਧਣ ਦੀ ਆਸ ਸੀ, ਪਰ ਬਾਅਦ ਵਿੱਚ ਜਿਵੇਂ ਅਦਾਲਤੀ ਫੈਸਲੇ ਆਏ ਤੇ ਵਿਰੋਧੀ ਧਿਰ ਦੇ ਬੜਬੋਲੇ ਆਗੂ ਇਮਰਾਨ ਖਾਨ ਨੇ ਛੜੱਪੇਬਾਜ਼ੀ ਕੀਤੀ, ਉਸ ਨਾਲ ਉਹ ਕੌੜ ਵਧਣ ਦੀ ਥਾਂ ਨਵਾਜ਼ ਸ਼ਰੀਫ ਪਰਵਾਰ ਦੇ ਲਈ ਹਮਦਰਦੀ ਦੇ ਹਾਲਾਤ ਬਣਨ ਲੱਗੇ ਸਨ। ਉੱਪਰ-ਥੱਲੇ ਆਏ ਕੁਝ ਚੋਣ ਸਰਵੇਖਣਾਂ ਤੋਂ ਨਵਾਜ਼ ਸ਼ਰੀਫ ਦੀ ਪਾਰਟੀ ਦੀ ਅਗੇਤ ਦੀਆਂ ਭਵਿੱਖ-ਬਾਣੀਆਂ ਪਿੱਛੋਂ ਉਸ ਦੇ ਖਿਲਾਫ ਅਦਾਲਤੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਤੇ ਆਖਰ ਨੂੰ ਨਵਾਜ਼ ਸ਼ਰੀਫ ਤੇ ਉਸ ਦੀ ਧੀ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਹੋ ਗਈ ਹੈ। ਇਸ ਨਾਲ ਪੰਜਾਬੀ ਭਾਈਚਾਰੇ ਅੰਦਰ ਵੀ ਤੇ ਦੂਸਰੇ ਰਾਜਾਂ ਵਿੱਚ ਵੀ ਇਹ ਪ੍ਰਭਾਵ ਪਿਆ ਹੈ ਕਿ ਬੰਦੇ ਨੂੰ ਨਿਸ਼ਾਨੇ ਉੱਤੇ ਰੱਖਿਆ ਪਿਆ ਹੈ। ਜਿਹੜੇ ਵੀ ਆਗੂ ਦੇ ਖਿਲਾਫ ਇਸ ਤਰ੍ਹਾਂ ਦੀਆਂ ਕੁਝ ਕਾਰਵਾਈਆਂ ਇੱਕ ਮੁਹਿੰਮ ਚਲਾਉਣ ਵਾਂਗ ਕਰ ਦਿੱਤੀਆਂ ਜਾਣ, ਹਵਾ ਦਾ ਰੁਖ ਏਸ਼ੀਆ ਦੇ ਦੇਸ਼ਾਂ ਵਿੱਚ ਉਸ ਆਗੂ ਦੇ ਪੱਖ ਵਿੱਚ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੋਇਆ ਕਰਦਾ।
ਜਿਹੜੀ ਗੱਲ ਉਸ ਦੇਸ਼ ਵਿੱਚ ਰਾਜਨੀਤੀ ਦੇ ਧੁਰੰਤਰ ਨੋਟ ਕਰਨ ਤੋਂ ਝਿਜਕ ਰਹੇ ਹਨ, ਉਹ ਇਹ ਹੈ ਕਿ ਚਲੰਤ ਚੋਣ ਵਿੱਚ ਇੱਕ ਧਿਰ ਹਾਫਿਜ਼ ਸਈਦ ਦੀ ਅਗਵਾਈ ਹੇਠ ਉੱਭਰੀ ਹੈ ਤੇ ਉਹ ਇਸ ਵੇਲੇ ਪੇਸ਼ ਹੋ ਰਹੇ ਚੋਣ ਸਰਵੇਖਣਾਂ ਵਿੱਚ ਭਾਵੇਂ ਨਹੀਂ ਦਿੱਸ ਰਹੀ, ਹੇਠਾਂ ਆਮ ਲੋਕਾਂ ਵਿੱਚ ਰੜਕਣ ਲੱਗ ਪਈ ਹੈ। ਹੋਰਨਾਂ ਪਾਰਟੀਆਂ ਦੇ ਆਗੂ ਇਸ ਵਹਿਮ ਵਿੱਚ ਹਨ ਕਿ ਉਨ੍ਹਾਂ ਦੀ ਜੜ੍ਹ ਏਨੀ ਬਾਹਲੀ ਪੱਕੀ ਹੈ ਕਿ ਕੋਈ ਹਿਲਾ ਸਕਣ ਵਾਲਾ ਨਹੀਂ ਅਤੇ ਜਿੱਤ ਨਾ ਸਕੇ ਤਾਂ ਫਿਰ ਵੀ ਵੱਕਾਰ ਬਚਾਉਣ ਜੋਗੀਆਂ ਸੀਟਾਂ ਆ ਜਾਣਗੀਆਂ, ਪਰ ਉਹ ਇਹ ਗੱਲ ਨੋਟ ਨਹੀਂ ਕਰਦੇ ਕਿ ਇਸ ਵਾਰ ਉਸ ਦੇਸ਼ ਵਿੱਚ ਫੌਜ ਅਤੇ ਖੁਫੀਆ ਏਜੰਸੀ ਇੱਕ ਹੋਰ ਖੇਡ ਖੇਡ ਰਹੀਆਂ ਹਨ। ਪਾਕਿਸਤਾਨ ਦੀ ਰਾਜਨੀਤੀ ਅੰਦਰ ਹਰ ਹੋਰ ਦੇਸ਼ ਵਾਂਗ ਦਲ-ਬਦਲੀਆਂ ਹਮੇਸ਼ਾ ਤੋਂ ਹੁੰਦੀਆਂ ਰਹੀਆਂ ਹਨ, ਪਰ ਇਸ ਵਾਰੀ ਨਵੀਂ ਗੱਲ ਇਹ ਹੈ ਕਿ ਕੁਝ ਲੋਕਾਂ ਨੇ ਆਖਰੀ ਵਕਤ ਆਪਣੀ ਪਾਰਟੀ, ਖਾਸ ਕਰ ਕੇ ਨਵਾਜ਼ ਸ਼ਰੀਫ ਵਾਲੀ ਪਾਰਟੀ, ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਓਦੋਂ ਕੀਤਾ, ਜਦੋਂ ਉਸ ਸੀਟ ਉੱਤੇ ਨਵਾਂ ਉਮੀਦਵਾਰ ਖੜਾ ਕਰਨ ਦਾ ਸਮਾਂ ਨਹੀਂ ਸੀ ਬਚਿਆ। ਅਸਲ ਵਿੱਚ ਉਹ ਆਜ਼ਾਦ ਉਮੀਦਵਾਰ ਹੋ ਕੇ ਵੀ ਆਜ਼ਾਦ ਨਹੀਂ, ਇੱਕ ਚੁਸਤ ਰਾਜਨੀਤੀ ਦਾ ਹਿੱਸਾ ਬਣ ਰਹੇ ਹਨ। ਇਸ ਦਾ ਸਬੂਤ ਏਥੋਂ ਮਿਲਦਾ ਹੈ ਕਿ ਉਨ੍ਹਾਂ ਸਾਰਿਆਂ ਨੇ ਫੌਜੀ ਜੀਪ ਦਾ ਚੋਣ ਨਿਸ਼ਾਨ ਚੁਣਿਆ ਹੈ, ਤਾਂ ਕਿ ਲੋਕਾਂ ਨੂੰ ਦੱਸਣ ਦੀ ਸੌਖ ਰਹੇ ਕਿ ਉਹ ਸਿਰਫ ਉਮੀਦਵਾਰ ਹਨ, ਉਨ੍ਹਾਂ ਦੇ ਪਿੱਛੇ ਅਸਲੀ ਤਾਕਤ ਜੀਪਾਂ ਵਾਲੇ ਫੌਜੀ ਜਰਨੈਲਾਂ ਦੀ ਹੈ। ਏਹੋ ਜਿਹੇ ਸੱਤ ਜਣੇ ਇਕੱਲੀ ਉਸ ਮੁਸਲਿਮ ਲੀਗ ਦੇ ਉਮੀਦਵਾਰ ਸਨ, ਜਿਸ ਦੀ ਅਗਵਾਈ ਨਵਾਜ਼ ਸ਼ਰੀਫ ਦੇ ਪਰਵਾਰ ਕੋਲ ਹੈ ਤੇ ਉਨ੍ਹਾਂ ਨੇ ਕਾਗਜ਼ ਭਰਨ ਦਾ ਸਮਾਂ ਲੰਘਣ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਮੁਸਲਿਮ ਲੀਗ ਦੇ ਨਿਸ਼ਾਨ ਦੀ ਥਾਂ ਉਹ ਜੀਪ ਨਿਸ਼ਾਨ ਉੱਤੇ ਚੋਣ ਲੜਨਗੇ। ਕੁੱਲ ਮਿਲਾ ਕੇ ਏਦਾਂ ਦੇ ਡੇਢ ਸੌ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਹਨ। ਜੁਲਾਈ ਦੀ ਪੰਝੀ ਤਰੀਕ ਮਗਰੋਂ ਉਹ ਉਸ ਪਾਰਟੀ ਦੀ ਮਦਦ ਕਰਨਗੇ, ਜਿਸ ਦੇ ਬਾਰੇ ਫੌਜੀ ਜਰਨੈਲ ਇਸ਼ਾਰਾ ਕਰਨਗੇ।
ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਫੌਜੀ ਜਰਨੈਲ ਕਿਸ ਦੀ ਮਦਦ ਕਰਨਗੇ? ਇਸ ਬਾਰੇ ਚਰਚੇ ਚੱਲਦੇ ਸੁਣੇ ਜਾ ਰਹੇ ਹਨ ਕਿ ਸੰਸਾਰ ਵਿੱਚ ਬਦਨਾਮ ਦਹਿਸ਼ਤਗਰਦ ਹਾਫਿਜ਼ ਸਈਦ ਦੀ ਪਾਰਟੀ ਭਾਵੇਂ ਰਜਿਸਟਰ ਨਹੀਂ ਕਰਨ ਦਿੱਤੀ ਗਈ, ਉਹ ਕਿਸੇ ਅਣਗੌਲੀ ਜਿਹੀ ਪਾਰਟੀ ਦੇ ਨਿਸ਼ਾਨ ਉੱਤੇ ਆਪਣੇ ਬੰਦਿਆਂ ਨੂੰ ਚੋਣ ਲੜਾ ਰਿਹਾ ਹੈ। ਕੁਝ ਉਸ ਦੇ ਬੰਦੇ ਜਿੱਤ ਸਕਦੇ ਹਨ ਤੇ ਕੁਝ ਜੀਪ ਦੇ ਨਿਸ਼ਾਨ ਉੱਤੇ ਲੜਨ ਵਾਲੇ ਵੱਖ-ਵੱਖ ਧਿਰਾਂ ਤੋਂ ਬਾਗੀ ਹੋਏ ਬੰਦੇ ਜਿੱਤ ਜਾਣ ਦੀ ਸੂਰਤ ਵਿੱਚ ਸਰਕਾਰ ਬਣਾਉਣ ਜਾਂ ਕਿਸੇ ਪਾਰਟੀ ਦੀ ਸਰਕਾਰ ਬਣੀ ਤੋਂ ਪਾਸਕੂ ਆਪਣੇ ਹੱਥ ਰੱਖਣ ਲਈ ਖੁਫੀਆ ਏਜੰਸੀ ਅਤੇ ਫੌਜ ਦੇ ਜਰਨੈਲਾਂ ਦਾ ਸਾਰਾ ਤਾਣ ਲੱਗਾ ਪਿਆ ਹੈ। ਇਸ ਨਾਲ ਸਾਰਿਆਂ ਤੋਂ ਵੱਧ ਮਾਯੂਸੀ ਇਮਰਾਨ ਖਾਨ ਦੀ ਧਿਰ ਨੂੰ ਹੋ ਰਹੀ ਹੈ। ਉਹ ਹਾਲੇ ਤੱਕ ਇਹ ਸੋਚੀ ਬੈਠੇ ਸਨ ਕਿ ਫੌਜ ਤੇ ਖੁਫੀਆ ਏਜੰਸੀ ਸਾਡੇ ਪੱਖ ਵਿੱਚ ਹਨ। ਪਿਛਲੇ ਮਹੀਨੇ ਵਿੱਚ ਰਾਜਨੀਤੀ ਵਿੱਚ ਅਚਾਨਕ ਸਾਹਮਣੇ ਆਏ ਜੀਪ ਵਾਲੇ ਇਸ ਰੁਝਾਨ ਨਾਲ ਸਿਰਫ ਉਸ ਪਾਰਟੀ ਦੇ ਲਈ ਖਤਰਾ ਹੋਣ ਦੀ ਗੱਲ ਨਹੀਂ, ਸਗੋਂ ਇਹ ਹੈ ਕਿ ਜੇ ਅਚਾਨਕ ਕੱਟੜਪੰਥੀ ਧਿਰਾਂ ਦਾ ਆਗੂ ਸਮਝੇ ਜਾਂਦੇ ਹਾਫਿਜ਼ ਸਈਦ ਦੀ ਧਿਰ ਤਕੜੀ ਹੋ ਗਈ, ਉਸ ਦੀ ਕੋਈ ਅੱਗ ਉਗਲੱਛਣੀ ਲਹਿਰ ਸੱਚਮੁੱਚ ਉੱਭਰ ਪਈ ਤਾਂ ਬਾਕੀ ਸਾਰੇ ਪਿੱਟਦੇ ਫਿਰਨਗੇ।
ਪਾਕਿਸਤਾਨ ਦੀ ਫੌਜ ਇਸ ਗੱਲ ਲਈ ਬਦਨਾਮ ਹੈ ਕਿ ਉਹ ਬਾਹਰੀ ਲੜਾਈ ਵਿੱਚ ਹਮੇਸ਼ਾ ਕੁੱਟ ਖਾਂਦੀ ਤੇ ਆਪਣੇ ਦੇਸ਼ ਵਿੱਚ ਜਦੋਂ ਕਦੇ ਮੌਕਾ ਮਿਲੇ, ਲੋਕਾਂ ਨੂੰ ਕੁੱਟ ਸੁੱਟਦੀ ਹੈ। ਇਸ ਵਾਰ ਉਹ ਚੋਣ ਚੱਕਰ ਵਿੱਚ ਹਾਫਿਜ਼ ਸਈਦ ਨੂੰ ਅੱਗੇ ਕਰ ਕੇ ਜਿਹੜੀ ਖੇਡ ਖੇਡਣ ਲੱਗੀ ਹੋਈ ਹੈ, ਉਹ ਏਨੀ ਖਤਰਨਾਕ ਹੈ ਕਿ ਹਾਫਿਜ਼ ਸਈਦ ਤੇ ਜੀਪ ਦੇ ਨਿਸ਼ਾਨ ਉੱਤੇ ਚੋਣ ਲੜਨ ਵਾਲੇ ਲੋਕ ਹਾਰ ਗਏ ਤਾਂ ਇਹ ਉਨ੍ਹਾਂ ਦੀ ਨਹੀਂ, ਫੌਜੀ ਜਰਨੈਲਾਂ ਦੀ ਹਾਰ ਮੰਨੀ ਜਾਵੇਗੀ ਤੇ ਜੇ ਜਿੱਤ ਗਏ ਤਾਂ ਇਹ ਪਾਕਿਸਤਾਨ ਦੀ ਸਮੁੱਚੀ ਰਾਜਨੀਤੀ ਅਤੇ ਸਿਸਟਮ ਦੀ ਹਾਰ ਹੋਵੇਗੀ। ਦੇਸ਼ ਦਾ ਨਸੀਬ ਦਾਅ ਉੱਤੇ ਲੱਗਾ ਪਿਆ ਹੈ। ਆਮ ਲੋਕ ਏਨੀ ਡੂੰਘੀ ਖੇਡ ਨੂੰ ਸਮਝਣ ਤੋਂ ਅਸਮਰਥ ਹੋਣਗੇ, ਪਰ ਸਿਆਸੀ ਧੁਰੰਤਰ ਇਸ ਨੂੰ ਸਮਝਦੇ ਹੋਏ ਵੀ ਨਾ ਸਮਝਣ ਦਾ ਵਿਖਾਵਾ ਕਰੀ ਜਾ ਰਹੇ ਹਨ। ਉਸ ਦੇਸ਼ ਲਈ ਇਹੋ ਗੱਲ ਸਭ ਤੋਂ ਵੱਧ ਖਤਰਨਾਕ ਹੈ। ਫੌਜ ਜਾਂ ਦੇਸ਼ ਵਿੱਚੋਂ ਕਿਸੇ ਇੱਕ ਦੀ ਜਿੱਤ ਦੇ ਚੱਕਰ ਵਿੱਚ ਤਬਾਹੀ ਜਾਂ ਵਾਪਸੀ ਦੀ ਦੋਚਿੱਤੀ ਵਾਲੇ ਦੋਰਾਹੇ ਉੱਤੇ ਆਣ ਖੜੋਤਾ ਹੈ ਪਾਕਿਸਤਾਨ।