ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਬੰਪ ਸਟਾਕ ਦੀ ਵਿਕਰੀ ਉੱਤੇ ਰੋਕ ਲਈ ਵਿਚਾਰ ਦਾ ਮਨ ਬਣਾਇਆ


ਵਾਸ਼ਿੰਗਟਨ, 22 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਫਲੋਰੀਡਾ ਦੇ ਸਕੂਲ ਵਿੱਚ ਹੋਏ ਗੋਲੀਕਾਂਡ ਦੇ ਬਾਅਦ ਬੰਦੂਕ ਨੀਤੀ ਕਾਰਨ ਲੋਕਾਂ ਦੇ ਨਿਸ਼ਾਨੇ ‘ਤੇ ਆਈ ਟਰੰਪ ਸਰਕਾਰ ਨੇ ਬੰਪ ਸਟਾਕ ਦੀ ਵਿਕਰੀ ‘ਤੇ ਪਾਬੰਦੀ ਉੱਤੇ ਰੋਕ ਬਾਰੇ ਵਿਚਾਰ ਦਾ ਫੈਸਲਾ ਕੀਤਾ ਹੈ। ਇਸ ਮਕਸਦ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨ ਮੰਤਰਾਲੇ ਤੋਂ ਮਤਾ ਲਿਆਉਣ ਲਈ ਕਿਹਾ ਹੈ ਜਿਸ ਨੂੰ ਸਰਕਾਰ ਮਨਜ਼ੂਰੀ ਕਰੇਗੀ।
ਬੰਪ ਸਟਾਕ ਉਹ ਜੰਤਰ ਹੈ, ਜੋ ਸੈਮੀ ਆਟੋਮੈਟਿਕ ਰਾਈਫਲ ਨੂੰ ਪੂਰੀ ਆਟੋਮੈਟਿਕ ਰਾਈਫਲ ਵਿੱਚ ਤਬਦੀਲ ਕਰ ਦਿੰਦਾ ਹੈ। ਫਲੋਰੀਡਾ ਵਿੱਚ ਪਿਛਲੇ ਹਫਤੇ ਹੋਏ ਗੋਲੀ ਕਾਂਡ ਵਿੱਚ ਇੱਕ ਸਾਬਕਾ ਵਿਦਿਆਰਥੀ ਨੇ ਇੱਕ ਸਕੂਲ ਦੇ 14 ਵਿਦਿਆਰਥੀਆਂ ਅਤੇ ਤਿੰਨ ਅਧਿਆਪਕਾਂ ਨੂੰ ਗੋਲੀ ਨਾਲ ਉਡਾ ਦਿੱਤਾ ਸੀ। ਫਲੋਰੀਡਾ ਵਿੱਚ ਹੋਈ ਵਾਰਦਾਤ ਵਿੱਚ ਬੰਪ ਸਟਾਕ ਦਾ ਇਸਤੇਮਾਲ ਨਹੀਂ ਹੋਇਆ, ਪ੍ਰੰਤੂ ਅਕਤੂਬਰ 2017 ਵਿੱਚ ਲਾਸ ਵੇਗਾਸ ਵਿੱਚ ਇਸੇ ਜੰਤਰ ਨੂੰ ਰਾਈਫਲਾਂ ਦੇ ਵਿੱਚ ਲਾ ਕੇ 60 ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਟਰੰਪ ਪ੍ਰਸ਼ਾਸਨ ਬੰਪ ਸਟਾਕ ਦੀ ਵਿਕਰੀ ‘ਤੇ ਰੋਕ ਲਾ ਕੇ ਫਲੋਰੀਡਾ ਦੀ ਘਟਨਾ ਕਾਰਨ ਲੋਕਾਂ ਵਿੱਚ ਪੈਦਾ ਹੋਏ ਗੁੱਸੇ ਨੂੰ ਘੱਟ ਕਰਨਾ ਦੀ ਸੋਚ ਰਿਹਾ ਹੈ।
ਅਮਰੀਕਾ ਵਿੱਚ ਲੋਕਾਂ ਦਾ ਵੱਡਾ ਹਿੱਸਾ ਖਤਰਨਾਕ ਹਥਿਆਰਾਂ ਦੀ ਬੇਰੋਕ-ਟੋਕ ਵਿਕਰੀ ਦਾ ਵਿਰੋਧ ਕਰਦਾ ਹੈ। ਉਹ ਹਥਿਆਰਾਂ ਲਈ ਲਾਇਸੈਂਸਿੰਗ ਪ੍ਰਣਾਲੀ ਕਾਇਮ ਕਰਨਾ ਚਾਹੁੰਦਾ ਹੈ, ਪ੍ਰੰਤੂ ਅਮਰੀਕਾ ਦੀ ਪਾਵਰਫੁੱਲ ਗਨ ਲਾਬੀ ਕਿਸੇ ਵੀ ਸਰਕਾਰ ਨੂੰ ਕਾਨੂੰਨ ਵਿੱਚ ਬਦਲੀ ਨਹੀਂ ਕਰਨ ਦਿੰਦੀ। ਰਾਸ਼ਟਰਪਤੀ ਟਰੰਪ ਖੁਦ ਬੰਦੂਕ ਨੀਤੀ ਵਿੱਚ ਬਦਲਾਅ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਨੇ ਇਸ ਗੱਲ ਦਾ ਐਲਾਨ 2016 ਵਿੱਚ ਆਪਣੇ ਚੋਣ ਪ੍ਰਚਾਰ ਵਿੱਚ ਕਰ ਦਿੱਤਾ ਸੀ। ਇਸ ਦੇ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੌਜੂਦਾ ਕਾਨੂੰਨ ਵਿੱਚ ਬੰਪ ਸਟਾਕ ਨੂੰ ਵੇਚਣ ਦਾ ਨਿਯਮ ਨਹੀਂ ਹੈ, ਪਰ ਹੁਣ ਇਸ ਨੂੰ ਸਪੱਸ਼ਟ ਕਰਦੇ ਹੋਏ ਜੰਤਰ ਦੀ ਵਿਕਰੀ ‘ਤੇ ਸਖਤੀ ਨਾਲ ਪਾਬੰਦੀ ਲਗਾਈ ਜਾਏਗੀ। ਇਸ ਦੇ ਲਈ ਅਟਾਰਨੀ ਜਨਰਲ ਨੂੰ ਪ੍ਰਸਤਾਵ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕਾਨੂੰਨ ਵਿੱਚ ਇਸ ਬਦਲਾਅ ਨਾਲ ਦੇਸ਼ਵਾਸੀਆਂ ਨੂੰ ਬਿਹਤਰ ਤਰੀਕੇ ਨਾਲ ਸੁਰੱਖਿਆ ਦਿੱਤੀ ਜਾਏਗੀ।