ਡੇਰਿਆਂ ਦਾ ਪ੍ਰਭਾਵ: ਸੱਤਾ ਦੇ ਭੁੱਖੇ ਸਿਆਸਤਦਾਨ ਵੋਟਾਂ ਗੁਆਉਣ ਦਾ ਜੋਖਮ ਨਹੀਂ ਉਠਾ ਸਕਦੇ

-ਟੀ ਐਸ ਚਾਵਲਾ
ਗਰੀਬੀ ਕਈ ਬੁਰਾਈਆਂ ਨੂੰ ਆਕਰਸ਼ਿਤ ਕਰਦੀ ਹੈ। ਭਾਰਤ ਅਜਿਹਾ ਦੇਸ਼ ਹੈ, ਜਿਥੇ ਬਹੁਤ ਸਾਰੇ ਲੋਕ ਵਿੱਤੀ ਤੌਰ ‘ਤੇ ਖੋਖਲੇ ਹਨ, ਅਨਪੜ੍ਹ ਹਨ, ਉਨ੍ਹਾਂ ਕੋਲ ਨਾ ਰਹਿਣ ਲਈ ਘਰ ਹਨ ਤੇ ਨਾ ਹੀ ਸਿਹਤ ਸਹੂਲਤਾਂ। ਉਨ੍ਹਾਂ ਨੂੰ ਸਿਰਫ ਸਿਆਸਤਦਾਨਾਂ ਵੱਲੋਂ ਖੁਦ ਨੂੰ ਤਾਕਤਵਰ ਬਣਾਉਣ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਦੇ ਲਈ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਈ ਸਹੂਲਤਾਂ ਹਾਸਲ ਕਰਾਉਣ ਦੇ ਭਰੋਸੇ ਦਿੰਦੇ ਹਨ ਤਾਂ ਕਿ ਸਮਾਜ ਵਿੱਚ ਜ਼ਿੰਦਗੀ ਬਿਤਾ ਸਕਣ, ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਰਹਿਣ ਲਈ ਉਨ੍ਹਾਂ ਨੂੰ ਮਕਾਨ ਤੇ ਮੁਫਤ ਇਲਾਜ ਦੀ ਸਹੂਲਤ ਮਿਲ ਸਕੇ।
ਵੋਟਾਂ ਹਾਸਲ ਕਰਨ ਸਮੇਂ ਸਿਆਸਤਦਾਨ ਗਰੀਬਾਂ ਦੇ ਪੈਰੀਂ ਹੱਥ ਲਾਉਂਦੇ ਹਨ, ਬਾਅਦ ਵਿੱਚ ਦਿੱਤੇ ਗਏ ਭਰੋਸਿਆਂ ਦੇ ਉਲਟ ਗਰੀਬਾਂ ਦੀ ਹੈਸੀਅਤ ਵਿੱਚ ਇਕ ਇੰਚ ਦਾ ਵੀ ਵਾਧਾ ਨਹੀਂ ਹੁੰਦਾ। ਦਲਿਤਾਂ ਦਾ ਮਿਆਰ ਉਤਾਂਹ ਚੁੱਕਣ ਲਈ ਘੜੀਆਂ ਗਈਆਂ ਸਾਰੀਆਂ ਨੀਤੀਆਂ, ਯੋਜਨਾਵਾਂ ਤੇ ਨਾਅਰੇ ਇਕ ਧੋਖਾ ਸਿੱਧ ਹੁੰਦੇ ਹਨ।
ਅੱਜ ਤੱਕ ਕਿਸੇ ਰਾਜਸੀ ਪਾਰਟੀ ਨੂੰ ਗਰੀਬ ਭਾਰਤੀ ਲੋਕਾਂ ਦੀ ਕਿਸਮਤ ਦਾ ਅਹਿਸਾਸ ਨਹੀਂ ਹੋਇਆ। ਸਾਡੇ ਗੁਰੂਆਂ, ਮਹਾਤਮਾਵਾਂ ਅਤੇ ਡਾ. ਬੀ ਆਰ ਅੰਬੇਡਕਰ, ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਵਰਗੀਆਂ ਹਸਤੀਆਂ ਦੀਆਂ ਸਿੱਖਿਆਵਾਂ ਸਾਡੇ ਰਾਜ ਨੇਤਾਵਾਂ ਲਈ ਗਰੀਬਾਂ ਨੂੰ ਲੁਭਾਉਣ ਵਾਸਤੇ ਸਿਰਫ ਇਕ ‘ਔਜ਼ਾਰ’ ਬਣ ਕੇ ਰਹਿ ਗਈਆਂ ਹਨ। ਸਾਡੇ ਸਿਆਤਦਾਨ ਕਿਸੇ ਵੀ ਕੀਮਤ ‘ਤੇ ਸੱਤਾ ਹਾਸਲ ਕਰਨ ਲਈ ਜੂਝਦੇ ਹਨ। ਗਰੀਬਾਂ ਵਿੱਚ ਆਪਣਾ ਸਹਾਰਾ ਲੱਭਦੇ ਹਨ, ਉਨ੍ਹਾਂ ਦੇ ਗੁਰੂਆਂ, ਮਾਲਕਾਂ ਨੂੰ ਮਿਲਦੇ ਹਨ। ਜੇ ਉਨ੍ਹਾਂ ਨੂੰ ਗਰੀਬਾਂ ਦਾ ਜ਼ਰਾ ਜਿੰਨਾ ਵੀ ਪ੍ਰਭਾਵ ਦਿਖਾਈ ਦਿੰਦਾ ਹੈ ਤਾਂ ਉਹ ਅੱਗੇ ਵਧਣ ਤੋਂ ਜ਼ਰਾ ਵੀ ਨਹੀਂ ਝਿਜਕਦੇ।
ਗਰੀਬਾਂ ਦੀ ਤਾਕਤ ਦਾ ਪ੍ਰਮੁੱਖ ਸੋਮਾ ਸਾਡੇ ਦੇਸ਼ ਵਿੱਚ ਧਾਰਮਿਕ ਡੇਰੇ ਹਨ, ਜਿਥੇ ਗਰੀਬ ਲੋਕ ਪਰਵਾਰ ਵਿੱਚ ਕਿਸੇ ਦੀ ਮੌਤ ਜਾਂ ਬਿਮਾਰੀ ਜਾਂ ਬਹੁਤ ਗਰੀਬੀ ਜਾਂ ਤਣਾਅ ਤੋਂ ਰਾਹਤ ਪਾਉਣ ਲਈ ਜਾਂਦੇ ਹਨ ਅਤੇ ਡੇਰਿਆਂ ਦੇ ਬਾਬੇ ਆਪਣੇ ਭਾਸ਼ਣਾਂ ਨਾਲ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰਨ ਦਾ ਵਾਅਦਾ ਕਰਦੇ ਹਨ। ਇਸ ਤਰ੍ਹਾਂ ਗਰੀਬ ਲੋਕ ਪੂਰੀ ਤਰ੍ਹਾਂ ਉਨ੍ਹਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ ਤੇ ਡੇਰਿਆਂ ਦੇ ਬਾਬੇ ਉਨ੍ਹਾਂ ਦੇ ਪੱਕੇ ਭਗਵਾਨ, ਗੁਰੂ, ਡਾਕਟਰ ਭਾਵ ਸਭ ਕੁਝ ਬਣ ਜਾਂਦੇ ਹਨ। ਇਸ ਤਰ੍ਹਾਂ ਬਾਬੇ ਡੇਰਿਆਂ ਵਿੱਚ ਪੈਸੇ ਤੋਂ ਲੈ ਕੇ ਬਲਾਤਕਾਰ ਅਤੇ ਸੈਕਸ ਤੱਕ ਦੀ ਆਪਣੀ ਜ਼ਿੰਦਗੀ ਦੀ ਬਿਹਤਰੀਨ ਪਾਰੀ ਸ਼ੁਰੂ ਕਰਦੇ ਹਨ।
ਭਾਰੀ ਇਕੱਠ ਨੂੰ ਦੇਖ ਕੇ ਸਿਆਸਤਦਾਨ (ਸੱਤਾਧਾਰੀ ਪਾਰਟੀਆਂ ਵੀ) ਢੇਰ ਸਾਰੇ ਤੋਹਫੇ ਅਤੇ ਪੈਸਾ ਲੈ ਕੇ ਡੇਰਿਆਂ ਉੱਤੇ ਪਹੁੰਚ ਜਾਂਦੇ ਹਨ, ਜੋ ਚੋਣਾਂ ਦੌਰਾਨ ਡੇਰਾ ਮੁਖੀਆਂ ਤੋਂ ਆਪਣੇ ਲਈ ਸਮਰਥਨ (ਵੋਟਾਂ) ਮੰਗਦੇ ਹਨ। ਇਸ ਦੇ ਬਦਲੇ ਉਹ ਡੇਰਿਆਂ ਨੂੰ ਜ਼ਮੀਨਾਂ ਤੇ ਹੋਰ ਸੰਭਾਵੀ ਲਾਭ ਦੇਣ ਨੂੰ ਤਿਆਰ ਰਹਿੰਦੇ ਹਨ। ਸੱਤਾਧਾਰੀ ਪਾਰਟੀਆਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਵੀ ਇਨ੍ਹਾਂ ਡੇਰਿਆਂ ਲਈ ‘ਕੁਝ’ ਕਰਨ ਨੂੰ ਕਹਿੰਦੀਆਂ ਹਨ। ਇਸ ਲਈ ਡੇਰਿਆਂ ਵਿੱਚ ਬੈਠੇ ਬਿਠਾਏ ਬਾਬਿਆਂ ਦੀ ਲਾਟਰੀ ਲੱਗਦੀ ਰਹਿੰਦੀ ਹੈ। ਦੇਸ਼ ਦੇ ਅਮੀਰ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਡੇਰੇ ਆਉਂਦੇ ਦੇਖ ਕੇ ਸਮਰਥਕ ਇਹ ਅੰਦਾਜ਼ਾ ਲਾਉਂਦੇ ਹਨ ਕਿ ਬਾਬਿਆਂ ਵਿੱਚ ਕੋਈ ਅਧਿਆਤਮਕ ਸ਼ਕਤੀ ਹੋਵੇਗੀ। ਇਸ ਨੂੰ ਉਦੋਂ ਹੋਰ ਬਲ ਮਿਲਦਾ ਹੈ, ਜਦੋਂ ਮੁੱਖ ਮੰਤਰੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਲੋਕ ਬਾਬਿਆਂ ਦੇ ਚਰਨਾਂ ਵਿੱਚ ਡਿੱਗਦੇ ਦੇਖਦੇ ਹਨ। ਇਸ ਨਾਲ ਗਰੀਬਾਂ ਵਿੱਚ ਬਾਬਿਆਂ ਦਾ ਇਕ ਅਜਿਹਾ ਜਾਦੂਈ ਪ੍ਰਭਾਵ ਪੈਦਾ ਹੋ ਜਾਂਦਾ ਹੈ, ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਸਿਆਸਤਦਾਨਾਂ ਦੀ ਸੱਚਾਈ ਇਹ ਹੈ ਕਿ ਉਹ ਇਨ੍ਹਾਂ ਡੇਰਿਆਂ ਵਿੱਚ ਗਰੀਬਾਂ ਦਾ ਖੂਨ ਚੂਸਣ ਆਉਂਦੇ ਹਨ। ਇਸ ਤਰ੍ਹਾਂ ਭਾਰੀ ਕੁਰਬਾਨੀਆਂ ਨਾਲ ਹਾਸਲ ਕੀਤਾ ਗਿਆ ਸਾਡਾ ਲੋਕਤੰਤਰ ਅਜਿਹੇ ਤਰੀਕਿਆਂ ਕਾਰਨ ਦੂਸ਼ਿਤ ਹੋ ਜਾਂਦਾ ਹੈ। ਵੱਡੇ ਸ਼ਹਿਰਾਂ ਤੇ ਮਹਾਨਗਰਾਂ ਵਿੱਚ ਰਹਿਣ ਵਾਲੇ ਕੁਝ ਫੀਸਦੀ ਲੋਕ ਯੋਜਨਾਬੱਧ ਖੇਡ ਨਾਲ ਇੰਨਾ ਵਧੀਆ ਕੰਮ ਕਰ ਰਹੇ ਹਨ ਕਿ ਉਨ੍ਹਾਂ ਦੀ ਟਰਨਓਵਰ ਵਿਦੇਸ਼ੀ ਆਪ੍ਰੇਟਰਾਂ ਨਾਲੋਂ ਵੀ ਕਿਤੇ ਜ਼ਿਆਦਾ ਹੁੰਦੀ ਹੈ।
ਜੇ ਅਸੀਂ ਹੋਰ ਡੂੰਘਾਈ ਵਿੱਚ ਜਾਈਏ ਤਾਂ ਦੇਖਾਂਗੇ ਕਿ ਇਹ ਕਾਰਪੋਰੇਟ ਅਜਿਹਾ ਕਾਰੋਬਾਰ ਚਲਾ ਕੇ ਗਰੀਬਾਂ ਦਾ ਖੂਨ ਚੂਸਦੇ ਹਨ। ਮਿਸਾਲ ਵਜੋਂ ਅਮੀਰ ਤੇ ਆਮ ਆਦਮੀ ਦੇ ਮੁਕਾਬਲੇ ਗਰੀਬਾਂ ਕੋਲ ਮੋਬਾਈਲ ਫੋਨਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਮੋਬਾਈਲ ਫੋਨਾਂ ਦੇ ਲਾਭਾਂ ਦੀ ਬਜਾਏ ਨੁਕਸਾਨ ਵੱਧ ਹਨ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੂਚਨਾ ਤਕਨੀਕ ਨੇ ਬਹੁਤ ਸਾਰੇ ਹਾਈ ਪ੍ਰੋਫਾਈਲ ਅਪਰਾਧਾਂ ਨੂੰ ਜਨਮ ਦਿੱਤਾ ਹੈ। ਖੇਤੀ ਖੇਤਰ ਵਿੱਚ ਅਸਲੀ ਯੋਗਦਾਨ ਗਰੀਬਾਂ ਨੇ ਦਿੱਤਾ ਹੈ ਤੇ ਇਸੇ ਤਰ੍ਹਾਂ ਗਰੀਬਾਂ ਦੇ ਪਸੀਨੇ ਨਾਲ ਹੀ ਦੇਸ਼ ਦੇ ਉਦਯੋਗ ਧੰਦੇ ਵਧ ਫੁੱਲ ਰਹੇ ਹਨ, ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਗਰੀਬ ਲੋਕ ਅੱਜ ਵੀ ਉਥੇ ਹੀ ਹਨ, ਜਿਥੇ 70 ਸਾਲ ਪਹਿਲਾਂ ਸਨ।
ਭਾਰਤ ਵਿੱਚ ਡੇਰਿਆਂ ਦਾ ਸਿਧਾਂਤ ਬੜਾ ਮਜ਼ਬੂਤ ਹੈ। ਕੋਈ ਵੀ ਵਿਅਕਤੀ, ਜਿਸ ਦਾ ਕੰਮ ਧੰਦਾ ਨਹੀਂ ਚੱਲਦਾ, ਜਿਹੜਾ ਬਹੁਤਾ ਪੜ੍ਹਿਆ ਲਿਖਿਆ ਨਹੀਂ, ਪਰ ਖਾਹਿਸ਼ੀ ਹੈ, ਉਹ ਅਜਿਹੀ ਜਗ੍ਹਾ ਲੱਭਦਾ ਹੈ, ਜਿਥੇ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕੇ ਤੇ ਭਾਰਤ ਵਿੱਚ ਧਰਮ ਇਕ ਬੜਾ ਸੁਰੱਖਿਅਤ ਸੰਦ ਹੈ, ਜੋ ਬਿਨਾਂ ਕਿਸੇ ‘ਸਾਈਡ ਇਫੈਕਟ’ ਦੇ ਕਿਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਕਿਸੇ ਭੁੱਖ ਨੂੰ ਮੂਰਖ ਜਾਂ ਸ਼ਿਕਾਰ ਬਣਾਉਣਾ ਬਹੁਤ ਸੌਖਾ ਹੈ।
ਭਾਰਤ ਵਿੱਚ ਮੌਜੂਦ ਸਾਰੇ ਡੇਰਿਆਂ ਕੋਲ ਬਹੁਤ ਸਾਰੀਆਂ ਜ਼ਮੀਨਾਂ ਹਨ, ਚਾਹੇ ਉਹ ਸਰਕਾਰ ਵੱਲੋਂ ਟਰੱਸਟ ਵਜੋਂ ਦਿੱਤੀਆਂ ਗਈਆਂ ਹੋਣ ਜਾਂ ਵੱਡੇ ਜ਼ਿਮੀਂਦਾਰਾਂ ਵੱਲੋਂ ਦਾਨ ਵਿੱਚ, ਜਿਹੜੇ ਉਨ੍ਹਾਂ ਦੇ ਮਾਇਆਜਾਲ ਵਿੱਚ ਫਸ ਜਾਂਦੇ ਹਨ। ਤਾਜ਼ਾ ਕੇਸ ਸਾਹਮਣੇ ਆਇਆ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦਾ, ਜਿਸ ਨੂੰ ਡੇਰੇ ਵਿੱਚ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਡੇਰਾ ਸੱਚਾ ਸੌਦਾ 800 