ਡੋਨਾਲਡ ਟਰੰਪ ਨੇ ਐਫ ਬੀ ਆਈ ਏਜੰਟ ਨੂੰ ਦੇਸ਼-ਧਰੋਹੀ ਕਹਿ ਦਿੱਤਾ


ਵਾਸ਼ਿੰਗਟਨ, 12 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ ਬੀ ਆਈ ਏਜੰਟ ਪੀਟਰ ਸਟਰੋਕ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਿਸ਼ੇਸ਼ ਕੌਂਸਲ ਰੋਬਰਟ ਮੂਲਰ ਦੀ ਟੀਮ ਨਾਲ ਕੰਮ ਕਰਦੇ ਵਕਤ ਉਨ੍ਹਾਂ ਨੇ ਅਮਰੀਕਾ ਨਾਲ ਦੇਸ਼-ਧਰੋਹ ਕੀਤਾ ਹੈ। ਇਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਕ ਹੋਰ ਐਫ ਬੀ ਆਈ ਏਜੰਟ ਲੀਜ਼ਾ ਪੇਜ ਨੂੰ ਟਰੰਪ ਵਿਰੋਧੀ ਸੰਦੇਸ਼ ਭੇਜਣ ਦੇ ਦੋਸ਼ ਵਿਚ ਐਫ ਬੀ ਆਈ ਏਜੰਟ ਪੀਟਰ ਸਟਰੋਕ ਨੂੰ ਪਿਛਲੇ ਸਾਲ ਗਰਮੀਆਂ ਵਿਚ ਮੂਲਰ ਦੀ ਜਾਂਚ ਕਰਤਾ ਟੀਮ ਤੋਂ ਹਟਾ ਦਿੱਤਾ ਗਿਆ ਸੀ।
ਵਰਨਣ ਯੋਗ ਹੈ ਕ ਲੀਜ਼ਾ ਅਤੇ ਪੀਟਰ ਵਿਚਾਲੇ ਪ੍ਰੇਮ ਸਬੰਧ ਸਨ। ਪੀਟਰ ਨੇ ਸੰਦੇਸ਼ ਵਿਚ ਲਿਖਿਆ ਸੀ ਕਿ ਟਰੰਪ ਦੇ ਜਿੱਤਣ ਦੀ ਕੋਈ ਆਸ ਨਹੀਂ, ਪਰ ਜੇ ਉਹ ਜਿੱਤ ਗਏ ਤਾਂ ਸਾਨੂੰ ਬੀਮਾ-ਯੋਜਨਾ ਦੀ ਲੋੜ ਹੋਵੇਗੀ ਕਿਉਂਕਿ ਅਸੀਂ ਇਹ ਜੋਖਮ ਨਹੀਂ ਲੈ ਸਕਦੇ। ਪੀਟਰ ਸਟਰੋਕ ਨੇ ਪਿਛਲੇ ਸਾਲ ਗਰਮੀਆਂ ਵਿਚ ਵਿਸ਼ੇਸ਼ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਅਤੇ ਮਨੁੱਖੀ ਸਰੋਤ ਵਿਭਾਗ ਵਿਚ ਉਨ੍ਹਾਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਟਰੰਪ ਨੂੰ ਈਡੀਅਟ ਕਹਿਣ ਵਾਲਾਂ ਲੀਜਾ ਪੇਜ ਨੇ ਵੀ ਵਿਸ਼ੇਸ਼ ਕੌਂਸਲ ਟੀਮ ਛੱਡ ਦਿੱਤੀ ਸੀ।
ਹੁਣ ਟਰੰਪ ਨੇ ਸਟਰੋਕ ਉੱਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਧਰੋਹੀ ਦੱਸਦੇ ਹੋਏੇ ਕਿਹਾ ਕਿ ਉਹ ਵਿਅਕਤੀ ਆਪਣੀ ਪ੍ਰੇਮਿਕਾ ਨੂੰ ਸੰਦੇਸ਼ ਭੇਜ ਰਿਹਾ ਹੈ ਕਿ ਜੇ ਉਹ (ਹਿਲੇਰੀ ਕਲਿੰਟਨ) ਹਾਰੀ ਤਾਂ ਸਾਨੂੰ ਬੀਮਾ ਯੋਜਨਾ ਲੈਣੀ ਹੋਵੇਗੀ, ਅਸੀਂ ਦੂਜੇ ਪੜਾਅ ਵਿਚ ਜਾਵਾਂਗੇ ਅਤੇ ਇਸ ਵਿਅਕਤੀ ਨੂੰ ਦਫਤਰੋਂ ਬਾਹਰ ਕੱਢਾਂਗੇ। ਟਰੰਪ ਨੇ ਕਿਹਾ ਕਿ ਐਫ ਬੀ ਆਈ ਏਜੰਟ, ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਦੇਸ਼-ਧਰੋਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਦੇਸ਼-ਧਰੋਹੀ ਕਾਰਾ ਹੈ, ਜੋ ਸੰਦੇਸ਼ ਉਸ ਨੇ ਆਪਣੀ ਪ੍ਰੇਮਿਕਾ ਨੂੰ ਭੇਜਿਆ ਉਹ ਇਕ ਦੇਸ਼-ਧਰੋਹੀ ਕਾਰਾ ਹੈ।