ਢਾਬੇ ਦੀ ਪੇਸ਼ਕ਼ਸ਼: ਤਿੰਨ ਪਰੌਂਠੇ ਖਾਣ ਵਾਲੇ ਨੂੰ ਇਕ ਲੱਖ ਦਾ ਇੰਸ਼ੋਰੈਂਸ, 5100 ਨਕਦ ਤੇ ਜ਼ਿੰਦਗੀ ਭਰ ਖਾਣਾ ਫਰੀ!

biggest pratha
ਰੋਹਤਕ, 1 ਜੁਲਾਈ (ਪੋਸਟ ਬਿਊਰੋ)- ਹੋਟਲਾਂ ਅਤੇ ਢਾਬਿਆਂ ‘ਤੇ ਹਰ ਥਾਂ ਅਲੱਗ-ਅਲੱਗ ਖਾਣਾ ਮਿਲਦਾ ਹੈ, ਪਰ ਇੱਕ ਅਜਿਹੇ ਸਾਈਜ਼ ਦਾ ਪਰੌਂਠਾ ਵੀ ਹੈ, ਜੋ ਤੁਸੀਂ ਜ਼ਿੰਦਗੀ ਵਿੱਚ ਕਦੇ ਨਹੀਂ ਖਾਧਾ ਹੋਣਾ।
ਰੋਹਤਕ ਦਿੱਲੀ ਬਾਈਪਾਸ ਉੱਤੇ ਤਪੱਸਿਆ ਪਰੌਂਠਾ ਜੰਕਸ਼ਨ ਵਿੱਚ ਇਹ ਖਾਸ ਪਰੌਂਠਾ ਮਿਲਦਾ ਹੈ। ਇਸ ਜੰਕਸ਼ਨ ਨੇ ਤਿੰਨ ਪਰੌਂਠੇ ਖਾਣ ਉੱਤੇ ਇਕ ਲੱਖ ਰੁਪਏ ਦਾ ਇੰਸ਼ੋਰੈਂਸ, 5100 ਰੁਪਏ ਨਕਦ ਅਤੇ ਜ਼ਿੰਦਗੀ ਭਰ ਮੁਫਤ ਖਾਣਾ ਖਾਣ ਦੀ ਅਨੋਖੀ ਆਫਰ ਰੱਖੀ ਹੋਈ ਹੈ। ਇਸ ਆਫਰ ਦੇ ਕਾਰਨ ਬਹੁਤ ਸਾਰੇ ਲੋਕ ਇਥੇ ਪਰੌਂਠੇ ਖਾਣ ਆਏ, ਪਰ ਅਜੇ ਤੱਕ ਰੋਹਤਕ ਦੇ ਅਸ਼ਵਨੀ ਤੇ ਮੱਧ ਪ੍ਰਦੇਸ਼ ਤੋਂ ਮਹਾਰਾਜ ਨੇ ਇਸ ਚੁਣੌਤੀ ਨੂੰ ਪੂਰਾ ਕਰਕੇ ਇਨਾਮ ਜਿੱਤਿਆ ਹੈ। ਤਪੱਸਿਆ ਦੇ ਮਾਲਕ ਮੁਕੇਸ਼ ਗਹਿਲਾਵਤ ਨੇ ਦੱਸਿਆ ਕਿ ਉਹ 10 ਸਾਲ ਤੋਂ ਇਸ ਕੰਮ ਨਾਲ ਜੁੜੇ ਹੋਏ ਹਨ। ਇਥੇ 40 ਵਰਾਇਟੀਆਂ ਦੇ ਪਰੌਂਠੇ ਮਿਲਦੇ ਹਨ। ਇਨ੍ਹਾਂ ਦੀ ਕੀਮਤ 150 ਤੋਂ 350 ਰੁਪਏ ਰੱਖੀ ਗਈ ਹੈ। ਮੁਕੇਸ਼ ਗਹਿਲਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦੇ ਨਾਂ ਉੱਤੇ ਇਹ ਢਾਬਾ ਖੋਲ੍ਹਿਆ ਹੈ। ਉਨ੍ਹਾਂ ਦਾ ਇਕ ਪਰੌਂਠਾ ਲਗਭਗ ਦੋ ਫੁੱਟ ਦਾ ਅਤੇ ਇਸ ਦਾ ਭਾਰ 1200 ਗ੍ਰਾਮ ਹੈ। ਮੱਧ ਪ੍ਰਦੇਸ਼ ਦੇ ਮਹਾਰਾਜ ਨੇ 50 ਮਿੰਟਾਂ ਵਿੱਚ ਚਾਰ ਪਰੌਂਠੇ ਖਾਧੇ ਹਨ। ਰੋਹਤਕ ਦੇ ਅਸ਼ਵਨੀ ਨੇ 40 ਮਿੰਟਾਂ ‘ਚ ਤਿੰਨ ਪਰੌਂਠੇ ਖਾ ਕੇ ਇਨਾਮ ਜਿੱਤਿਆ। ਦੂਰ-ਦੂਰ ਤੋਂ ਇਥੇ ਲੋਕ ਪਰੌਂਠਿਆਂ ਦਾ ਸਵਾਦ ਮਾਨਣ ਆਉਂਦੇ ਹਨ।