ਡੱਗ ਫੋਰਡ ਲਈ ‘ਰੈੱਡ ਅਲਰਟ’ ਨਾ ਬਣ ਜਾਵੇ ਗਰੀਨ ਬੈਲਟ

ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਬਹੁਤ ਸਾਰੇ ਉਹ ਦਾਅ ਪੇਚ ਅਪਣਾਏ ਜਾਂਦੇ ਹਨ ਜੋ ਜੰਗ ਦੌਰਾਨ ਦੁਸ਼ਮਣ ਫੌਜਾਂ ਵੱਲੋਂ। ਇਹਨਾਂ ਵਿੱਚ ਇੱਕ ਹੁੰਦਾ ਹੈ ਅਪ੍ਰਤੱਖ ਰੂਪ ਵਿੱਚ ਦੂਜੀ ਧਿਰ ਦੇ ਘਰ-ਪਰਿਵਾਰ ਵਿੱਚ ਚੱਲ ਰਹੀ ਚਰਚਾ ਦੀ ਪੈੜ ਨੱਪਣੀ ਅਤੇ ਉਸ ਵਿੱਚ ਪਾਈਆਂ ਜਾਂਦੀਆਂ ਕਮਜ਼ੋਰੀਆਂ ਦਾ ਲਾਭ ਲੈਣਾ। ਲਿਬਰਲ ਪਾਰਟੀ ਦੇ ਕਾਰਜ ਕਰਤਾਵਾਂ ਨੇ ਪਰਸੋਂ ਇੱਕ ਅਜਿਹੀ ਵੀਡੀਓ ਨੂੰ ਕੱਢ ਮਾਰਿਆ ਜਿਸ ਵਿੱਚ ਪ੍ਰੌਵਿੰਸ਼ੀਅਲ ਪ੍ਰੋਗਰੈਸਿਵ ਪਾਰਟੀ ਦੇ ਨੇਤਾ ਡੱਗ ਫੋਰਡ ਆਖ ਰਹੇ ਹਨ ਕਿ ਚੋਣ ਜਿੱਤਣ ਦੀ ਸੂਰਤ ਵਿੱਚ ਉਹ ਗਰੇਟਰ ਟੋਰਾਂਟੋ ਏਰੀਆ ਅਤੇ ਹੈਮਿਲਟਨ ਖੇਤਰਾਂ ਵਿੱਚ ਸੁਰੱਖਿਅਤ ਗਰੀਨ ਬੈਲਟ ਦੀ ਜੋ਼ਨਿੰਗ ਬਦਲ ਕੇ ਮਕਾਨ ਉਸਾਰੀ ਲਈ ਰਾਹ ਖੋਲ ਦੇਣਗੇ। ਇਹ ਗੱਲ ਉਹਨਾਂ ਨੇ ਵੱਡੇ ਅਤੇ ਧੱਨਾਡ ਬਿਲਡਰਾਂ ਨੂੰ ਲੀਡਰਸਿ਼ੱਪ ਰੇਸ ਦੌਰਾਨ ਕਿਸੇ ਪ੍ਰਾਈਵੇਟ ਮਿਲਣੀ ਦੌਰਾਨ ਆਖੀ ਸੀ। ਜਿਵੇਂ ਕਿ ਹੁੰਦਾ ਹੈ ਕਿ ਨੇਤਾਵਾਂ ਦੇ ਬਿਆਨ ਦੀ ਬੁੱਕਤ ਕੁੱਝ ਆਖਣ ਵਿੱਚ ਹੰੁਦੀ ਹੈ, ਉਸਤੋਂ ਵੱਧ ਉਸ ਨੂੰ ਵਿਰੋਧੀ ਧਿਰ ਵੱਲੋਂ ਸਹੀ ਸਮੇਂ ਉੱਤੇ ਵਰਤਣ ਵਿੱਚ ਹੁੰਦੀ ਹੈ। ਸੋ ਲਿਬਰਲ ਪਾਰਟੀ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਤੋਂ ਬਚਾ ਲਈ ਹੁਣ ਡੱਗ ਫੋਰਡ ਨੂੰ ਪਿੱਛਲਖੋੜੀ ਹੋ ਕੇ ਆਖਣਾ ਪੈ ਰਿਹਾ ਹੈ ਕਿ ਉਹ ਗਰੀਨ ਬੈਲਟ ਨਾਲ ਛੇੜ ਛਾੜ ਕਰਨ ਦੇ ਉੱਕਾ ਹੱਕ ਵਿੱਚ ਨਹੀਂ ਹੈ।

