ਤਨਾਅ ਕਾਰਨ ਇਮਤਿਹਾਨ ਦੇਂਦੇ ਹੋਏ 12ਵੀਂ ਦੇ ਵਿਦਿਆਰਥੀ ਦੀ ਦਿਲ ਦੇ ਦੌਰੇ ਨਾਲ ਮੌਤ


ਕੋਟਕਪੂਰਾ, 13 ਮਾਰਚ (ਪੋਸਟ ਬਿਊਰੋ)- ਜ਼ਿਲਾ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੇ ਇਕ ਪ੍ਰਾਈਵੇਟ ਸਕੂਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਇਮਤਿਹਾਨ ਦੌਰਾਨ ਇਕ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਗੁਰਪ੍ਰੀਤ ਸਿੰਘ (17) ਨੇੜੇ ਪਿੰਡ ਚੱਕ ਕਲਿਆਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀ। ਉਨ੍ਹਾਂ ਦੇ ਸਕੂਲ ਦਾ ਇਮਤਿਹਾਨ ਕੇਂਦਰ ਵਾਂਦਰ ਜਟਾਣਾ ਦੇ ਨਿੱਜੀ ਸਕੂਲ ਵਿੱਚ ਬਣਾਇਆ ਗਿਆ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਸ਼ਨਿਚਰਵਾਰ ਦੇ ਇਮਤਿਹਾਨ ਕੇਂਦਰ ਵਿੱਚ ਦੁਪਹਿਰ ਦਾ ਪੇਪਰ ਸ਼ੁਰੂ ਹੋਇਆ ਤਾਂ ਸਾਢੇ ਤਿੰਨ ਵਜੇ ਅਚਾਨਕ ਗੁਰਪ੍ਰੀਤ ਸਿੰਘ ਦੀ ਹਾਲਾਤ ਵਿਗੜ ਗਈ। ਉਸ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗੁਰਪ੍ਰੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਚਾਚਾ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਸਰਕਾਰ ਵੱਲੋਂ ਨਕਲ ਰੋਕਣ ਲਈ ਕੀਤੀ ਸਖਤੀ ਕਾਰਨ ਤਣਾਅ ਵਿੱਚ ਸੀ। ਥਾਣਾ ਸਦਰ ਦੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਅੰਦਾਜ਼ਾ ਹੈ ਕਿ ਵਿਦਿਆਰਥੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।