ਡੱਗ ਫੋਰਡ ਦੀ ਅਗਵਾਈ ’ਚ ਪੀਸੀ ਪਾਰਟੀ ਬਣਾਵੇਗੀ ਨਵੀਂ ਸਰਕਾਰ· ਵਿਰੋਧੀ ਧਿਰ ਦੀ ਆਗੂ ਹੋਵੇਗੀ ਹੌਰਵਥ

*ਲਿਬਰਲ ਪਾਰਟੀ ਤੀਜੇ ਸਥਾਨ ’ਤੇ ਸਿਮਟੀ

ਓਨਟਾਰੀਓ, 7 ਜੂਨ (ਪੋਸਟ ਬਿਊਰੋ): ਹੁਣ ਓਨਟਾਰੀਓ ਪ੍ਰੋਵਿੰਸ ਫੋਰਡ ਨੇਸ਼ਨ ਵਜੋਂ ਜਾਣੀ ਜਾਵੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਨੇ ਵੱਡਾ ਉਲਟਫੇਰ ਕਰਦਿਆਂ ਆਖਿਰਕਾਰ ਲਿਬਰਲਾਂ ਦੇ 15 ਸਾਲਾਂ ਦੇ ਕਾਰਜਕਾਲ ਨੂੰ ਖਤਮ ਕਰ ਹੀ ਦਿੱਤਾ। ਇਸ ਬਾਰੇ ਵੀਰਵਾਰ ਨੂੰ ਹੀ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਸੀ ਕਿ ਐਤਕੀਂ ਲਿਬਰਲ ਪਾਰਟੀ ਦੀ ਥਾਂ ਪੀਸੀ ਪਾਰਟੀ ਆਪਦਾ ਦਬਦਬਾ ਕਾਇਮ ਕਰ ਸਕਦੀ ਹੈ ਤੇ ਉਹ ਸੱਚ ਸਿੱਧ ਹੋਇਆ।ਅਜੇ ਫੋਰਡ ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟ੍ਰਿਕ ਬ੍ਰਾਊਨ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ 10 ਮਾਰਚ ਨੂੰ ਹੀ ਪੀਸੀ ਪਾਰਟੀ ਦੇ ਆਗੂ ਬਣੇ ਸਨ। ਉਨ੍ਹਾਂ ਆਪਣੀ ਜਿੱਤ ਦੀ ਖੁਸ਼ੀ ਵਿੱਚ ਆਖਿਆ ਕਿ ਓਨਟਾਰੀਓ ਲਈ ਇਹ ਤਬਦੀਲੀ ਦਾ ਖੂਬਸੂਰਤ ਦਿਨ ਹੈ। ਉਨ੍ਹਾਂ ਇਟੋਬੀਕੋ ਵਿੱਚ ਦਿਨ ਵੇਲੇ ਆਪਣੀ ਵੋਟ ਪਾਈ। ਐਨਡੀਪੀ ਆਗੂ ਐਂਡਰੀਆ ਹੌਰਵਥ ਵੀ ਓਪੀਨੀਅਨ ਪੋਲ ਵਿੱਚ ਪਸੰਦੀਦਾ ਆਗੂ ਵਜੋਂ ਨਿੱਤਰ ਕੇ ਸਾਹਮਣੇ ਆਈ ਤੇ ਇੱਕ ਵਾਰੀ ਤਾਂ ਉਸ ਦੇ ਵੀ ਪ੍ਰੀਮੀਅਰ ਬਣਨ ਦੀ ਸੰਭਾਵਨਾ ਕਾਫੀ ਜਿ਼ਆਦਾ ਵੱਧ ਗਈ ਸੀ। ਪਰ ਹੁਣ ਹੌਰਵਥ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਹੋਵੇਗੀ। 9:00 ਵਜੇ ਚੋਣਾਂ ਖਤਮ ਹੋਣ ਤੋਂ ਪਹਿਲਾਂ ਹੌਰਵਥ ਨੇ ਆਖਿਆ ਕਿ ਅੱਜ ਰਾਤ ਨਤੀਜਾ ਕੋਈ ਵੀ ਹੋਵੇ, ਉਨ੍ਹਾਂ ਨੂੰ ਆਪਣੀ ਟੀਮ ਉੱਤੇ ਪੂਰਾ ਮਾਣ ਹੈ।2003 ਵਿੱਚ ਟੋਰੀਜ਼ ਨੂੰ ਭਾਂਜ ਦੇਣ ਵਾਲੀ ਡਾਲਟਨ ਮੈਗਿੰਟੀ ਸਰਕਾਰ ਦੀ ਜਾਨਸ਼ੀਨ ਵਿੰਨ ਦੀ ਪਾਰਟੀ ਹੁਣ ਸੁੰਗੜ ਕੇ ਤੀਜੀ ਧਿਰ ਬਣ ਕੇ ਰਹਿ ਗਈ ਹੈ। ਇਸ ਦੌਰਾਨ ਗਿਊਲਫ ਵਿੱਚ ਜਿੱਤਣ ਮਗਰੋਂ ਗ੍ਰੀਨ ਪਾਰਟੀ ਆਗੂ ਮਾਈਕ ਸਰੇਨਰ ਨੇ ਐਮਪੀਪੀ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਇੱਕ ਲਿਹਾਜ ਨਾਲ ਜੇ ਵੇਖਿਆ ਜਾਵੇ ਤਾਂ ਫੋਰਡ ਅਚਾਨਕ ਬਣੇ ਪ੍ਰੀਮੀਅਰ ਹਨ। ਬ੍ਰਾਊਨ ਦੇ ਜਾਣ ਤੋਂ ਪਹਿਲਾਂ ਉਹ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਖਿਲਾਫ ਅਕਤੂੁਬਰ ਵਿੱਚ ਖੜ੍ਹੇ ਹੋਣ ਦੀ ਤਿਆਰੀ ਕਰ ਰਹੇ ਸਨ।