ਢਾਈ ਲੱਖ ਵਿੱਦਿਆਰਥੀਆਂ ਦਾ ਭੱਵਿਖ ਬਚਾਏ ਉਂਟੇਰੀਓ ਸਰਕਾਰ

zzzzzzzz-300x1111ਪ੍ਰੌਵਿੰਸ਼ੀਅਲ ਲਿਬਰਲ ਸਰਕਾਰ ਦਾ ਇੱਕ ਚਹੇਤਾ ਗਰੁੱਪ ਯੂਨੀਅਨਾਂ ਹਨ ਕਿਉਂਕਿ ਇਹ ਉਹਨਾਂ ਦਾ ਬਣਿਆ ਬਣਾਇਆ ਵੋਟ ਬੈਂਕ ਹੈ। ਇਹਨਾਂ ਸ਼ਕਤੀਸ਼ਾਲੀ ਯੂਨੀਅਨਾਂ ਦਾ ਉਂਟੇਰੀਓ ਪਬਲਿਕ ਕਾਲਜਾਂ ਵਿੱਚ ਅਕਾਦਮਿਕ ਪ੍ਰੋਫੈਸਰਾਂ, ਪਾਰਟ ਟਾਈਮ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲਾ ਗੁੱਟ 16 ਅਕਤੂਬਰ ਤੋਂ ਹੜਤਾਲ ਉੱਤੇ ਜਾਣ ਦਾ ਐਲਾਨ ਕਰ ਚੁੱਕਾ ਹੈ। ਇਹ ਗੁੱਟ ਉਂਟੇਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਦਾ ਉਹ ਹਿੱਸਾ ਹੈ ਜੋ ਉਂਟੇਰੀਓ ਦੇ 24 ਪਬਲਿਕ ਕਾਲਜਾਂ ਦੇ 12000 ਅਕਾਦਮਿਕ ਸਟਾਫ਼ ਦੀ ਨੁਮਾਇੰਦਗੀ ਕਰਦਾ ਹੈ। ਸਟਾਫ਼ ਦੀਆਂ ਮੰਗਾਂ ਵਿੱਚ 10% ਤਨਖਾਹ ਵਿੱਚ ਵਾਧਾ, ਵੱਧ ਗਿਣਤੀ ਵਿੱਚ ਸਟਾਫ ਨੂੰ ਫੁੱਲ ਟਾਈਮ ਕਰਨਾ ਅਤੇ ਅਧਿਆਪਕਾਂ ਨੂੰ ਸਿਲੇਬਸ ਚੁਣਨ ਵਿੱਚ ਵਧੇਰੇ ਖੁੱਲ ਦੇਣਾ ਸ਼ਾਮਲ ਹੈ। ਚੇਤੇ ਰਹੇ ਕਿ ਉਂਟੇਰੀਓ ਵਿੱਚ 12000 ਕਾਲਜ ਅਧਿਆਪਕਾਂ ਵਿੱਚੋਂ 7500 ਫੁੱਲ ਟਾਈਮ ਹਨ ਜਦੋਂ ਕਿ ਬਾਕੀ ਦੇ ਪਾਰਟ ਟਾਈਮ ਹਨ ਜਿਹਨਾਂ ਵਿੱਚੋਂ ਕਈ 12 ਘੰਟੇ ਪ੍ਰਤੀ ਹਫ਼ਤਾ ਹੀ ਕੰਮ ਕਰਦੇ ਹਨ।

ਜੇਕਰ ਸਰਕਾਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਹੈ ਤਾਂ ਉਸਨੂੰ 400 ਮਿਲੀਅਨ ਡਾਲਰ ਦਾ ਬੋਝ ਉਠਾਉਣਾ ਪਵੇਗਾ। ਵੈਸੇ ਇਸ ਵਿੱਤੀ ਬੋਝ ਦਾ 70% ਦੇ ਕਰੀਬ ਹਿੱਸਾ ਸਰਕਾਰ ਆਪਣੀ ਸੰਸਥਾ ਕਾਲਜ ਇੰਪਲਾਇਰ ਕਾਉਨਸਲ (College Employer Council) ਰਾਹੀਂ ਚੁੱਕਣ ਲਈ ਪਹਿਲਾਂ ਹੀ ਤਿਆਰ ਹੈ। ਸੋ ਖਜਾਨੇ ਉੱਤੇ ਪੈਣਾ ਵਾਲਾ ਅਤੀਰਿਕਤ ਵਾਧਾ ਕੋਈ ਬਹੁਤ ਜਿ਼ਆਦਾ ਹੋਣ ਵਾਲਾ ਨਹੀਂ ਹੈ। ਯੂਨੀਅਨ ਅਤੇ ਕਾਲਜ ਕਾਉਂਸਲ ਦਰਮਿਆਨ ਪਿਛਲੇ ਦੌਰ ਵਿੱਚ ਹੋਈਆਂ ਮੀਟਿੰਗਾਂ ਫੇਲ੍ਹ ਹੋ ਚੁੱਕੀਆਂ ਹਨ ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉੱਤੇ ਬਜਿੱ਼ਦ ਹਨ। ਹੁਣ ਸਥਿਤੀ ਉੱਥੇ ਆ ਪੁੱਜੀ ਹੈ ਜਿੱਥੇ ਸੋਮਵਾਰ ਤੋਂ ਉਂਟੇਰੀਓ ਦੇ 24 ਪਬਲਿਕ ਸਕੂਲਾਂ ਵਿੱਚ ਪੜਦੇ ਢਾਈ ਲੱਖ ਤੋਂ ਵੱਧ ਵਿੱਦਿਆਰੀਆਂ ਦਾ ਭੱਵਿਖ ਸੰਕਟ ਵਿੱਚ ਪੈਣ ਜਾ ਰਿਹਾ ਹੈ। ਸਰਕਾਰ ਨੂੰ ਫੌਰੀ ਰੂਪ ਵਿੱਚ ਕੋਈ ਚਾਰਾ ਵਰਤ ਕੇ ਬੱਚਿਆਂ ਦਾ ਭੱਵਿਖ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ ਹੈ।

