ਡੰਡਿਆਂ ਦੀ ਮਾਰ ਤੇ ਗੁਰੂ-ਚੇਲਾ ਸਬੰਧ


-ਧਿਆਨ ਸਿੰਘ ਸ਼ਾਹ ਸਿਕੰਦਰ

ਦਫਤਰਾਂ ‘ਚ ਬੈਠੇ ਬਾਬੂਆਂ ਨੂੰ, ਠਾਣਿਆਂ ‘ਚ ਬੈਠੇ ਪੁਲਸੀਆਂ, ਬੱਸਾਂ ‘ਚ ਚੱਲਦੇ ਡਰਾਈਵਰਾਂ-ਕੰਡਕਟਰਾਂ ਨੂੰ ਪਤਾ ਨਹੀਂ ਸੁਹਿਰਦਤਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਕਿ ਨਹੀਂ, ਪਰ ਸਕੂਲਾਂ ਦੇ ਅਧਿਆਪਕਾਂ ਨੂੰ ਟੀਚਰ ਟਰੇਨਿੰਗ ਦੌਰਾਨ ਬੱਚਿਆਂ ਪ੍ਰਤੀ ਸੁਹਿਰਦ ਤੇ ਸੰਵੇਦਨਸ਼ੀਲ ਵਰਤਾਰੇ ਲਈ ਅਵੱਸ਼ ਪੱਕਿਆਂ ਕੀਤਾ ਜਾਂਦਾ ਹੈ। ਜਿਸਮਾਨੀ ਸਜ਼ਾ ਜਾਂ ਕੁੱਟਮਾਰ ਨੂੰ ਇੱਕ ਗੁਨਾਹ ਗਰਦਾਨਿਆ ਜਾਂਦਾ ਹੈ। ਫੇਰ ਵੀ ਜਦੋਂ ਅਧਿਆਪਕ ਸਕੂਲ ਵਿੱਚ ਪ੍ਰਵੇਸ਼ ਕਰਦਾ ਹੈ, ਓਹੋ ਧੌਲ-ਧੱਫਾ, ਓਹੋ ਸੋਟੀ-ਡੰਡਾ ਪੜ੍ਹਾਈ-ਸਿਖਲਾਈ ਦਾ ਸਹਾਇਕ ਸਾਧਨ ਬਣ ਜਾਂਦਾ ਹੈ। ਪਤਾ ਨਹੀਂ ਇਹਦੇ ਲਈ ਅਧਿਆਪਕ ਦੀ ਕੋਈ ਆਪਣੀ ਊਣ ਜ਼ਿੰਮੇਵਾਰੀ ਹੁੰਦੀ ਹੈ ਕਿ ਪ੍ਰਸਥਿਤੀਆਂ ਅਜਿਹਾ ਕਰਾਉਂਦੀਆਂ ਹਨ ਕਿ ਜਾਂ ਦੋਵੇਂ ਕਾਰਨ ਕਾਰਗਰ ਹੁੰਦੇ ਹਨ?
ਖੈਰ, ਕਦੇ-ਕਦਾਈਂ ਕੋਈ ਵਿਕੋਲਿਤਰੀ ਉਦਾਹਰਣ ਵੀ ਵੇਖਣ ਨੂੰ ਮਿਲ ਜਾਂਦੀ ਹੈ।
ਗੱਲ ਵਾਹਵਾ ਪੁਰਾਣੀ ਹੈ, ਜਦੋਂ ਅਸੀਂ ਦਸਵੀਂ ‘ਚ ਪੜ੍ਹਦੇ ਹੁੰਦੇ ਸਾਂ। ਬਾਈ ਮੁੰਡਿਆਂ ਦਾ ਸਾਡਾ ਸੈਕਸ਼ਨ ‘ਏ’, ਪੇਂਡੂਆਂ ਦੀ ਜਮਾਤ ਤੇ ਅੰਗਰੇਜ਼ੀ ਵਿੱਚ ਮਹਾਂ ਨਾਲਾਇਕ। ਹੈਡਮਾਸਟਰ ਕੇਹਰ ਸਿੰਘ ਵਰਗੇ ਜ਼ਹੀਨ ਇੰਗਲਿਸ਼ ਟੀਚਰ ਵੀ ਮੱਥਾ ਮਾਰ ਥੱਕੇ ਸਨ, ਅਸੀਂ ਟੱਸ ਤੋਂ ਮੱਸ ਨਹੀਂ ਸਾਂ ਹੋਏ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇੱਕ ਨਵੇਂ ਇੰਗਲਿਸ਼ ਟੀਚਰ ਹਰਬੰਸ ਸਿੰਘ ਨੇ ਸਕੂਲ ਜਾਇਨ ਕੀਤਾ। ਇੰਕ ਚੈਲੰਜ ਵਾਂਗ ਸਾਡੀ ਕਲਾਸ ਉਨ੍ਹਾਂ ਨੂੰ ਸੌਂਪ ਦਿੱਤੀ ਗਈ।
ਮਾਸਟਰ ਹਰਬੰਸ ਸਿੰਘ ਹੁਰਾਂ ਪਹਿਲੇ ਦਿਨ ਹੀ ਘੋਸ਼ਣਾ ਕਰ ਦਿੱਤੀ, ‘ਕਾਕਿਓ, ਤੁਹਾਨੂੰ ਬਿਨਾਂ ਕਿਸੇ ਕੁੱਟ-ਮਾਰ, ਪਿਆਰ ਨਾਲ ਪੜ੍ਹਾਵਾਂਗਾ। ਭਾਵੇਂ ਇਮਤਿਹਾਨਾਂ ਵਿੱਚ ਛੇ ਮਹੀਨਿਆਂ ਤੋਂ ਘੱਟ ਵਕਤ ਰਹਿ ਗਿਆ ਹੈ। ਮੈਂ ਫੇਰ ਵੀ ਚਾਹਾਂਗਾ ਕਿ ਤੁਸੀਂ ਸਾਰੇ ਪਾਸ ਹੋਵੋ। ਏਨਾ ਹੀ ਨਹੀਂ ਮੈਂ ਤੁਹਾਡੇ ਮਨਾਂ ‘ਚੋਂ ਅੰਗਰੇਜ਼ੀ ਦਾ ਭੈਅ ਦੂਰ ਕਰ ਕੇ ਅੰਗਰੇਜ਼ੀ ਨਾਲ ਮੋਹ ਪੈਦਾ ਕਰ ਦੇਵਾਂਗਾ। ਤੁਸੀਂ ਆਪੋ ਵਿੱਚ ਵੀ ਅੰਗਰੇਜ਼ੀ ਵਿੱਚ ਗੱਲ ਕਰਨ ਜੋਗੇ ਹੋ ਜਾਵੋਗੇ। ਮੈਨੂੰ ਸਿਰਫ ਤੁਹਾਡੇ ਸਾਥ ਦੀ ਲੋੜ ਹੈ।’
ਸਾਡੇ ਲਈ ਇਹ ਬਿਲਕੁਲ ਓਪਰੀ ਜਿਹੀ ਤੇ ਨਾ ਮੰਨਣ ਯੋਗ ਗੱਲ ਸੀ। ਅਸੀਂ ਮਾਸਟਰ ਦਲੀਪ ਸਿੰਘ ਦੇ ਗਿੱਝੇ ਹੋਏ ਸਾਂ, ਜਿਸ ਨੇ ਕਲਾਸ ‘ਚ ਆਉਂਦਿਆਂ ਹੀ ਕਹਿਣਾ, ‘ਇਹ ਸੱਤ ਸਮੁੰਦਰਾਂ ਪਾਰ ਦੀ ਭਾਸ਼ਾ! ਇਹ ਓਦਾਂ ਈ ਡੰਡੇ ਮਾਰ ਕੇ ਮੁਲਕ ‘ਚੋਂ ਕੱਢ ਦਿਆਂਗੇ, ਜਿੱਦਾਂ ਅਸਾਂ ਅੰਗਰੇਜ਼ਾਂ ਨੂੰ ਕੱਢਿਆ ਹੈ।’ ਫੇਰ ਸਾਨੂੰ ਡੰਡੇ ਦੇ ਜ਼ੋਰ ‘ਤੇ ਇੰਗਲਿਸ਼ ਟਰਾਂਸਲੇਸ਼ਨ ਨੂੰ ਘੋਟਾ ਲੁਆਉਣ ਲੱਗ ਪੈਣਾ।
ਮਾਸਟਰ ਹਰਬੰਸ ਸਿੰਘ ਹੁਰਾਂ ਦਾ ਢੰਗ ਅਲੋਕਾਰ ਸੀ। ਉਨ੍ਹਾਂ ਦੀ ਸੁਹਿਰਦਤਾ, ਮਿਹਨਤ, ਲਗਨ, ਪੜ੍ਹਾਉਣ ਦਾ ਦਿਲਚਸਪ ਤੇ ਸੁਚਾਰੂ ਢੰਗ ਤੇ ਵਿਦਿਆਰਥੀਆਂ ਪ੍ਰਤੀ ਮੋਹ, ਸਭ ਕਮਾਲ ਦੀ ਗੱਲ ਸੀ। ਸਾਨੂੰ ਇਹ ਆਪਣੇ ਮਾਪਿਆਂ ਨਾਲੋਂ ਚੰਗੇ ਲੱਗਣ ਲੱਗ ਪਏ। ਸਵੇਰੇ ਸ਼ਾਮ ਓਵਰ ਟਾਈਮ, ਵਿਹਲੇ ਪੀਰੀਅਡ ਵੀ ਅੰਗਰੇਜ਼ੀ ਨਮਿਤ, ਛੁੱਟੀ ਵਾਲੇ ਦਿਨ ਵੀ ਸਕੂਲੇ ਹਾਜ਼ਰੀ, ਸਿਲੇਬਸ ਵੀ ਮੁਕਾਉਣਾ ਸੀ। ਇਹ ਸਾਰਾ ਕੁਝ ਚਾਅ ਜਿਹੇ ਨਾਲ ਹੋਣ ਲੱਗ ਪਿਆ। ਸਾਨੂੰ ਮਾਸਟਰ ਹਰਬੰਸ ਸਿੰਘ ਹੁਰਾਂ ਦੀ ਸੰਗਤ ਸੁਹਾਵਣੀ ਲੱਗਣ ਲੱਗ ਪਈ।