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ, ਜਿਸ ਅੰਦਰ ਰਿਹਾਇਸ਼ੀ ਕੰਪਲੈਕਸ, ਖੇਤ, ਸਿਨੇਮਾ ਹਾਲ, ਹਸਪਤਾਲ, ਬਹੁਤ ਸਾਰੀਆਂ ਦੁਕਾਨਾਂ ਅਤੇ ਡੇਰਾ ਮੁਖੀ ਦੀ ਗਲੈਮਰਸ ਦੁਨੀਆ ਸ਼ਾਮਲ ਹੈ। ਉਥੇ ਮਾਰੇ ਗਏ ਛਾਪਿਆਂ ਦੌਰਾਨ ਬਹੁਤ ਸਾਰੀਆਂ ਕੀਮਤਾਂ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਨਕਦੀ, ਲਗਜ਼ਰੀ ਗੱਡੀਆਂ ਸ਼ਾਮਲ ਹਨ। ਡੇਰਾ ਮੁਖੀ ਨੂੰ ਜੇਲ ਪਹੁੰਚਾਉਣ ਦਾ ਸਿਹਰਾ ਉਨ੍ਹਾਂ ਦੋਵਾਂ ਪੀੜਤ ਔਰਤਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਡੇਰਾ ਮੁਖੀ ਵਿਰੁੱਧ ਨਿਡਰ ਹੋ ਕੇ ਸ਼ਿਕਾਇਤ ਕੀਤੀ ਤੇ ਉਸ ਦੀ ‘ਅਸ਼ਲੀਲ ਦੁਨੀਆ’ ਦਾ ਭਾਂਡਾ ਭੰਨਿਆ। ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਬਾਵਜੂਦ ਉਨ੍ਹਾਂ ਨੇ 15 ਸਾਲ ਕਾਨੂੰਨੀ ਲੜਾਈ ਲੜੀ।
ਸਿੱਟਾ ਇਹ ਹੈ ਕਿ ਜੇ ਭਾਰਤ ਵਿੱਚ ਸਾਰੇ ਡੇਰਿਆਂ ਹੇਠ ਆਉਂਦੀ ਜ਼ਮੀਨ ਖਾਲੀ ਕਰਵਾ ਲਈ ਜਾਵੇ ਤਾਂ ਉਥੇ ਬਹੁਤ ਸਾਰੇ ਬੇਘਰ ਲੋਕਾਂ ਨੂੰ ਵਸਾਇਆ ਜਾ ਸਕਦਾ ਹੈ। ਸਰਕਾਰ ਚੁੱਪ ਕਿਉਂ ਹੈ? ਡੇਰਿਆਂ ਕੋਲ ਅਥਾਹ ਵੋਟ ਬੈਂਕ ਹੈ ਤੇ ਸੱਤਾ ਦੇ ਭੁੱਖੇ ਸਿਆਸਤਦਾਨ ਵੋਟਾਂ ਗੁਆਉਣ ਦਾ ਜੋਖਮ ਉਠਾ ਨਹੀਂ ਸਕਦੇ। ਅਸਲ ‘ਚ ਭਾਰਤ ਦੀ ਸਿਆਸਤ ਅਜਿਹਾ ਮੋੜ ਕੱਟ ਚੁੱਕੀ ਹੈ, ਜਿਥੋਂ ਵਾਪਸ ਨਹੀਂ ਮੁੜਿਆ ਜਾ ਸਕਦਾ। ਇਸ ਲਈ ਗਰੀਬਾਂ ਨੂੰ ਇਨ੍ਹਾਂ ਬਾਬਿਆਂ ਦੇ ਚੁੰਗਲ ‘ਚੋਂ ਬਚਾਉਣਾ ਮੁਸ਼ਕਿਲ ਹੁੰਦਾ ਜਾਂਦਾ ਹੈ। ਭਾਰਤ ਸਰਕਾਰ ਨੂੰ ਉਨ੍ਹਾਂ ਲੋਕਾਂ, ਜੋ ਦੁੱਖਾਂ ਦੇ ਖਾਤਮੇ ਲਈ ਬਾਬਿਆਂ ਕੋਲ ਜਾਣ ਨੂੰ ਤਰਜੀਹ ਦਿੰਦੇ ਹਨ, ਦੇ ਦੁੱਖਾਂ ਨੂੰ ਦੂਰ ਕਰਨ ਲਈ ਗਰੀਬ ਇਲਾਕਿਆਂ ਵਿੱਚ ਸਲਾਹਕਾਰਾਂ ਨੂੰ ਨਿਯੁਕਤ ਕਰਨ ਦੀ ਲੋੜ ਹੈ।