ਇਹ ਹਾਲੇ ਵੇਖਣਾ ਹੋਵੇਗਾ ਕਿ ਉਸ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਨਾਲ ‘ਡੈਮੇਜ ਕੰਟਰੋਲ’ ਪੂਰੀ ਹੋ ਜਾਵੇਗਾ ਜਾਂ ਵੋਟਰ ਉਸਨੂੰ ਇਸ ਇੱਕ ਬਿਆਨ ਦੇ ਆਧਾਰ ਉੱਤੇ ਸਜ਼ਾ ਦੇਣ ਵਿੱਚ ਦਿਲਚਸਪੀ ਰੱਖਣਗੇ? ਡੱਗ ਫੋਰਡ ਨੂੰ ਇੱਕ ਗੱਲ ਚੇਤੇ ਰੱਖਣ ਦੀ ਲੋੜ ਹੋਵੇਗੀ ਕਿ ਉਹ ਲਿਬਰਲ ਪਾਰਟੀ ਦੇ ਘਾਗ ਸਿਆਸਤਦਾਨਾਂ ਜਿੰਨਾ ਹੰਢਿਆ ਵਰਤਿਆ ਨਹੀਂ ਹੈ। ਉਸ ਕੋਲ ਇੱਕ ਕਾਉਂਸਲਰ ਵਜੋਂ ਸਿਆਸੀ ਅਨੁਭਵ ਤੋਂ ਇਲਾਵਾ ਹੋਰ ਕੋਈ ਗਹਿਨ ਸਿਆਸੀ ਤਜੁਰਬਾ ਹਾਸਲ ਨਹੀਂ ਹੈ ਸਿਵਾਏ ਟੋਰਾਂਟੋ ਮੇਅਰ ਦੀ ਚੋਣ ਹਾਰਨ ਤੋਂ।

ਗਰੀਨ ਬੈਲਟ 7200 ਸਕੁਐਰ ਕਿਲੋਮੀਟਰ (2800 ਸਕੁਐਰ ਮੀਲ) ਖੇਤਰ ਵਿੱਚ ਫੈਲਿਆ ਇਲਾਕਾ ਹੈ ਜਿਸ ਵਿੱਚ ਫਾਰਮਲੈਂਡ, ਜੰਗਲ, ਵੈਟਲੈਂਡ ਅਤੇ ਵਾਟਰਸ਼ੈੱਡ ਆਦਿ ਸ਼ਾਮਲ ਹਨ। ਇਸ ਖੇਤਰ ਨੂੰ ਹੀ ਗੋਲਡਨ ਹੌਰਸਸ਼ੂਅ (Golden Horseshoe) ਆਖਿਆ ਜਾਂਦਾ ਹੈ। 2005 ਵਿੱਚ ਇੱਕ ਕਨੂੰਨ ਪਾਸ ਹੋਣ ਤੋਂ ਬਾਅਦ ਇਸ ਖੇਤਰ ਨੂੰ ਸਥਾਈ ਰੂਪ ਵਿਚ ਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸੀ ਜਿਸਦਾ ਮਕਸਦ ਇਸ ਕੁਦਰਤੀ ਧਰਤ ਨੂੰ ਸ਼ਹਿਰੀ ਵਿਕਾਸ ਅਤੇ ਮਨੁੱਖੀ ਆਬਾਦੀ ਦੇ ਹਮਲੇ ਤੋਂ ਬਚਾ ਕੇ ਰੱਖਣਾ ਸੀ। ਇਸ ਵਿੱਚ ਨਿਆਗਰਾ ਐਸਕਾਰਪਮੈਂਟ ਦੇ 8 ਲੱਖ ਏਕੜ ਵੀ ਸ਼ਾਮਲ ਹਨ। ਇਹ ਵਿਸ਼ਵ ਦੀ ਸੱਭ ਤੋਂ ਵੱਡੀ ਕਨੂੰਨ ਦੁਆਰਾ ਸੁਰੱਖਿਅਤ ਕੀਤੀ ਗਈ ਗਰੀਨ ਬੈਲਟ ਹੈ। ਡੱਗ ਫੋਰਡ ਵੱਲੋਂ ਇਸ ਸੰਵੇਦਨਸ਼ੀਲ ਬੈਲਟ ਬਾਰੇ ਸਰਸਰੀ ਗੱਲ ਕਰਨ ਦਾ ਸਿਆਸੀ ਬੰਬ ਬਣਨਾ ਸੁਭਾਵਕ ਸੀ।

