ਡੇਰਾ ਸੱਚਾ ਸੌਦਾ ਮੁਖੀ ਵਾਲੇ ਕੇਸ ਵਿੱਚ ਪੰਜਾਬ ਵਿੱਚ 59 ਕੇਸ ਦਰਜ, 519 ਲੋਕ ਗ੍ਰਿਫਤਾਰ


ਚੰਡੀਗੜ੍ਹ, 12 ਅਪ੍ਰੈਲ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਬਲਾਤਕਾਰ ਕੇਸ ਵਿੱਚ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਜਾਬ ਵਿੱਚ ਕਈ ਥਾਂ ਡੇਰਾ ਸਮਰਥਕਾਂ ਵੱਲੋਂ ਕੀਤੀ ਹਿੰਸਾ, ਭੰਨਤੋੜ ਅਤੇ ਅੱਗਜਨੀ ਦੇ ਮਾਮਲੇ ਵਿੱਚ ਵੱਖ-ਵੱਖ ਥਾਈਂ 59 ਕੇਸ ਦਰਜ ਕਰ ਕੇ 519 ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਹੁਣ 417 ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਬਾਕੀ 102 ਅਜੇ ਪੁਲਸ ਹਿਰਾਸਤ ਵਿੱਚ ਹਨ।
ਮਿਲੀ ਜਾਣਕਾਰੀ ਐੱਸ ਆਈ ਟੀ (ਵਿਸ਼ੇਸ਼ ਜਾਂਚ ਟੀਮ) ਵੱਲੋਂ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਇਸ ਸੰਬੰਧ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਸੰਗਰੂਰ ਜ਼ਿਲ੍ਹੇ ਵਿੱਚ ਹੋਈਆਂ ਹਨ, ਇਥੇ ਜਾਇਦਾਦ ਦੀ ਭੰਨਤੋੜ ਅਤੇ ਅੱਗਜਨੀ ਦੀਆਂ 14 ਕੇਸ ਦਰਜ ਕਰ ਕੇ 140 ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਨ੍ਹਾਂ ਵਿੱਚੋਂ 132 ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਅੱਠ ਅਜੇ ਪੁਲਸ ਹਿਰਾਸਤ ਵਿੱਚ ਹਨ।
ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਦੀ ਸਰਕਾਰ ਪਹਿਲਾਂ ਹੀ ਪੰਜਾਬ ਪ੍ਰੀਵੈਂਸ਼ਨ ਆਫ ਡੈਮੇਜ ਅਤੇ ਪਬਲਿਕ ਐਂਡ ਪ੍ਰਾਈਵੇਟ ਐਕਟ ਲਾਗੂ ਕਰ ਚੁੱਕੀ ਹੈ। ਇਸ ਐਕਟ ਹੇਠ ਜਨਤਕ ਅਤੇ ਨਿੱਜੀ ਜਾਇਦਾਦ ਭੰਨਤੋੜ ਕਰਨ ਅਤੇ ਅੱਗਜਨੀ ਕਰਨ ਦੇ ਦੋਸ਼ੀ ਪਾਏ ਜਾਣ ਵਾਲਿਆਂ ਤੋਂ ਹੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੇ ਜਾਣ ਦਾ ਨਿਯਮ ਹੈ। ਵਰਨਣ ਯੋਗ ਹੈ ਕਿ 25 ਅਗਸਤ ਨੂੰ ਸੀ ਬੀ ਆਈ ਅਦਾਲਤ ਤੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਜਾਬ ਦੇ ਬਠਿੰਡਾ ਵਿੱਚ ਹੋਈ ਅੱਗਜਨੀ ਅਤੇ ਭੰਨਤੋੜ ਦੇ ਤਿੰਨ ਦੋਸ਼ੀਆਂ ਸੁਖਦੀਪ ਸਿੰਘ, ਭਿੰਡਰਪਾਲ ਸਿੰਘ ਅਤੇ ਇੱਕ ਹੋਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਤਿੰਨਾਂ ਹੀ ਦੋਸ਼ੀਆਂ ਨੂੰ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦੇ ਦਿੱਤੇ ਹਨ। ਨਾਲ ਹੀ ਅਰਜ਼ੀ ‘ਤੇ ਪੰਜਾਬ ਸਰਕਾਰ ਨੂੰ 31 ਮਈ ਦੇ ਲਈ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ।