ਤਕਦੀਰਾਂ

-ਮਨਦੀਪ ਗਿੱਲ ਧੜਾਕ

ਲਿਖਣ ਵਾਲੇ ਲਿਖ ਲੈਂਦੇ ਨੇ
ਖੁਦ ਦੀਆਂ ਤਕਦੀਰਾਂ ਨੂੰ,
ਜਿਹੜੇ ਲੜਾਉਂਦੇ ਰਹਿੰਦੇ ਨੇ
ਨਿੱਤ ਹੀ ਤਦਬੀਰਾਂ ਨੂੰ।

ਦੁਖ ਸੁਖ ਤੇ ਵਾਧੇ ਘਾਟੇ ਤਾਂ
ਸਦਾ ਚਲਦੇ ਰਹਿਣੇ ਨੇ,
ਰੋਣ ਵਾਲਿਆਂ ਰੋਈ ਜਾਣਾ
ਮੱਥੇ ਦੀਆਂ ਲਕੀਰਾਂ ਨੂੰ।

ਹੱਕ ਮਾਰ ਕੇ ਹੱਕਦਾਰਾਂ ਦਾ
ਦੱਸ ਕਿੱਥੇ ਲੈ ਕੇ ਜਾਵੇਂਗਾ,
ਨਾਲ ਨ੍ਹੀਂ ਕੋਈ ਲੈ ਜਾਂਦਾ
ਇਥੇ ਬਣਾਈਆਂ ਜਗੀਰਾਂ ਨੂੰ।

ਅੱਜ ਵੀ ਡੋਲੇ ਤੋਰੇ ਜਾਂਦੇ ਨੇ
ਨਾਲ ਵਿਦੇਸ਼ੀ ਬੁੱਢਿਆਂ ਦੇ,
ਕਦੋਂ ਮਿਲੇਗੀ ਫੈਸਲੇ ਦੀ ਆਜ਼ਾਦੀ
ਦੇਸ ਦੀਆਂ ਹੀਰਾਂ ਨੂੰ।

ਨਾ ਲਾਵੇ ਕੋਈ ਤਿ੍ਰਵੇਣੀ,
ਟਾਹਲੀ, ਅੰਬ ਤੇ ਜਾਮਣ ਨੂੰ,
ਫਿਰ ਕਿੱਥੋਂ ਛਾਂ ਲੱਭਣੀ ਹੈ,
ਰਾਹ ਚੱਲਦੇ ਰਾਹਗੀਰਾਂ ਨੂੰ।

ਕੌਣ ਚੱਲਦਾ ਹੁਣ
ਪੀਰ ਪੈਗੰਬਰਾਂ ਦੀਆਂ ਸਿੱਖਿਆਵਾਂ ‘ਤੇ,
ਲੋਕੀਂ ਪੂਜਦੇ ਨੇ
ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ।