ਡੋਨਾਲਡ ਟਰੰਪ ਦੀ ਸਲਾਹਕਾਰ ਦੇ ਪਤੀ ਨੂੰ ਨਿਆਂ ਵਿਭਾਗ ਦਾ ਵੱਡਾ ਅਹੁਦਾ ਮਿਲਿਆ

georgeconvay
ਵਾਸ਼ਿੰਗਟਨ, 20 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੌਂਸਲਰ ਕੇਲਿਆਨੇ ਕਾਨਵੇ ਦੇ ਪਤੀ ਦੀ ਚੋਣ ਨਿਆਂ ਵਿਭਾਗ ਦੀ ਸਿਵਲ ਡਵੀਜ਼ਨ ਦੇ ਮੁਖੀ ਵਜੋਂ ਕੀਤੀ ਹੈ। ਵਾਲ ਸਟਰੀਟ ਜਰਨਲ ਦੀ ਖਬਰ ਮੁਤਾਬਕ ਜਾਰਜ ਕਾਨਵੇ ਨੂੰ ਉਸ ਦਫਤਰ ਦਾ ਮੁਖੀ ਬਣਾਇਆ ਗਿਆ ਹੈ, ਜਿਸ ਦੇ ਕੋਲ ਪ੍ਰਸ਼ਾਸਨ ਦੇ ਯਾਤਰਾ ਪਾਬੰਦੀ ਪ੍ਰਸਤਾਵ ਤੇ ਪ੍ਰਸ਼ਾਸਨ ਦੇ ਖਿਲਾਫ ਕੇਸ ਦਾ ਬਚਾਅ ਕਰਨ ਦੀ ਜ਼ਿੰਮੇਵਾਰੀ ਹੈ।
ਵ੍ਹਾਈਟ ਹਾਊਸ ਤੇ ਨਿਆਂ ਵਿਭਾਗ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ। ਜਾਰਜ ਕਾਨਵੇ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਰਜ ਕਾਨਵੇ ਵਾਚਟੇਲ, ਲਿਪਟਨ, ਰੋਜੇਨ ਐਂਡ ਕਾਟਜ ਦੀ ਨਿਊ ਯਾਰਕ ਲਾਅ ਫਰਮ ਵਿੱਚ ਭਾਈਵਾਲ ਹਨ। ਲਾਅ ਫਰਮ ਦੀ ਵੈਬਸਾਈਟ ਅਨੁਸਾਰ ਸ਼ੇਅਰ ਮਾਰਕੀਟ, ਰਲੇਵਾਂ ਅਤੇ ਨਿਰੀਖਣ, ਠੇਕਾ ਤੇ ਮੋਨੋਪਲੀ ਵਪਾਰ ਵਿਰੋਧੀ ਮਾਮਲਿਆਂ ਸਮੇਤ ਕਾਨਵੇ ਨੂੰ ਕਾਨੂੰਨੀ ਕੰਮਾਂ ਦਾ ਵਿਆਪਕ ਤਜਰਬਾ ਹੈ। ਜਾਰਜ ਕਾਨਵੇ ਦੀ ਪਤਨੀ ਕੇਲਿਆਨੇ ਕਾਨਵੇ ਲੰਬੇ ਸਮੇਂ ਤੱਕ ਰਿਪਬਲੀਕਨ ਪਾਰਟੀ ਦੀ ਰਿਟਰਨਿੰਗ ਅਫਸਰ ਰਹੀ ਹੈ। ਉਨ੍ਹਾਂ ਨੇ ਪਿਛਲੀਆਂ ਗਰਮੀਆਂ ਵਿੱਚ ਟਰੰਪ ਦੇ ਰਿਪਬਲੀਕਨ ਰਾਸ਼ਟਰਪਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।