ਡੋਨਾਲਡ ਟਰੰਪ ਕਈ ਪਾਸਿਆਂ ਦੇ ਵਿਰੋਧ ਦੇ ਬਾਵਜੂਦ ਅਗਲੇ ਹਫਤੇ ਮਹਾਰਾਣੀ ਨੂੰ ਮਿਲਣਗੇ


ਵਾਸ਼ਿੰਗਟਨ, 5 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਪਾਸਿਆਂ ਤੋਂ ਹੋਏ ਵਿਰੋਧ ਦੇ ਬਾਵਜੂਦ ਬ੍ਰਿਟੇਨ ਦੀ ਯਾਤਰਾ ਦੌਰਾਨ ਅਗਲੇ ਹਫਤੇ ਓਥੋਂ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਮਿਲਣਗੇ। ਐਲਿਜ਼ਾਬੇਥ ਲਈ ਆਪਣੇ 66 ਸਾਲ ਦੇ ਰਾਜ ਵਿੱਚ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਦਾ 12ਵਾਂ ਮੌਕਾ ਹੋਵੇਗਾ।
ਵਰਨਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਲਿੰਡਨ ਜਾਨਸਨ ਨੂੰ ਛੱਡ ਕੇ ਹੈਰੀ ਟਰੂਮੈਨ ਤੋਂ ਬਾਅਦ ਉਹ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੂੰ ਮਿਲ ਚੁੱਕੀ ਹੈ, ਪਰ ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਮਿਲਣ ਦਾ ਏਨਾ ਵਿਰੋਧ ਪ੍ਰਦਰਸ਼ਨ ਹੋਇਆ ਹੈ। ਪਿਛਲੇ ਸਾਲ ਜਦੋਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਟਰੰਪ ਨੂੰ ਬ੍ਰਿਟੇਨ ਯਾਤਰਾ ਦਾ ਸੱਦਾ ਦਿੱਤਾ ਸੀ, ਉਦੋਂ ਤੋਂ 1.86 ਲੱਖ ਲੋਕ ਟਰੰਪ ਦੇ ਖਿਲਾਫ ਇਕ ਪਟੀਸ਼ਨ ਉੱਤੇ ਦਸਖਤ ਕਰ ਚੁੱਕੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ‘ਉਨ੍ਹਾਂ ਨੂੰ ਸਟੇਟ ਟੂਰ ਦੌਰਾਨ ਸ਼ਾਹੀ ਸਨਮਾਨ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਮਹਾਰਾਣੀ ਨੂੰ ਇਸ ਨਾਲ ਪਰੇਸ਼ਾਨੀ ਹੋਵੇਗੀ।’
ਮੁਸਲਿਮ ਦੇਸ਼ਾਂ ਦੇ ਲੋਕਾਂ ਉੱਤੇ ਯਾਤਰਾ ਪਾਬੰਦੀਆਂ ਲਾਉਣ ਉੱਤੇ ਸੱਜੇ ਪੱਖੀ ‘ਬ੍ਰਿਟੇਨ ਫਸਟ ਪਾਰਟੀ’ ਦੀ ਨੇਤਾ ਜੇਡਾ ਫ੍ਰਾਂਸੇਨ ਨੇ ਇਕ ਟਵੀਟ ਨੂੰ ਰਿਟਵੀਟ ਕਰਨ ਪਿੱਛੋਂ ਕਿਹਾ ਕਿ ‘ਟਰੰਪ ਦਾ ਇਥੇ ਸਖਤ ਵਿਰੋਧ ਕੀਤਾ ਜਾ ਰਿਹਾ ਹੈ, ਹਾਲ ਹੀ ਵਿੱਚ ਮੈਕਸੀਕੋ ਸਰਹੱਦ ਉੱਤੇ ਗੈਰ-ਕਾਨੂੰਨੀ ਢੰਗ ਨਾਲ ਆਉਂਦੇ ਲੋਕਾਂ ਦੇ ਬੱਚਿਆਂ ਨੂੰ ਵੱਖ ਕਰਨ ਦੀ ਨੀਤੀ ਦੇ ਨਾਲ ਉਨ੍ਹਾਂ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਟਰੰਪ ਦੇ ਖਿਲਾਫ ਮੁਹਿੰਮ ਚਲਾ ਰਹੇ ਲੋਕ ਉਨ੍ਹਾਂ ਨੂੰ ਦਿੱਤਾ ਸੱਦਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।’ ਵਿਰੋਧੀ ਧਿਰ ਦੀ ਲੇਬਰ ਪਾਰਟੀ ਦੇ ਮੈਂਬਰ ਗੈਵਿਨ ਸ਼ੁਕਰ ਨੇ ਪਿਛਲੇ ਮਹੀਨੇ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ 2 ਹਜ਼ਾਰ ਛੋਟੇ ਬੱਚਿਆਂ ਨੂੰ ਕੈਦ ਕਰ ਕੇ ਰੱਖਿਆ ਹੋਇਆ ਹੈ। ਉਹ ਯੂ ਐੱਨ ਓ ਦੀ ਮਨੁੱਖੀ ਅਧਿਕਾਰ ਕੌਂਸਲ ਛੱਡ ਚੁੱਕੇ ਹਨ। ਉਨ੍ਹਾਂ ਨੇ ਉੱਤਰੀ ਕੋਰੀਅਨ ਨੇਤਾ ਕਿਮ ਜੋਂਗ ਉਨ ਦੇ ਆਪਣੀ ਜਨਤਾ ਦੇ ਪ੍ਰਤੀ ਸੁਭਾਅ ਦੀ ਪ੍ਰਸ਼ੰਸਾ ਕੀਤੀ ਹੈ। ਉਹ ਮੁਸਲਿਮਾਂ ਤੋਂ ਦੂਰ ਜਾ ਚੁੱਕੇ ਹਨ। ਆਖਿਰ ਇਸ ਆਦਮੀ ਨੂੰ ਬ੍ਰਿਟੇਨ ਯਾਤਰਾ ਦਾ ਸੱਦਾ ਕਿਸ ਸੋਚ ਨਾਲ ਦਿੱਤਾ ਹੈ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ 2 ਅਮਰੀਕੀ ਰਾਸ਼ਟਰਪਤੀਆਂ ਬਰਾਕ ਓਬਾਮਾ ਅਤੇ ਜਾਰਜ ਡਬਲਯੂ ਬੁਸ਼ ਨੂੰ ਸ਼ਾਹੀ ਯਾਤਰਾ ਉੱਤੇ ਬ੍ਰਿਟੇਨ ਆਉਣ ਦਾ ਸੱਦਾ ਦਿੱਤਾ ਗਿਆ ਸੀ।