ਡੱਗ ਫੋਰਡ ਦੀ ਟਿੱਪਣੀ ਵਿੱਚ ਲੁਕੇ ਹਨ ਪਰਵਾਸੀਆਂ ਦੇ ਹਿੱਤ

ਉਂਟੇਰੀਓ ਪ੍ਰੋਗਰੈਸਿਵ ਪਾਰਟੀ ਦੇ ਲੀਡਰ ਡੱਗ ਫੋਰਡ ਨੇ ਨੌਰਥ ਉਂਟੇਰੀਓ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਆਪਣੀ ਪਹੁੰਚ ਬਾਰੇ ਇਹ ਆਖ ਕਿ ਇੱਕ ਨਵੀਂ ਬਹਿਸ ਨੂੰ ਛੇੜ ਦਿੱਤਾ ਹੈ ਕਿ ‘ਪਹਿਲਾਂ ਸਾਨੂੰ ਆਪਣਿਆਂ ਦਾ ਖਿਆਲ ਰੱਖਣ ਦੀ ਲੋੜ ਹੈ’। ਨੌਰਥ ਉਂਟੇਰੀਓ ਵਿੱਚ ਕੁਦਰਤੀ ਸ੍ਰੋਤਾਂ ਦੀ ਭਰਮਾਰ ਅਤੇ ਘੱਟ ਵੱਸੋਂ ਦਾ ਹੋਣਾ ਇੱਕ ਅਹਿਮ ਮੁੱਦਾ ਹੈ ਜਿਸ ਦਾ ਹੱਲ ਲੱਭੇ ਬਗੈਰ ਉਂਟੇਰੀਓ ਦਾ ਸਰਬਪੱਖੀ ਵਿਕਾਸ ਹੋਣਾ ਸੰਭਵ ਨਹੀਂ ਹੈ। ਸਿਆਸੀ ਗਲਿਆਰਿਆਂ ਵਿੱਚ ਇੱਕ ਸੁਝਾਅ ਇਹ ਦਿੱਤਾ ਜਾਂਦਾ ਰਿਹਾ ਹੈ ਕਿ ਐਟਲਾਂਟਿਕ ਕੈਨੇਡਾ (ਨਿਊ ਬਰੱਨਸਵਿੱਕ, ਪ੍ਰਿੰਸ ਐਡਵਾਰਡ ਆਈਲੈਂਟ ਅਤੇ ਨੋਵਾ ਸਕੋਸ਼ੀਆ) ਵੱਲੋਂ ਵੱਧ ਪਰਵਾਸੀਆਂ ਨੂੰ ਲਿਆਉਣ ਲਈ ਅਪਣਾਈ ਰਣਨੀਤੀ ਨੂੰ ਨੌਰਥ ਉਂਟੇਰੀਓ ਦੇ ਵਿਕਾਸ ਲਈ ਵਰਤੇ ਜਾਣ ਦੀ ਲੋੜ ਹੈ। ਇਸ ਰਣਨੀਤੀ ਵਿੱਚ ਨਵੇਂ ਆ ਰਹੇ ਪਰਵਾਸੀਆਂ ਨੂੰ ਘੱਟ ਵੱਸੋਂ ਵਾਲੇ ਇਲਾਕਿਆਂ ਵਿੱਚ ਸਥਾਪਤ ਹੋਣ ਲਈ ਉਤਸ਼ਾਹਿਤ ਕਰਨਾ ਹੈ।

