ਡੋਨਾਲਡ ਟਰੰਪ ਉੱਤੇ ਸਰੀਰਕ ਸੰਬੰਧਾਂ ਦੇ ਦੋਸ਼ ਲਾ ਚੁੱਕੀ ਪੋਰਨ ਸਟਾਰ ਗ੍ਰਿਫਤਾਰ


ਵਾਸ਼ਿੰਗਟਨ, 12 ਜੁਲਾਈ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਸਰੀਰਕ ਸੰਬੰਧਾਂ ਦਾ ਦਾਅਵਾ ਕਰਨ ਵਾਲੀ ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਟਾਰਮੀ ਨੂੰ ਓਹੀਓ ਸਟੇਟ ਦੀ ਰਾਜਧਾਨੀ ਕੋਲੰਬਸ ਦੇ ਇਕ ਕਲੱਬ ਵਿੱਚੋਂ ਬੁੱਧਵਾਰ ਨੂੰ ਇਕ ਵਿਅਕਤੀ ਉੱਤੇ ਗਲਤ ਦੋਸ਼ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸਟਾਰਮੀ ਡੇਨੀਅਲਸ ਦੇ ਵਕੀਲ ਮਾਈਕਲ ਅਵੇਨਾਤੀ ਨੇ ਇਸ ਗ੍ਰਿਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਮਾਈਕਲ ਦੇ ਕਹਿਣ ਮੁਤਾਬਕ ਸਟਾਰਮੀ ਅਮਰੀਕਾ ਵਿੱਚ 100 ਤੋਂ ਵੱਧ ਕਲੱਬਾਂ ਵਿੱਚ ਆਪਣੀ ਪੇਸ਼ਕਸ਼ ਦੇ ਚੁੱਕੀ ਹੈ, ਪਰ ਬੁੱਧਵਾਰ ਨੂੰ ਇੱਕ ਪੇਸ਼ਕਸ਼ ਮੌਕੇ ਇਕ ਵਿਅਕਤੀ ਨੇ ਸਟੇਜ ਉੱਤੇ ਆ ਕੇ ਉਸ ਨੂੰ ਗਲਤ ਢੰਗ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਅਸ਼ਲੀਲ ਹਰਕਤ ਕਹਿਣ ਦੇ ਦੋਸ਼ ਹੇਠ ਸਟਾਰਮੀ ਡੇਨੀਅਲਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਈਕਲ ਨੇ ਕਿਹਾ, ‘ਇਹ ਸਿਆਸਤ ਤੋ ਪ੍ਰੇਰਿਤ ਯੋਜਨਾ ਸੀ ਅਤੇ ਅਸੀਂ ਇਸ ਝੂਠੇ ਦੋਸ਼ ਦਾ ਜਵਾਬ ਕੋਰਟ ਵਿੱਚ ਦੇਵਾਂਗੇ।’
ਵਰਨਣ ਯੋਗ ਹੈ ਕਿ ਸਟਾਰਮੀ ਡੇਨੀਅਲਸ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ 2006 ਵਿੱਚ ਡੋਨਾਲਡ ਟਰੰਪ ਨਾਲ ਉਸ ਦੇ ਸਰੀਰਕ ਸੰਬੰਧ ਸਨ। ਇਨ੍ਹਾਂ ਸੰਬੰਧਾਂ ਨੂੰ ਜਨਤਕ ਨਾ ਕਰਨ ਲਈ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਸ ਨਾਲ ਇਕ ਸਮਝੌਤਾ ਕੀਤਾ ਗਿਆ ਸੀ, ਜਿਸ ਨਾਲ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਰੀਬ 1 ਲੱਖ 30 ਹਜ਼ਾਰ ਡਾਲਰ ਦਿੱਤੇ ਗਏ ਸਨ। ਇਹ ਸਮਝੌਤਾ ਖਤਮ ਕਰਨ ਲਈ ਸਟਾਰਮੀ ਡੇਨੀਅਲਸ ਨੇ ਟਰੰਪ ਤੇ ਉਨ੍ਹਾਂ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਉੱਤੇ ਕੇਸ ਵੀ ਕੀਤਾ ਹੋਇਆ ਹੈ।