ਤਬਾਦਲਾ ਕਰਾਉਣ ਬਹਾਨੇ ਕਰਨਲ ਤੋਂ 2.8 ਲੱਖ ਠੱਗਣ ਵਾਲਿਆਂ ਨੂੰ ਇੱਕ-ਇੱਕ ਸਾਲ ਕੈਦ


ਪਠਾਨਕੋਟ, 17 ਨਵੰਬਰ (ਪੋਸਟ ਬਿਊਰੋ)- ਆਪਣੇ ਆਪ ਨੂੰ ਮਨਿਸਟਰੀ ਆਫ ਹੋਮ ਅਫੇਅਰਸ ਦਾ ਸਲਾਹਕਾਰ ਦੱਸ ਕੇ ਫੌਜ ਦੇ ਕਰਨਲ ਦਾ ਤਬਾਦਲਾ ਰਾਸ਼ਟਰਪਤੀ ਭਵਨ ਵਿੱਚ ਕਰਾਉਣ ਲਈ 2.80 ਲੱਖ ਰੁਪਏ ਠੱਗਣ ਦੇ ਦੋਸ਼ੀ ਜੋੜੇ ਨੂੰ ਅਦਾਲਤ ਨੇ ਇੱਕ-ਇੱਕ ਸਾਲ ਕੈਦ ਅਤੇ ਜੁਰਮਾਨਾ ਕੀਤਾ ਹੈ। ਜੋੜੇ ਦੇ ਖਿਲਾਫ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ। ਫਰਵਰੀ 2004 ਵਿੱਚ ਵੀ ਇਨ੍ਹਾਂ ਨੂੰ 2-2 ਸਾਲ ਕੈਦ ਹੋ ਚੁੱਕੀ ਹੈ।
ਸਾਲ 2010 ਵਿੱਚ ਮਿਲਟਰੀ ਹਸਪਤਾਲ ਵਿੱਚ ਤੈਨਾਤ ਕਰਨਲ ਡਾਕਟਰ ਅਜੈ ਕੁਮਾਰ ਗੁਪਤਾ ਨੇ ਤਤਕਾਲੀ ਡੀ ਜੀ ਪੀ, ਏ ਡੀ ਜੀ ਪੀ ਸਕਿਓਰਿਟੀ, ਸਾਈਬਰ ਕਰਾਈਮ ਵਿੰਗ ਸਮੇਤ ਪੁਲਸ ਦੇ ਵੱਡੇ ਅਫਸਰਾਂ ਨੂੰ ਆਨਲਾਈਨ ਭੇਜੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮਨਿਸਟਰੀ ਆਫ ਹੋਮ ਅਫੇਅਰਸ ਦਾ ਸਲਾਹਕਾਰ ਦੱਸਣ ਵਾਲੇ ਇੰਦਰਾ ਕਲੋਨੀ ਦੇ ਕੁਮਾਰ ਕ੍ਰਿਸ਼ਨ ਵਡੇਹਰਾ ਤੇ ਉਨ੍ਹਾਂ ਦੀ ਪਤਨੀ ਅੰਜਨਾ ਵਡੇਹਰਾ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਤਬਾਦਲਾ ਕਰਾਉਣ ਦੇ ਨਾਂਅ ਉੱਤੇ 2.8 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਅਲੀ ਦਸਤਾਵੇਜ਼ਾਂ ਉੱਤੇ ਇਹ ਕਈ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਠੱਗ ਚੁੱਕੇ ਹਨ। ਡੀ ਜੀ ਪੀ ਨੇ ਉਸ ਵਕਤ ਦੇ ਐਸ ਪੀ ਪਠਾਨਕੋਟ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਵਿੱਚ ਦੋਸ਼ ਸਹੀ ਪਾਏ ਗਏ। ਜੋੜੇ ਨੇ ਤਬਾਦਲਾ ਕਰਾਉਣ ਦੇ ਨਾਂਅ ਉੱਤੇ ਜਨਵਰੀ 2009 ਵਿੱਚ 2.80 ਲੱਖ ਰੁਪਏ ਲਏ ਸਨ। ਬਾਅਦ ਵਿੱਚ ਨਾ ਤਬਾਦਲਾ ਹੋਇਆ ਨਾ ਪੈਸੇ ਵਾਪਸ ਕੀਤੇ ਗਏ। ਜਾਂਚ ਦੇ ਬਾਅਦ ਪੰਜ ਮਈ 2011 ਨੂੰ ਥਾਣਾ ਇੱਕ ਵਿੱਚ ਪਤੀ-ਪਤਨੀ ਉੱਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਮਾਮਲੇ ਦਾ ਚਲਾਨ ਕੋਰਟ ਵਿੱਚ ਪੇਸ਼ ਕੀਤਾ, ਜਿਸ ਉੱਤੇ ਸੁਣਵਾਈ ਹੋਈ।