ਦੋ ਕੁ ਮਹੀਨਿਆਂ ਵਿੱਚ ਕਲਾਸ ਰਵਾਂ ਹੋ ਤੁਰੀ। ਇੱਕ ਅਗਰਧੂਤ ਜੈਲਾ (ਜਰਨੈਲ ਸਿੰਘ) ਸੀ, ਜੋ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਤਕੜਾ, ਸਿਹਤਮੰਦ, ਧੁੱਸਰ, ਕਬੱਡੀ ਦਾ ਸਿਖਰ ਦਾ ਖਿਲਾੜੀ, ਪਰ ਅਲਗਰਜ ਰੱਜ ਕੇ। ਹਿਸਾਬ ਦੇ ਟੀਚਰ ਨੇ ਜਦੋਂ ਖਿਝ ਕੇ ਉਹਦੇ ‘ਤੇ ਥੱਪੜਾਂ, ਹੂਰਿਆਂ ਦਾ ਮੀਂਹ ਵਰ੍ਹਾਉਣਾ ਤਾਂ ਨਾਲ ਕਹੀ ਜਾਣਾ, ‘ਜ਼ਮੀਂ ਜੁੰਬਦ ਨਾ ਜੁੰਬਦ, ਗੁਲ ਮੁਹੰਮਦ ਨਾ ਜੁੰਬਦ।’ (ਧਰਤੀ ਹਿੱਲ ਜਾਵੇ ਤਾਂ ਹਿੱਲ ਜਾਵੇ, ਗੁਲ ਮੁਹੰਮਦ ਹੁਰੀ ਨਹੀਂ ਹਿੱਲਣਗੇ।) ਏਸ ਗੁਲ ਮੁਹੰਮਦ ਨੇ ਨੀਵੀਂ ਪਾ ਕੇ ਕੁੱਟ ਖਾਈ ਜਾਣੀ ਤੇ ਮਿੰਨਾ-ਮਿੰਨਾ ਮੁਸਕੁਰਾਈ ਜਾਣਾ, ਜਿਵੇਂ ਕੁੱਟ ਉਹਦੀ ਸਿਹਤ ਲਈ ਮੁਫੀਦ ਹੋਵੇ।
ਮਾਸਟਰ ਹਰਬੰਸ ਸਿੰਘ ਹੁਰੀਂ ਵੀ ਆਪਣਾ ਟਿੱਲ ਲਾ ਹਟੇ, ਪਰ ਜੈਲੇ ਨੇ ਆਪਣੀ ਚਾਲ ਉਕੀ ਨਾ ਬਦਲੀ। ਨਾ ਕੁਝ ਸਮਝਣਾ, ਨਾ ਕੁਝ ਕਰਨਾ।
ਆਖਰ ਕੋਈ ਇਨਸਾਨ ਕਿੰਨਾ ਕੁ ਸਬਰ ਕਰ ਸਕਦਾ ਹੈ। ਇੱਕ ਦਿਨ ਮਾਸਟਰ ਹੁਰਾਂ ਦੇ ਸਬਰ ਦਾ ਪਿਆਲਾ ਨੱਕੋ-ਨੱਕ ਭਰ ਗਿਆ। ਜੈਲੇ ਦੀ ਕੋਰੀ ਤਖਤੀ ‘ਤੇ ਇੱਕ ਅੱਖਰ ਵੀ ਨਹੀਂ ਸੀ ਲਿਖ ਹੋਇਆ। ਮਾਸਟਰ ਜੀ ਸਟਪਟਾ ਉਠੇ, ‘ਜਾਹ ਓਏ ਜੁਗਿੰਦਰਾ, ਦਫਤਰੋਂ ਹੈਡਮਾਸਟਰ ਸਾਹਬ ਵਾਲਾ ਬੈਂਤ ਚੁੱਕ ਲਿਆ।’ ਮਨੀਟਰ ਨੂੰ ਹੁਕਮ ਹੋ ਗਿਆ।
ਇਹ ਬੈਂਤ ਖਾਸ-ਖਾਸ ਵੇਲਿਆਂ ‘ਤੇ ਵਰਤਿਆ ਜਾਂਦਾ ਸੀ। ਬੈਂਤ ਆ ਗਿਆ। ਕਲਾਸ ਹੱਕੜੀ-ਬੱਕੜੀ, ਸੁੰਨ-ਮਸੁੰਨ ਅੱਜ ਕੀ ਵਾਪਰੇਗਾ?