16 ਅਕਤੂਬਰ ਉਹ ਸਮਾਂ ਹੈ ਜਦੋਂ ਪ੍ਰੋਵਿੰਸ ਭਰ ਵਿੱਚ ਕਾਲਜ ਵਿੱਦਿਆਰਥੀ ਆਪਣੇ ਮਿਡ-ਟਰਮ ਇਮਤਿਹਾਨ ਲਿਖਣ ਦੀ ਤਿਆਰੀ ਕਰ ਰਹੇ ਹਨ। ਇਹ ਹੜਤਾਲ ਇਸ ਕਰਕੇ ਵੀ ਮਾਰੂ ਸਾਬਤ ਹੋਵੇਗੀ ਕਿ ਕਾਲਜਾਂ ਵਿੱਚ ਪੜਨ ਜਾਣ ਵਾਲੇ ਵੱਡੀ ਗਿਣਤੀ ਵਿੱਚ ਵਿੱਦਿਆਰਥੀ ਉਹ ਹੁੰਦੇ ਹਨ ਜਿਹੜੇ ਅਕਾਦਮਿਕ ਪੱਖ ਤੋਂ ਐਨੇ ਚੇਤੰਨ ਨਹੀਂ ਹੁੰਦੇ ਕਿ ਸਵੈ-ਅਧਿਐਨ ਕਰਨ ਦੇ ਸਮਰੱਥ ਹੋਣ। ਇਸਤੋਂ ਇਲਾਵਾ ਉਂਟੇਰੀਓ ਵਿੱਚ 25 ਹਜ਼ਾਰ ਦੇ ਕਰੀਬ ਪੂਰੇ ਵਿਸ਼ਵ ਤੋਂ ਅੰਤਰਰਾਸ਼ਟਰੀ ਵਿੱਦਿਆਰਥੀ ਪੜਨ ਆਏ ਹੋਏ ਹਨ। ਇਹ ਹੜਤਾਲ ਸਿਰਫ਼ ਇਹਨਾਂ ਦੀ ਪੜਾਈ ਦਾ ਨੁਕਸਾਨ ਨਹੀਂ ਕਰੇਗੀ ਸਗੋਂ ਉਹਨਾਂ ਦੇ ਵਿਸ਼ਵ ਭਰ ਵਿੱਚ ਬੈਠੇ ਮਾਪਿਆਂ ਦਾ ਦਿਲ ਦੁਖਣ ਦਾ ਕਾਰਣ ਬਣੇਗੀ। ਕੀ ਸਰਕਾਰ ਸੋਚ ਸਕਦੀ ਹੈ ਕਿ ਇਸ ਹੜਤਾਲ ਦਾ ਉਸ ਰਣਨੀਤੀ ਉੱਤੇ ਕੀ ਅਸਰ ਪਵੇਗਾ ਜਿਸ ਤਹਿਤ ਸਾਰੇ ਕੈਨੇਡੀਅਨ ਪ੍ਰੋਵਿੰਸ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਆਪਣੇ ਵੱਲ ਖਿਚੱਣ ਲਈ ਹਰ ਕਿਸਮ ਦਾ ਪੈਂਤੜਾ ਵਰਤਦੇ ਹਨ?

ਚੇਤੇ ਰਹੇ ਕਿ ਉਂਟੇਰੀਓ ਦੇ ਸੈਕੰਡਰੀ ਸਕੂਲਾਂ ਵਿੱਚੋਂ ਗਰੇਡ 12 ਦੇ ਗਰੈਜੁਏਟ ਵਿੱਦਿਆਰਥੀਆਂ ਦਾ 58% ਹਿੱਸਾ ਉਂਟੇਰੀਓ ਦੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਇਹਨਾਂ ਵਿੱਚੋਂ 30% ਦੇ ਕਰੀਬ ਬੱਚੇ ਉਹਨਾਂ ਪਰਿਵਾਰਾਂ ਵਿੱਚੋਂ ਆਉਂਦੇ ਹਨ ਜਿਹਨਾਂ ਦੀ ਸਾਲਾਨਾ ਆਮਦਨ 30 ਹਜ਼ਾਰ ਡਾਲਰ ਤੋਂ ਵੀ ਘੱਟ ਹੁੰਦੀ ਹੈ। 55% ਬੱਚੇ ਉਹਨਾਂ ਪਰਿਵਾਰਾਂ ਤੋਂ ਹਨ ਜਿਹਨਾਂ ਦੀ ਸਾਲਾਨਾ ਆਮਦਨ 55 ਹਜ਼ਾਰ ਡਾਲਰ ਤੋਂ ਘੱਟ ਹੈ। ਭਾਵ ਬਹੁ ਗਿਣਤੀ ਗਰੀਬ ਪਰਿਵਾਰਾਂ ਤੋਂ ਹੁੰਦੇ ਹਨ।