ਡੱਗ ਫੋਰਡ ਵੱਲੋਂ ਕੀਤੀ ਟਿੱਪਣੀ ਦਾ ਵਿਰੋਧੀ ਪਾਰਟੀਆਂ ਵੱਲੋਂ ਇਹ ਅਰਥ ਲਿਆ ਜਾ ਰਿਹਾ ਹੈ ਕਿ ਉਹ ਪਰਵਾਸੀਆਂ ਨੂੰ ਦੂਜੇ ਦਰਜੇ ਦੇ ਨਿਵਾਸੀ ਮੰਨ ਕੇ ਮੁੱਖ ਧਾਰਾ ਦੇ ਕੈਨੇਡੀਅਨਾਂ ਨੂੰ ਵਿਕਾਸ ਦੇ ਅਵਸਰ ਮੁਹਈਆ ਕਰਨ ਦੀ ਗੱਲ ਕਰ ਰਿਹਾ ਹੈ। ਆਪਣੀ ਇਸ ਟਿੱਪਣੀ ਵਿੱਚੋਂ ਉਪਜੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਫੋਰਡ ਅਤੇ ਉਸਦੀ ਕੰਪੇਨ ਟੀਮ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਇੰਮੀਗਰਾਂਟਾਂ ਦੇ ਖਿਲਾਫ਼ ਨਹੀਂ ਸਗੋਂ ਪਰਵਾਸੀਆਂ ਦੇ ਹਿੱਤ ਪੂਰਨ ਵਾਲੇ ਲੋਕ ਹਨ। ਡੱਗ ਫੋਰਡ ਨੇ ਆਖਿਆ ਹੈ ਕਿ ‘ਫੋਰਡ ਨੇਸ਼ਨ’ ਦੀ ਨਫਰੀ ਵਿੱਚ ਇੰਮੀਗਰਾਂਟਾਂ ਦੀ ਭਾਰੀ ਗਿਣਤੀ ਹੈ। ਪਤਾ ਇਹ ਵੀ ਲੱਗਾ ਹੈ ਕਿ ਇਸ ਟਿੱਪਣੀ ਤੋਂ ਬਾਅਦ ਡੱਗ ਫੋਰਡ ਦੀ ਕੰਪੇਨ ਟੀਮ ਨੇ ਪਰਵਾਸੀ ਬਹੁ ਗਿਣਤੀ ਰਾਈਡਿੰਗਾਂ ਵਿੱਚ ਆਪਣੇ ਪ੍ਰਚਾਰ ਨੂੰ ਹੋਰ ਪ੍ਰਚੰਡ ਕਰ ਦਿੱਤਾ ਹੈ ਤਾਂ ਜੋ ਹੋਏ ਨੁਕਸਾਨ ਦੀ ਕਿਸੇ ਹੱਦ ਤੱਕ ਭਰਪਾਈ ਕੀਤੀ ਜਾ ਸਕੇ।

ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ 2011 ਤੋਂ ਬਾਅਦ ਕੈਨੇਡਾ ਦੀ ਜਨਸੰਖਿਆ ਵਿੱਚ 5% ਦਾ ਵਾਧਾ ਹੋਇਆ ਹੈ ਜਿਸ ਬਦੌਲਤ ਕੈਨੇਡਾ ਦੀ ਕੁੱਲ ਜਨਸੰਖਿਆ ਸਾਢੇ ਤਿੰਨ ਕਰੋੜ ਨੂੰ ਪਾਰ ਕਰ ਸਕੀ। ਜਨਸੰਖਿਆ ਵਿੱਚ ਇਸ ਵਾਧੇ ਦਾ ਇੱਕੋ ਇੱਕ ਕਾਰਣ ਪਰਵਾਸੀਆਂ ਦਾ ਵੱਡੀ ਗਿਣਤੀ ਵਿੱਚ ਕੈਨੇਡਾ ਆਉਣਾ ਅਤੇ ਪਰਵਾਸੀ ਪਰਿਵਾਰਾਂ ਵਿੱਚ ਮੁੱਖ ਧਾਰਾ ਦੇ ਕੈਨੇਡੀਅਨਾਂ ਨਾਲੋਂ ਵੱਧ ਬੱਚਿਆਂ ਦਾ ਜਨਮ ਹੋਣਾ ਹੈ। ਕੈਨੇਡਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੰਮੀਗਰਾਂਟਾਂ ਵੱਲੋਂ ਕੈਨੇਡਾ ਪਾਏ ਜਾਣ ਵਾਲੇ ਯੋਗਦਾਨ ਦੀ ਮਹੱਤਤਾ ਨੂੰ ਸਮਝਦੀਆਂ ਹਨ ਅਤੇ ਇਸ ਮੁੱਦੇ ਉੱਤੇ ਸਾਵੀਂ ਪਹੁੰਚ ਅਪਣਾ ਕੇ ਰੱਖਣ ਨੂੰ ਸਹੀ ਰਣਨੀਤੀ ਸਮਝਦੀਆਂ ਹਨ। ਜੇ ਸਟੀਫਨ ਹਾਰਪਰ 11 ਸਾਲ ਦੇ ਕਰੀਬ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਸਕਿਆ ਸੀ ਤਾਂ ਉਸਦਾ ਇੱਕੋ ਇੱਕ ਕਾਰਣ ਇੰਮੀਗਰਾਂਟਾਂ ਵੱਲੋਂ ਦਿੱਤੀ ਗਈ ਹਮਾਇਤ ਸੀ ਜੋ ਕੰਜ਼ਰਵੇਟਿਵਾਂ ਨੂੰ ਬੀਤੇ ਵਿੱਚ ਨਹੀਂ ਸੀ ਮਿਲਦੀ। ਲਿਬਰਲਾਂ ਦੀ ਪਿਛਲੇ ਡੇਢ ਦਹਾਕਿਆਂ ਦੀ ਕਹਾਣੀ ਤਾਂ ਖੈਰ ਹੈ ਹੀ ਪਰਵਾਸੀ ਵੱਲੋਂ ਦਿੱਤੇ ਸਮਰੱਥਨ ਦੀ ਕਹਾਣੀ।