ਅੱਜ ਮਾਸਟਰ ਜੀ ਦਾ ਪ੍ਰਣ ਟੁੱਟ ਜਾਵੇਗਾ?
ਅੱਜ ਜੈਲੇ ਦੀ ਕੀ ਗਤ ਬਣੇਗੀ?
ਮਾਸਟਰ ਜੀ ਦੇ ਹੁਕਮ ‘ਤੇ ਜੈਲੇ ਨੇ ਸੱਜਾ ਹੱਥ ਅੱਗੇ ਕਰ ਦਿੱਤਾ। ਮਾਸਟਰ ਜੀ ਨੇ ਬੈਂਤ ਸਿਰੋਂ ਉਤਾਂਹ ਉਲਾਰਿਆ, ਸਾਡੇ ਸਾਹ ਸੂਤੇ ਗਏ। ਬੈਂਤ ਬਾਜ ਦੇ ਝਪਟੇ ਵਾਂਗ ਹੇਠਾਂ ਆਣ ਵੱਜਾ, ਇੱਕ-ਦੋ-ਤਿੰਨ, ਚਾਰ, ਪਰ ਜੈਲੇ ਦੇ ਹੱਥ ‘ਤੇ ਨਹੀਂ, ਮਾਸਟਰ ਜੀ ਦੇ ਆਪਣੇ ਖੱਬੇ ਹੱਥ ‘ਤੇ। ਫੇਰ ਮਾਸਟਰ ਜੀ ਨੇ ਬੈਂਤ ਜ਼ਮੀਨ ‘ਤੇ ਵਗਾਹ ਮਾਰਿਆ ਅਤੇ ਅੱਖਾਂ ‘ਚ ਗਲੇਡੂ ਭਰ ਕੇ ਏਨਾ ਕੁ ਹੀ ਬੋਲੇ, ‘ਨਾਲਾਇਕ ਤੂੰ ਨਹੀਂ ਪੁੱਤਰਾ, ਨਾਲਾਇਕ ਤਾਂ ਮੈਂ ਹਾਂ, ਜੋ ਤੈਨੂੰ ਲੀਹ ‘ਤੇ ਨਹੀਂ ਲਿਆ ਸਕਿਆ।’
ਮਾਸਟਰ ਜੀ ਦਾ ਸਾਰਾ ਵਜੂਦ ਕੰਬ ਰਿਹਾ ਸੀ। ਉਹ ਚੁੱਪ ਚੁਪੀਤੇ ਕਲਾਸੋਂ ਬਾਹਰ ਨਿਕਲ ਗਏ ਤੇ ਅਧਿਆਪਕਾਂ ਦੇ ਬਹਿਣ ਲਈ ਸਿਹਨ ‘ਚ ਬਣੇ ਚਬੂਤਰੇ ‘ਚ ਬੈਂਚ ‘ਤੇ ਜਾ ਬੈਠੇ।
ਕੁਝ ਮਿੰਟ ਤਾਂ ਸਾਨੂੰ ਹੋਸ਼ ਨਾ ਰਹੀ ਕਿ ਇਹ ਬਣ ਕੀ ਗਿਆ। ਫਿਰ ਕੁਝ ਹਿੱਲ-ਜੁੱਲ ਸ਼ੁਰੂ ਹੋਈ। ‘ਉਠੋ, ਓਏ ਬੇਵਕੂਫੋ, ਮਾਸਟਰ ਜੀ ਨੂੰ ਮਨਾਈਏ।’ ਕਲਾਸ ਦੇ ਸਭ ਤੋਂ ਲਾਇਕ ਮੁੰਡੇ ਸਰਬਜੀਤ ਨੇ ਮੋਹਰ ਖਿੱਚੀ। ਅੱਗੇ-ਅੱਗੇ ਸਰਬਜੀਤ, ਮਗਰ-ਮਗਰ ਸਾਰੀ ਕਲਾਸ ਤੇ ਅਖੀਰ ‘ਤੇ ਜੈਲਾ ਜਾ ਚਬੂਤਰੇ ਕੋਲ ਪੁੱਜੇ।
