ਡੌਮੀਨੀਕ ਲੀਬਲਾਂਕ ਨੂੰ ਲਿਊਕੀਮੀਆ ਦੀ ਸਿ਼ਕਾਇਤ


ਅਗਲੇ ਹਫਤੇ ਤੋਂ ਕਰਵਾਉਣਗੇ ਇਲਾਜ ਸ਼ੁਰੂ
ਓਟਵਾ, 6 ਦਸੰਬਰ (ਪੋਸਟ ਬਿਊਰੋ) : ਫਿਸ਼ਰੀਜ਼ ਤੇ ਓਸ਼ਨਜ਼ ਸਬੰਧੀ ਫੈਡਰਲ ਮੰਤਰੀ ਡੌਮੀਨੀਕ ਲੀਬਲਾਂਕ ਨੂੰ ਲਿਊਕੀਮੀਆ ਦੀ ਸਿ਼ਕਾਇਤ ਦੱਸੀ ਗਈ ਹੈ ਤੇ ਉਹ ਅਗਲੇ ਹਫਤੇ ਆਪਣਾ ਇਲਾਜ ਸ਼ੁਰੂ ਕਰਵਾਉਣਗੇ। ਇਸ ਦੇ ਬਾਵਜੂਦ ਲੰਮੇਂ ਸਮੇਂ ਤੋਂ ਸਿਆਸਤ ਦੇ ਖੇਤਰ ਨਾਲ ਜੁੜੇ ਲੀਬਲਾਂਕ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਬਿਮਾਰੀ ਲਈ ਝੂਰਨ ਜਾਂ ਅਫਸੋਸ ਕਰਨ ਦਾ ਸਮਾਂ ਨਹੀਂ ਹੈ।
ਲੀਬਲਾਂਕ ਨੂੰ ਪਿਛਲੇ ਸਾਲ ਅਪਰੈਲ ਵਿੱਚ ਲਿੰਫੋਸਾਈਟਿਕ ਲਿਊਕੀਮੀਆ ਦੱਸਿਆ ਗਿਆ ਸੀ। ਉਨ੍ਹਾਂ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਕੁੱਝ ਟੈਸਟ ਕਰਵਾਉਣ ਅਤੇ ਆਪਣੀ ਸਾਲਾਨਾ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਡਾਕਟਰ ਨੇ ਸ਼ਰੀਰ ਵਿੱਚ ਵਾੲ੍ਹੀਟ ਬਲੱਡ ਸੈੱਲਜ਼ ਵੱਧ ਹੋਣ ਸਬੰਧੀ ਦੱਸਿਆ। ਬੁੱਧਵਾਰ ਦੁਪਹਿਰ ਨੂੰ ਪਾਰਲੀਆਮੈਂਟ ਹਿੱਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੀਬਲਾਂਕ ਨੇ ਦੱਸਿਆ ਕਿ ਡਾਕਟਰਾਂ ਨੇ ਪਾਇਆ ਕਿ ਕੁੱਝ ਸਾਲਾਂ ਤੋਂ ਉਨ੍ਹਾਂ ਨੂੰ ਇਹ ਦਿੱਕਤ ਹੈ।
ਲੀਬਲਾਂਕ ਅਗਲੇ ਹਫਤੇ ਤੋਂ ਆਪਣਾ ਇਲਾਜ ਸ਼ੁਰੂ ਕਰਵਾਉਣਗੇ। ਉਨ੍ਹਾਂ ਦੇ ਡਾਕਟਰ ਨੇ ਦੱਸਿਆ ਕਿ ਮੰਤਰੀ ਆਪਣੇ ਇਲਾਜ ਦਾ ਸ਼ਡਿਊਲ ਇਸ ਤਰ੍ਹਾਂ ਬਣਾਉਣ ਬਾਰੇ ਸੋਚ ਰਹੇ ਹਨ ਕਿ ਉਨ੍ਹਾਂ ਦੇ ਕੰਮ ਉੱਤੇ ਇਸ ਦਾ ਘੱਟ ਤੋਂ ਘੱਟ ਅਸਰ ਪਵੇ। ਮੰਤਰੀ ਨੇ ਆਖਿਆ ਕਿ ਉਹ ਆਪਣੀ ਨਾਰਮਲ ਰੁਟੀਨ ਬਣਾਈ ਰੱਖਣਗੇ ਤੇ ਉਨ੍ਹਾਂ ਹੋਰਨਾਂ ਲੋਕਾਂ ਵਾਂਗ ਹੀ ਵਿਚਰਨਗੇ ਜਿਨ੍ਹਾਂ ਨੂੰ ਇਹ ਦਿੱਕਤ ਹੈ। ਉਹ ਆਪਣੇ ਆਪ ਲਈ ਦੁੱਖ ਮਨਾਉਂਦੇ ਹੋਏ ਬਹੁਤਾ ਸਮਾਂ ਆਪਣੇ ਘਰ ਵਿੱਚ ਨਹੀਂ ਗੁਜ਼ਾਰਨ ਵਾਲੇ।
ਉਨ੍ਹਾਂ ਨੂੰ ਮਹੀਨੇ ਦੇ ਦੋ ਦਿਨ ਮੌਂਕਟਨ ਹਸਪਤਾਲ ਤੋਂ ਕੀਮੋਥੈਰੇਪੀ ਕਰਵਾਉਣੀ ਹੋਵੇਗੀ। ਲੀਬਲਾਂਕ ਨੇ ਇਹ ਵੀ ਆaਖਿਆ ਕਿ ਉਹ ਆਪਣੀ ਸਿਹਤ ਸਬੰਧੀ ਦਿੱਕਤ ਜਨਤਕ ਤੌਰ ਉੱਤੇ ਸਾਹਮਣੇ ਨਹੀਂ ਸੀ ਲਿਆਉਣਾ ਚਾਹੁੰਦੇ। ਲੀਬਲਾਂਕ 2000 ਤੋਂ ਲਿਬਰਲ ਐਮਪੀ ਹਨ। ਉਹ ਨਿਊ ਬਰੰਜ਼ਵਿੱਕ ਦੇ ਬੀਊਸੇਜ਼ੋਰ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ਉੱਤੇ ਆਖਿਆ ਕਿ ਲੀਬਲਾਂਕ ਨੂੰ ਉਹ ਪੂਰਾ ਸਹਿਯੋਗ ਦੇਣਗੇ। ਇੱਥੇ ਦੱਸਣਾ ਬਣਦਾ ਹੈ ਕਿ ਦੋਵੇਂ ਲੰਮੇਂ ਸਮੇਂ ਤੋਂ ਚੰਗੇ ਦੋਸਤ ਹਨ।