ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਰਜਨੀਸ਼ ਅਰੋੜਾ ਨੂੰ ਪਸੰਦ ਸਨ ਨਾ-ਤਜਰਬਾਕਾਰ ਲੋਕ!


ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਸਾਰੇ ਨਿਯਮ ਤੇ ਸਿਲੈਕਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਰਜਨੀਸ਼ ਅਰੋੜਾ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ‘ਅਯੋਗ ਬਿਨੈਕਾਰਾਂ’ ਨੂੰ ਨਾ ਸਿਰਫ ਭਰਤੀ ਕੀਤਾ, ਸਗੋਂ ਨੌਕਰੀ ‘ਤੇ ਪੱਕਾ ਵੀ ਕਰ ਦਿੱਤਾ ਸੀ। ਰਜਨੀਸ਼ ਅਰੋੜਾ ਵੱਲੋਂ ਪੱਕੇ ਕੀਤੇ ਗਏ ਮੁਲਾਜ਼ਮ ਬਹੁਤਾ ਕਰ ਕੇ ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਨਾਲ ਜੁੜੇ ਹੋਏ ਲੋਕ ਹੀ ਕਹੇ ਜਾਂਦੇ ਸਨ। ਹੁਣ ਇਸ ਕੇਸ ਵਿੱਚ ਰਜਨੀਸ਼ ਅਰੋੜਾ ਦੇ ਨਾਲ ਨਾਮਜ਼ਦ ਹੋਏ ਦੋਸ਼ੀਆਂ ਵਿੱਚ 9 ਵਿੱਚੋਂ ਚਾਰ ਜਣੇ ਹਾਲੇ ਵੀ ਨੌਕਰੀ ਕਰ ਰਹੇ ਹਨ, ਜਿਨ੍ਹਾਂ ਵਿੱਚ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਤੀਕਸ਼ਣ ਸੂਦ ਦੀ ਧੀ ਗੀਤਿਕਾ ਸੂਦ ਵੀ ਹੈ।
ਮਿਲੀ ਜਾਣਕਾਰੀ ਅਨੁਸਾਰ ਰਜਨੀਸ਼ ਅਰੋੜਾ ਦੇ ਨਾਲ ਘੁਟਾਲੇ ਵਿੱਚ ਡਾ. ਨਛੱਤਰ ਸਿੰਘ, ਆਰ ਪੀ ਭਾਰਦਵਾਜ, ਵਿਸ਼ਵਦੀਪ, ਮਰਗਿੰਦਰ ਸਿੰਘ ਬੇਦੀ, ਸੁਮੀਰ ਸ਼ਰਮਾ ਵਗੈਰਾ ਉਤੇ ਵੀ ਕੇਸ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਵਿਸ਼ਵਦੀਪ, ਮਰਗਿੰਦਰ ਬੇਦੀ, ਸੁਮੀਰ ਅਤੇ ਗੀਤਿਕਾ ਪੱਕੇ ਤੌਰ ਉੱਤੇ ਨੌਕਰੀ ਕਰ ਰਹੇ ਹਨ। ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਨੇ ਵਿਸ਼ਵਦੀਪ ਨੂੰ ਸਾਲ 2010 ਦੌਰਾਨ ਰਜਿਸਟਰਾਰ ਵਜੋਂ ਐਡਹਾਕ ਬੇਸ ਉੱਤੇ ਨਿਯਮਾਂ ਦੀ ਅਣਦੇਖੀ ਕਰ ਕੇ ਨਿਯੁਕਤ ਕੀਤਾ ਸੀ। ਮਰਗਿੰਦਰ ਬੇਦੀ ਨੂੰ ਸਹਾਇਕ ਟਰੇਨਿੰਗ ਪ੍ਰੋਗਰਾਮ ਅਤੇ ਪਲੇਸਮੈਂਟ ਅਫਸਰ ਬਣਾ ਕੇ 2012 ਵਿੱਚ ਰੱਖਿਆ ਗਿਆ ਤੇ ਅਗਲੇ ਸਾਲ ਪੱਕਾ ਕਰ ਦਿੱਤਾ ਸੀ। ਸਾਬਕਾ ਮੰਤਰੀ ਤੀਕਸ਼ਨ ਦੀ ਬੇਟੀ ਗੀਤਿਕਾ ਨੂੰ ਲੀਗਲ ਅਫਸਰ 2011 ਵਿੱਚ ਰੱਖਿਆ ਗਿਆ ਸੀ, ਜਿਸ ਕੋਲ ਕੋਈ ਤਜਰਬਾ ਸਰਟੀਫਿਕੇਟ ਨਹੀਂ ਸੀ। ਸੇਵਾਮੁਕਤ ਆਈ ਏ ਐਸ, ਐਸ ਐਸ ਢਿੱਲੋਂ ਨੇ ਆਪਣੀ ਜਾਂਚ ਦੌਰਾਨ ਵੇਖਿਆ ਕਿ ਗੀਤਿਕਾ ਨੂੰ ਜਿਸ ਕੰਮ ‘ਤੇ ਰੱਖਿਆ ਸੀ, ਉਸ ਦਾ ਕੋਈ ਤਜਰਬਾ ਨਹੀਂ ਹੈ, ਇਸ ਦੇ ਬਾਵਜੂਦ 2013 ਵਿੱਚ ਉਸ ਨੂੰ ਪੱਕੀ ਕਰ ਦਿੱਤਾ ਗਿਆ। ਇਸ ਮਗਰੋਂ ਕਪੂਰਥਲਾ ਵਿੱਚ ਆਰ ਐਸ ਐਸ ਦੇ ਇੱਕ ਸੀਨੀਅਰ ਕਾਰਕੁੰਨ ਦੇ ਪੁੱਤਰ ਸੁਮੀਰ ਸ਼ਰਮਾ ਨੂੰ ਸਹਾਇਕ ਡਾਇਰੈਕਟਰ ਵਜੋਂ 2013 ਵਿੱਚ ਰੱਖਿਆ ਸੀ। ਸੁਮੀਰ ਦੀ ਭਰਤੀ ਦੌਰਾਨ ਬੋਰਡ ਆਫ ਗਵਰਨੈਂਸ ਦੀ ਮੀਟਿੰਗ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਭਰਤੀ ਤੋਂ ਅਗਲੇ ਸਾਲ 2014 ਵਿੱਚ ਉਸ ਨੂੰ ਪੱਕਾ ਕਰ ਦਿੱਤਾ ਗਿਆ ਅਤੇ ਭਰਤੀ ਵਾਲੀ ਮੇਲ ਅਜੇ ਰਿਕਵਰ ਕੀਤੀ ਜਾਣੀ ਹੈ। ਵਿਜੀਲੈਂਸ ਦੀ ਪੜਤਾਲ ਦੌਰਾਨ 2011 ਤੋਂ 2015 ਤੱਕ ਦਾ ਸਾਰਾ ਰਿਕਾਰਡ ਕੱਲ੍ਹ ਪੀ ਟੀ ਯੂ ਜਾ ਚੁੱਕਾ ਹੈ। ਇਸ ਦੌਰਾਨ ਭਰਤੀ ਦੌਰਾਨ ਸਿਫਾਰਸ਼ੀ ਚਿੱਠੀ ਤੋਂ ਲੈ ਕੇ ਫਾਈਲਾਂ ਨੂੰ ਜ਼ਬਤ ਕੀਤਾ ਗਿਆ ਹੈ।