‘ਮਾਸਟਰ ਜੀ, ਸਾਡੀ ਗਲਤੀ ਮਾਫ ਕਰ ਦਿਓ। ਅਸੀਂ ਜੈਲੇ ਨੂੰ ਆਪੇ ਠੀਕ ਕਰ ਲਵਾਂਗੇ ਜੀ। ਕਿਰਪਾ ਕਰ ਕੇ ਕਲਾਸ ‘ਚ ਚੱਲੋ ਜੀ।’ ਸਰਬਜੀਤ ਨੇ ਤਰਲਾ ਕੀਤਾ। ਮਾਸਟਰ ਜੀ ਚੁੱਪ-ਚਾਪ, ਉਦਾਸ, ਉਵੇਂ ਹੀ ਊਂਧੀ ਪਾਈ ਬੈਠੇ ਰਹੇ। ਹੋਰ ਕੁਝ ਮੁੰਡਿਆਂ ਨੇ ਵੀ ਮਿੰਨਤਾਂ ਕੀਤੀਆਂ। ਮਾਸਟਰ ਜੀ ਨੇ ਨਾ ਸਿਰ ਚੁੱਕਿਆ, ਨਾ ਕੋਈ ਬੋਲ ਮੂੰਹੋਂ ਕੱਢਿਆ।
ਏਨੇ ਨੂੰ ਜੈਲੇ ਨੂੰ ਪਤਾ ਨਹੀਂ ਕੀ ਸੁੱਝਿਆ, ਉਹ ਭੀੜ ਨੂੰ ਚੀਰਦਾ ਹੋਇਆ ਮਾਸਟਰ ਜੀ ਕੋਲ ਪੁੱਜਾ ਤੇ ਮਾਸਟਰ ਜੀ ਦੇ ਗੋਡਿਆਂ ‘ਤੇ ਸਿਰ ਰੱਖ ਕੇ ਭੁੱਬੀਂ-ਭੁੱਬੀਂ ਰੋਣ ਲੱਗ ਪਿਆ। ਬੱਸ ਫੇਰ ਕੀ ਸੀ, ਸਾਰੀ ਕਲਾਸ ਦੇ ਅੱਥਰੂ ਪਰਲ-ਪਰਲ ਵਗਣ ਲੱਗ ਪਏ। ਕੋਈ ਵੀ ਅੱਖ ਸੁੱਕੀ ਨਾ ਰਹੀ। ਮਾਸਟਰ ਜੀ ਨੇ ਸਿਰ ਚੁੱਕਿਆ। ਉਨ੍ਹਾਂ ਦੀਆਂ ਅੱਖੋਂ ‘ਚੋਂ ਵੀ ਸਾਉਣ-ਭਾਦੋਂ ਦੀ ਝੜੀ ਲੱਗੀ ਹੋਈ ਸੀ।
‘ਜੈਲਿਆ! ਕੱਲ੍ਹ ਨੂੰ ਮੈਂ ਤੁਹਾਡੀ ਕਲਾਸ ‘ਚ ਬਾਕਾਇਦਾ ਆ ਜਾਵਾਂਗਾ।’ ਜੈਲੇ ਦਾ ਸਿਰ ਪਲੋਸਦਿਆਂ ਮਾਸਟਰ ਜੀ ਮਸਾਂ ਇੰਨਾ ਕੁ ਹੀ ਬੋਲ ਸਕੇ ਸਨ। ਮੇਰਾ ਖਿਆਲ ਹੈ ਮੈਨੂੰ ਇਹ ਦੱਸਣ ਦੀ ਕੀ ਲੋੜ ਹੈ ਕਿ ਦੱਸਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਅੰਗਰੇਜ਼ੀ ‘ਚੋਂ ਜ਼ੈਲੇ ਸਮੇਤ ਅਸੀਂ ਸਾਰੇ ਹੀ ਚੰਗੇ ਨੰਬਰਾਂ ‘ਚ ਪਾਸ ਹੋ ਗਏ ਸਾਂ।