ਡੇਰਾ ਸੱਚਾ ਸੌਦਾ ਮੁਖੀ ਦੇ ਜਾਮੇ-ਇੰਸਾਂ ਵਾਲੇ ਵਿਵਾਦੀ ਚੋਲੇ ਤੋਂ ਪੁਲਸ ਨੇ ਅੱਖਾਂ ਮੀਟੀਆਂ

jam a indsa
ਬਠਿੰਡਾ, 1 ਸਤੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਵਿਵਾਦਤ ਚੋਲੇ ਤੋਂ ਅੱਖਾਂ ਮੀਟ ਲਈਆਂ ਅਤੇ ਡੇਰਾ ਮੁਖੀ ਨੇ ਵੀ ਇਸ ਚੋਲੇ ਤੋਂ ਪਾਸਾ ਵੱਟ ਲਿਆ ਹੈ। ਕੋਤਵਾਲੀ ਪੁਲਸ ਨੂੰ ਮੁੱਦਾ ਖਤਮ ਹੋਣ ਤੋਂ ਬਾਅਦ ਇਹ ਚੋਲਾ ਸੰਭਾਲਣਾ ਪੈ ਰਿਹਾ ਹੈ। ਡੇਰਾ ਮੁਖੀ ਹੁਣ ਸਜ਼ਾ ਹੋਣ ਕਾਰਨ ਰੋਹਤਕ ਜੇਲ ਵਿੱਚ ਹੈ।
ਜਾਣਕਾਰ ਸੂਤਰਾਂ ਮੁੱਤਾਬਕ ਜ਼ਿਲਾ ਪੁਲਸ ਹੁਣ ਡੇਰਾ ਮੁਖੀ ਦੇ ਚੋਲੇ ਬਾਰੇ ਕੋਈ ਫੈਸਲਾ ਲੈ ਸਕਦੀ ਹੈ। ਡੇਰਾ ਮੁਖੀ ਦਾ ਇਹ ਚੋਲਾ ਸਭ ਵਿਵਾਦਾਂ ਦੀ ਜੜ੍ਹ ਬਣਿਆ ਸੀ, ਜਿਸ ਨੂੰ ਪਹਿਨ ਕੇ ਉਸ ਨੇ ਕਈ ਸਾਲ ਪਹਿਲਾਂ ਡੇਰਾ ਸਲਾਬਤਪੁਰਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ। ਹੁਣ ਇਹ ਚੋਲਾ ਚਿੱਟੇ ਲੱਠੇ ਵਿੱਚ ਲਪੇਟ ਕੇ ਥਾਣਾ ਕੋਤਵਾਲੀ ਦੇ ਮਾਲਖਾਨੇ ਵਿੱਚ ਰੱਖਿਆ ਪਿਆ ਹੈ। ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਡੇਰਾ ਮੁਖੀ ਦੇ ਖਿਲਾਫ 20 ਮਈ 2007 ਨੂੰ ਕੇਸ ਦਰਜ ਹੋਇਆ ਸੀ, ਜਿਨ੍ਹਾਂ ਇਹ ਵਿਵਾਦੀ ਚੋਲਾ ਨਸ਼ਟ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਪੁਲਸ ਨੇ ਅਸੈਂਬਲੀ ਚੋਣਾਂ 2012 ਤੋਂ ਪਹਿਲਾਂ 24 ਜਨਵਰੀ 2012 ਨੂੰ ਡੇਰਾ ਮੁਖੀ ਵਿਰੁੱਧ ਕੇਸ ਰੱਦ ਕਰਨ ਲਈ ਅਦਾਲਤ ਨੂੰ ਕੈਂਸਲੇਸ਼ਨ ਰਿਪੋਰਟ ਦੇ ਦਿੱਤੀ ਸੀ, ਜਿਸ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਨੇ ਪ੍ਰਵਾਨ ਨਹੀਂ ਕੀਤਾ ਸੀ। ਹਾਈ ਕੋਰਟ ਦੀ ਹਦਾਇਤ ਉੱਤੇ ਰੀਵਿਊ ਪਟੀਸ਼ਨ ਤਹਿਤ ਬਠਿੰਡਾ ਅਦਾਲਤ ਨੇ ਮੁੜ ਫੈਸਲਾ ਕਰਦਿਆਂ ਸੱਤ ਅਗਸਤ 2014 ਨੂੰ ਕੈਂਸਲੇਸ਼ਨ ਰਿਪੋਰਟ ਸਵੀਕਾਰ ਕਰ ਲਈ ਅਤੇ ਡੇਰਾ ਮੁਖੀ ‘ਤੇ ਦਰਜ ਕੇਸ ਖਤਮ ਹੋ ਗਿਆ ਸੀ। ਉਦੋਂ ਦੇ ਡੀ ਐਸ ਪੀ (ਡੀ) ਸੁਰਿੰਦਰਪਾਲ ਸਿੰਘ, ਜੋ ਹੁਣ ਐਸ ਪੀ (ਐਚ) ਵਜੋਂ ਬਰਨਾਲਾ ਵਿਖੇ ਤਾਇਨਾਤ ਹਨ, ਨੇ ਇਸ ਦੀ ਤਫਤੀਸ਼ ਦੌਰਾਨ ਡੇਰਾ ਮੁਖੀ ਤੋਂ ਇਹ ਚੋਲਾ ਪ੍ਰਾਪਤ ਕੀਤਾ ਸੀ।
ਫੌਜਦਾਰੀ ਕੇਸਾਂ ਦੇ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਅਦਾਲਤ ਵਿੱਚੋਂ ਕੇਸ ਖਤਮ ਹੋ ਚੁੱਕਣ ਮਗਰੋਂ ਸੰਬੰਧਤ ਧਿਰਾਂ ਅਦਾਲਤ ਨੂੰ ਅਰਜ਼ੀ ਦੇ ਕੇ ਕੇਸ ਪ੍ਰਾਪਰਟੀ ਵਾਪਸ ਲੈ ਸਕਦੀਆਂ ਹਨ ਜਾਂ ਪੁਲਸ ਨਸ਼ਟ ਕਰ ਸਕਦੀ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੇਸ ਪ੍ਰਾਪਰਟੀ ਬਾਰੇ ਉਦੋਂ ਹੀ ਅਦਾਲਤ ਵੱਲੋਂ ਹੁਕਮਾਂ ਵਿੱਚ ਲਿਖਿਆ ਜਾਂਦਾ ਹੈ, ਪਰ ਉਨ੍ਹਾਂ ਜੱਜਮੈਂਟ ਪੜ੍ਹੀ ਨਹੀਂ ਅਤੇ ਨਾ ਚੋਲਾ ਨਸ਼ਟ ਕੀਤਾ ਹੈ। ਪੁਲਸ ਅੰਦਰਲੇ ਸੂਤਰ ਆਖਦੇ ਹਨ ਕਿ ਡੇਰਾ ਮੁਖੀ ਦਾ ਚੋਲਾ ਪੁਲਸ ਲਈ ਸਿਰਦਰਦ ਬਣਿਆ ਪਿਆ ਹੈ। ਐਸ ਐਸ ਪੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਕੇਸ ਸਮਾਪਤੀ ਮਗਰੋਂ ਕੋਈ ਵੀ ਧਿਰ ਕੇਸ ਪ੍ਰਾਪਰਟੀ ਵਜੋਂ ਪਏ ਚੋਲੇ ਨੂੰ ਲੈਣ ਨਹੀਂ ਆਈ ਅਤੇ ਉਨ੍ਹਾਂ ਨੇ ਵੀ ਜੱਜਮੈਂਟ ਨਹੀਂ ਵੇਖੀ।