ਕੋਈ ਸ਼ੱਕ ਨਹੀਂ ਕਿ ਕਈ ਫਰੰਟਾਂ ਉੱਤੇ ਖਾਮੀਆਂ ਕਾਰਣ ਉਂਟੇਰੀਓ ਲਿਬਰਲ ਸਰਕਾਰ ਦਾ ਧਿਆਨ ਇਸ ਵੇਲੇ ਕਈ ਪਾਸੇ ਵੰਡਿਆ ਹੋਇਆ ਹੈ ਪਰ ਕਾਲਜਾਂ ਵਿੱਚ ਹੋਣ ਵਾਲੀ ਹੜਤਾਲ ਉਂਟੇਰੀਓ ਵਿੱਚ ਗਰੀਬ ਪਰਿਵਾਰਾਂ ਨੂੰ ਹੋਰ ਗਰੀਬੀ ਵੱਲ, ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ, ਅੰਤਰ-ਰਾਸ਼ਟਰੀ ਵਿੱਦਿਆਰਥੀਆਂ ਨੂੰ ਬੇਤਹਾਸ਼ਾ ਨਮੋਸ਼ੀ ਵਿੱਚ ਧੱਕੇਗੀ। ਇਹ ਸਾਰਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਿੇਕਰ ਸਰਕਾਰ ਸਹੀ ਵਕਤ ਉੱਤੇ ਦਖ਼ਲ ਅੰਦਾਜ਼ੀ ਕਰਕੇ ਹੜਤਾਲ ਹੋਣੋ ਰੋਕੇ।

ਉਂਟੇਰੀਓ ਸਰਕਾਰ ਨੇ ਨੌਜਵਾਨਾਂ ਨੂੰ ਚੰਗੇਰਾ ਭੱਵਿਖ ਪ੍ਰਦਾਨ ਕਰਨ ਲਈ ਬਹੁਤ ਹੀ ਆਲੀਸ਼ਾਨ ਸ਼ਬਦਾਂ ਅਲਫਾਜ਼ਾਂ ਵਾਲੇ ‘ਪ੍ਰੀਮੀਅਰ ਦੀ ਯੂਥ ਅਵਸਰਾਂ ਲਈ ਕਾਉਂਸਲ  (Premier’s Council on Youth Opportunities) ਉਂਟੇਰੀਓ ਯੂਥ ਕੁਲੈਕਟਿਵ ਇੰਪੈਕਟ, ਯੂਥ ਰੀਚਰਚ ਐਕਸਚੇਂਜ ਅਤੇ ਯੂਥ ਐਕਸ਼ਨ ਪਲਾਨ ਕਾਇਮ ਕੀਤੀਆਂ ਹੋਈਆਂ ਹਨ। ਇਹਨਾਂ ਉੱਦਮਾਂ ਦਾ ਕੋਈ ਮਾਅਨਾ ਤਾਂ ਹੀ ਰਹਿ ਜਾਂਦਾ ਹੈ ਜੇਕਰ ਸਾਡੇ ਵਿੱਦਿਆਰਥੀ ਕਾਲਜਾਂ ਵਿੱਚੋਂ ਗਰੈਜੁਏਟ ਹੋ ਕੇ ਸਮਾਜ ਵਿੱਚ ਆਉਣਗੇ। 16 ਅਕਤੂਬਰ ਨੂੰ ਅਧਿਆਪਕ ਯੂਨੀਅਨ ਦੁਪਿਹਰ 12 ਵੱਜ ਕੇ 1 ਮਿੰਟ ਉੱਤੇ ਹੜਤਾਲ ਉੱਤੇ ਚਲੇ ਜਾਵੇਗੀ ਜੇਕਰ ਸਰਕਾਰ ਨੇ ਬਣਦੀ ਦਖ਼ਲਅੰਦਾਜ਼ੀ ਨਾ ਕੀਤੀ। ਵਿੱਦਿਆਰਥੀਆਂ ਦੀ ਅਸਫ਼ਲਤਾ ਦਾ ਦੋਸ਼ ਸਿਰ ਮੱਥੇ ਲੈਣ ਨਾਲੋਂ ਚੰਗਾ ਹੈ ਕਿ ਕੈਥਲਿਨ ਵਿੱਨ ਸਰਕਾਰ ਆਪਣੇ ਮੁਲਾਜ਼ਮਾਂ ਨਾਲ ਮਸਲੇ ਨੂੰ ਨਜਿੱਠ ਲਵੇ।