ਢੱਡਰੀਆਂ ਵਾਲੇ ਨੇ ਕਿਹਾ: ਅਕਾਲ ਤਖਤ ਵਿਖੇ ਤਲਬ ਕਰਨਾ ਤਾਂ ਕਰ ਲਓ, ਸੱਚ ਬੋਲਣ ਤੋਂ ਨਹੀਂ ਹਟਾਂਗਾ

ਮਾਛੀਵਾੜਾ ਸਾਹਿਬ, 10 ਮਈ (ਪੋਸਟ ਬਿਊਰੋ)- ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਵਾਲੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਬੇਸ਼ੱਕ ਜਥੇਦਾਰ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲੈਣ, ਉਹ ਸੱਚ ਬੋਲਣ ਤੋਂ ਨਹੀਂ ਹਟਣਗੇ, ਕਿਉਂਕਿ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਨ੍ਹਾਂ ਨੇ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਨੂੰ ਮਾਰਿਆ ਹੈ, ਉਨ੍ਹਾਂ ਬਾਰੇ ਜਥੇਦਾਰ ਚੁੱਪ ਹਨ।
ਨੇੜਲੇ ਪਿੰਡ ਘੁਲਾਲ ਵਿਖੇ ਧਾਰਮਿਕ ਦੀਵਾਨਾਂ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਦੀਵਾਨ ਵਿੱਚ ਪੇਸ਼ ਕੀਤੀ ਕਵਿਤਾ ‘ਝੂਠੇ ਜਥੇਦਾਰ’, ਜਿਹੜੀ ਬਹੁਤ ਚਰਚਿਤ ਹੋਈ ਹੈ, ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸਿੱਖ ਧਰਮ ਦਾ ਪ੍ਰਚਾਰ ਕਰਦਾ ਹਾਂ ਅਤੇ ਸਿੱਖ ਮਰਿਆਦਾ ਦਾ ਉਲੰਘਣ ਨਹੀਂ ਕਰਦਾ, ਫਿਰ ਵੀ ਜਥੇਦਾਰਾਂ ਵੱਲੋਂ ਮੇਰੇ ਧਾਰਮਿਕ ਦੀਵਾਨਾਂ ‘ਤੇ ਰੋਕ ਲਾਈ ਜਾਂਦੀ ਹੈ, ਪਰ ਜੋ ਡੇਰੇ ਅਤੇ ਸੰਪਰਦਾਵਾਂ ਸਿੱਖ ਧਰਮ ਦੀ ਰਹਿਤ ਮਰਿਆਦਾ ਦਾ ਉਲੰਘਣ ਕਰਦੇ ਹਨ, ਉਨ੍ਹਾਂ ਬਾਰੇ ਜਥੇਦਾਰਾਂ ਦੀ ਚੁੱਪ ਸਵਾਲ ਖੜ੍ਹੇ ਕਰਦੀ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ ਜਥੇਦਾਰਾਂ ਨੇ ਜਦੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੀ ਸੀ, ਕੀ ਉਦੋਂ ਸਿੱਖ ਮਰਿਆਦਾ ਦਾ ਉਲੰਘਣ ਨਹੀਂ ਸੀ ਹੋਇਆ।