ਮੌਜੂਦਾ ਜ਼ਮਾਨੇ ਵਿੱਚ ਵਾਤਾਵਰਣ ਅਤੇ ਸ਼ਹਿਰੀ ਵਿਕਾਸ ਅਜਿਹੇ ਨਾਜ਼ੁਕ ਮੁੱਦੇ ਹਨ ਜਿਹਨਾਂ ਬਾਰੇ ਸਿਆਸਤਦਾਨਾਂ ਨੂੰ ਬਹੁਤ ਬੋਚ ਬੋਚ ਕੇ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਗਰੀਨ ਬੈਲਟ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ। ਇਹ ਨਹੀਂ ਕਿ ਡੱਗ ਫੋਰਡ ਨੇ ਕੋਈ ਅਨੋਖੀ ਜਾਂ ਅਣਹੋਈ ਗੱਲ ਆਖੀ ਹੈ। ਉਸਦਾ ਕਸੂਰ ਬੱਸ ਐਨਾ ਹੈ ਕਿ ਉਸਨੇ ਗਲਤ ਸਮੇਂ ਅਢੁੱਕਵੀ ਗੱਲ ਆਖ ਮਾਰੀ ਹੈ। ਕੋਈ ਸ਼ੱਕ ਨਹੀਂ ਕਿ ਬਹੁਤ ਆਲੋਚਕਾਂ ਦਾ ਖਿਆਲ ਹੈ ਕਿ ਗਰੀਨ ਬੈਲਟ ਦੀ ਮੌਜੂਦਗੀ ਕਾਰਣ ਗਰੇਟਰ ਟੋਰਾਂਟੋ ਏਰੀਆ ਵਿੱਚ ਮਕਾਨਾਂ ਦੀ ਕਿੱਲਤ ਪਾਈ ਜਾਂਦੀ ਹੈ ਅਤੇ ਕੀਮਤਾਂ ਅਸਮਾਨੀਂ ਛੂਹਣ ਲੱਗੀਆਂ ਹਨ।

ਜਦੋਂ ਮੁੱਦੇ ਸਿਆਸੀ ਬਣ ਜਾਂਦੇ ਹਨ ਤਾਂ ਉਹਨਾਂ ਦੇ ਸਰਲ ਹੱਲ ਲੱਭਣੇ ਔਖੇ ਹੋ ਜਾਂਦੇ ਹਨ। ਮਿਸਾਲ ਵਜੋਂ ਪ੍ਰੀਮੀਅਰ ਕੈਥਲਿਨ ਵਿੱਨ ਗਰੀਨ ਬੈਲਟ ਨੂੰ ਬਚਾ ਕੇ ਰੱਖਣ ਦੀ ਹਾਮੀ ਭਰਦੀ ਹੈ ਜੋ ਕਿ ਸਹੀ ਗੱਲ ਵੀ ਹੈ ਪਰ ਉਹ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਹਾਲਟਨ ਰੀਜਨ ਅਤੇ ਟੋਰਾਂਟੋ ਏਰੀਆ ਵਿੱਚ ਗਰੀਨ ਬੈਲਟ ਤੋਂ ਬਾਹਰਵਾਰ ਉਸਦੇ ਰਾਜ ਕਾਲ ਵਿੱਚ ਕਰਮਵਾਰ 6000 ਅਤੇ 1 ਲੱਖ 18 ਹਜ਼ਾਰ ਮਕਾਨ ਬਣਾਉਣ ਦੀ ਇਜ਼ਾਜਤ ਦਿੱਤੀ ਗਈ ਪਰ ਬਿਲਡਰਾਂ ਨੂੰ ਇਹ ਮਕਾਨ ਬਣਾਉਣ ਲਈ ਮਜਬੂਰ ਕਿਉਂ ਨਹੀਂ ਕੀਤਾ ਗਿਆ? ਮਕਾਨਾਂ ਦੀ ਉਸਾਰੀ ਨੂੰ ਜਾਣ ਬੁੱਝ ਕੇ ਰੋਕ ਕੇ ਲੋਕਾਂ ਵਿੱਚ ਅਸੁਰੱਖਿਅਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਬਿਲਡਰਾਂ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਜੋ ਲਿਬਰਲ ਸਰਕਾਰ ਦੇ ਨੱਕ ਥੱਲੇ ਵਾਪਰਦਾ ਰਿਹਾ ਹੈ। ਪਰ ਭਖੇ ਹੋਏ ਸਿਆਸੀ ਮਾਹੌਲ ਵਿੱਚ ਅਜਿਹੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਸਿਆਸੀ ਬਿਆਨਬਾਜ਼ੀ ਵਧੇਰੇ ਮਹੱਤਵ ਰੱਖਦੀ ਹੁੰਦੀ ਹੈ ਜਿਸਦਾ ਖਾਮਿਆਜ਼ਾ ਡੱਗ ਫੋਰਡ ਵਰਗੇ ਘੱਟ ਅਨੁਭਵੀ ਸਿਆਸਤਦਾਨਾਂ ਨੂੰ ਮਹਿੰਗੇ ਭਾਅ ਭੁਗਤਣਾ ਪੈ ਸਕਦਾ ਹੈ।