ਮਜ਼ੇਦਾਰ ਗੱਲ ਇਹ ਹੈ ਕਿ ਮੁੱਖ ਧਾਰਾ ਦੇ ਕੈਨੇਡੀਅਨਾਂ ਵਾਗੂੰ ਨਵੇਂ ਪਰਵਾਸੀ ਵੀ ਲੋੜੋਂ ਵੱਧ ਗਿਣਤੀ ਵਿੱਚ ਵੱਡੇ ਸ਼ਹਿਰਾਂ ਵਿੱਚ ਵੱਸਣ ਨੂੰ ਤਰਜੀਹ ਦੇਂਦੇ ਹਨ। ਕੈਨੇਡਾ ਦੀ 83% ਦੇ ਕਰੀਬ ਵੱਸੋਂ ਸ਼ਹਿਰਾਂ ਵਿੱਚ ਵੱਸਦੀ ਹੈ ਜਿਸ ਕਾਰਣ ਦੂਰ ਦੁਰਾਡੇ ਇਲਾਕਿਆਂ ਦੇ ਵਿਕਾਸ ਵਿੱਚ ਖੜੋਤ ਆ ਚੁੱਕੀ ਹੈ। ਆਰਥਕਤਾ ਦਾ ਮਸ਼ੀਨੀਕਰਣ ਹੋਣ ਦੇ ਬਾਵਜੂਦ ਮਨੁੱਖੀ ਵਿਕਾਸ ਸਿੱਧੇ ਰੂਪ ਵਿੱਚ ਜਨਸੰਖਿਆ ਨਾਲ ਜੁੜਿਆ ਹੁੰਦਾ ਹੈ। ਨੌਰਥ ਉਂਟੇਰੀਓ ਦਾ ਵੀ ਇਹੋ ਸੱਚ ਹੈ।

ਲੇਕ ਹੁਰੋਨ (ਜਾਰਜੀਅਨ ਬੇਅ ਤੋਂ ਲੈ ਕੇ), ਫਰੈਂਚ ਰਿਵਰ, ਲੇਕ ਨਿਪਸਿੰਗ ਅਤੇ ਮੱਟਾਵਾ ਰਿਵਰ ਦੇ ਇਲਾਕੇ ਨੌਰਥ ਉਂਟੇਰੀਓ ਦਾ ਹਿੱਸਾ ਬਣਦੇ ਹਨ। ਇਸ ਇਲਾਕੇ ਵਿੱਚ ਸਾਊਥ ਏਸ਼ੀਅਨ ਮਹਿਜ਼ 0.2%, ਬਲੈਕ 0.4%, ਚੀਨੀ 0.4% ਅਤੇ ਲਾਤੀਨੀ ਅਮਰੀਕਨ 0.1% ਹਨ। ਜੇ ਇਹਨਾਂ ਅੰਕੜਿਆਂ ਨੂੰ ਗਰੇਟਰ ਟੋਰਾਂਟੋ ਨਾਲ ਮਿਲਾ ਕੇ ਵੇਖਿਆ ਜਾਵੇ, ਜਿੱਥੇ ਪਰਵਾਸੀਆਂ ਦੀ ਗਿਣਤੀ 50% ਤੋਂ ਵੱਧ ਹੈ, ਤਾਂ ਸਮਝ ਆਉਂਦੀ ਹੈ ਕਿ ਨੌਰਥ ਉਂਟੇਰੀਓ ਵਿੱਚ ਜਾ ਕੇ ਕਿਸ ਨੂੰ ਵੱਸਣਾ ਚਾਹੀਦਾ ਹੈ। ਡੱਗ ਫੋਰਡ ਦੀ ਟਿਪੱਣੀ ‘ਪਹਿਲਾਂ ਸਾਨੂੰ ਆਪਣਿਆਂ ਦਾ ਖਿਆਲ ਰੱਖਣ ਦੀ ਲੋੜ ਹੈ’ ਦਾ ਉਸਨੂੰ ਨੁਕਸਾਨ ਹੋਵੇਗਾ ਜਾਂ ਲਾਭ, ਇੱਕ ਗੱਲ ਪੱਕੀ ਹੈ ਕਿ ਉਸਨੇ ਜਾਣੇ ਅਣਜਾਣੇ ਵਿੱਚ ਪਰਵਾਸੀਆਂ ਦੇ ਹਿੱਤ ਦੀ ਗੱਲ ਕਰ ਦਿੱਤੀ ਹੈ। ਹੁਣ ਅਜਿਹੀ ਸਥਿਤੀ ਪੈਦਾ ਹੋ ਚੁੱਕੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਪਰਵਾਸੀਆਂ ਦੇ ਹਿੱਤਾਂ ਨੂੰ ਹਲਕਾ ਲੈਣ ਦੀ ਸੋਚ ਵੀ ਨਹੀਂ ਸਕਦੀ। ਧੰਨਵਾਦ ਮਿਸਟਰ ਫੋਰਡ!